ਤਿੰਨ ਸੂਬਿਆਂ 'ਚ ਕਾਂਗਰਸ ਜਿੱਤੀ ਨਹੀਂ, ਭਾਜਪਾ ਹਾਰੀ ਹੈ : ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ (ਆਪ) ਦੇ ਕੋ-ਆਰਡੀਨੇਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਸਣੇ ਹੋਰ ਪਾਰਟੀਆਂ ਦਾ ਮੂਲ ਚਰਿੱਤਰ...

Kejriwal

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕੋ-ਆਰਡੀਨੇਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਸਣੇ ਹੋਰ ਪਾਰਟੀਆਂ ਦਾ ਮੂਲ ਚਰਿੱਤਰ ਇਕੋ ਜਿਹਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਰਾਜਨੀਤੀ ਤੋਂ ਨਿਰਾਸ਼ ਜਨਤਾ ਹਰ ਚੋਣਾਂ ਵਿਚ ਸਿਰਫ਼ ਰਾਜ ਕਰ ਰਹੀ ਪਾਰਟੀ ਨੂੰ ਹਰਾਉਣ ਲਈ ਵੋਟ ਦੇਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿੱਛੇ ਜਿਹੇ ਤਿੰਨ ਰਾਜਾਂ ਦੀਆਂ ਚੋਣਾਂ ਵਿਚ ਜਨਤਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਇਆ ਹੈ, ਪਰ ਸਹੀ ਸ਼ਬਦਾਂ ਵਿਚ ਇਹ ਕਾਂਗਰਸ ਦੀ ਜਿੱਤ ਨਹੀਂ ਹੈ।

ਕੇਜਰੀਵਾਲ ਨੇ ਸਨਿਚਰਵਾਰ ਨੂੰ 'ਆਪ' ਦੀ ਨੈਸ਼ਨਲ ਕੌਂਸਲ ਨੀਤੀ 'ਰਾਸ਼ਟਰੀ ਪਰੀਸ਼ਦ' ਦੀ ਬੈਠਕ ਵਿਚ ਵੱਖ ਵੱਖ ਸੂਬਿਆਂ ਦੋਂ ਇਕੱਠੇ ਹੋਏ ਪਾਰਟੀ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿਚ ਦੇਸ਼ ਨਾਉਮੀਦ ਹੋ ਚੁੱਕਾ ਸੀ ਕਿਉਂਕਿ ਦੇਸ਼ ਦੀ ਰਾਜਨੀਤੀ ਅਜਿਹੀ ਹੋ ਗਈ ਸੀ ਕਿ ਹਰ ਪੰਜ ਸਾਲਾਂ ਵਿਚ ਜਨਤਾ ਸਰਕਾਰਾਂ ਬਦਲਣ ਲਈ ਮਜਬੂਰ ਹੋ ਗਈ। ਹੁਣ ਵੀ ਜੋ ਤਿੰਨ ਰਾਜਾਂ 'ਚ ਚੋਣ ਨਤੀਜੇ ਆਏ ਹਨ ਉਹ ਦਸਦੇ ਹਨ ਕਿ ਕਾਂਗਰਸ ਜਿੱਤੀ ਨਹੀਂ ਸਗੋਂ ਭਾਜਪਾ ਦੀ ਹਾਰ ਹੋਈ ਹੈ।

ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਚਾਰ ਸਾਲ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਜਨਤਾ ਦੀਆਂ ਉਮੀਦਾਂ 'ਤੇ ਖਰੇ ਉਤਰੇ ਹਨ ਜਿਸ ਵਜ੍ਹਾ ਕਾਰਨ ਹੀ 'ਐਂਟੀ-ਇੰਨਕੰਮਬੈਂਸੀ' (ਸੱਤਾ ਵਿਰੋਧੀ ਲਹਿਰ) ਦੀ ਧਾਰਨਾ ਹੁਣ 'ਪ੍ਰੋ-ਇੰਨਕੰਮਬੈਂਸੀ' 'ਚ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸੱਤਾ ਦੀ ਸਹੀ ਵਰਤੋਂ ਕਰ ਕੇ 'ਆਪ' ਨੇ ਲੋਕਾਂ ਦਾ ਇਹ ਭਰੋਸਾ ਜਿੱਤਿਆ ਹੈ।ਇਸ ਦੌਰਾਨ ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਕੰਮਕਾਜ ਵਿਚ ਕੇਂਦਰ ਸਰਕਾਰ ਵਲੋਂ ਰੁਕਾਵਟਾਂ ਪੈਦਾ ਕਰਨ ਅਤੇ ਕੇਂਦਰੀ ਜਾਂਚ ਏਜੰਸੀਆਂ ਤੋਂ 'ਆਪ' ਨੇਤਾਵਾਂ ਨੂੰ ਬੇਇੱਜ਼ਤ ਕਰਾਉਣ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦਿੱਲੀ ਸਰਕਾਰ ਦੀਆਂ 400 ਫ਼ਾਈਲਾਂ ਦੀ ਜਾਂਚ ਕਰਵਾ ਲਈ ਪਰ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਮਾਨਦਾਰੀ ਦਾ ਸਰਟੀਫ਼ੀਕੇਟ ਮੋਦੀ ਜੀ ਨੇ ਦਿਤਾ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਰਾਫ਼ੇਲ ਸਣੇ ਕਈ ਹੋਰ ਮਾਮਲਿਆਂ ਦੀਆਂ ਸਿਰਫ਼ ਚਾਰ ਫ਼ਾਈਲਾਂ ਹੀ ਵਿਖਾਉਣ ਦੀ ਚੁਨੌਤੀ ਦਿੰਦਿਆਂ ਕਿਹਾ ਕਿ ਤੁਸੀਂ ਦਿੱਲੀ ਸਰਕਾਰ ਦੀਆਂ 400 ਫ਼ਾਈਲਾਂ ਵੇਖ ਲਈਆਂ ਹੁਣ ਅਪਣੀਆਂ ਵੀ ਚਾਰ ਫ਼ਾਈਲਾਂ ਵਿਖਾ ਦਿਉ। ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਨੂੰ ਇਕ ਹੀ ਸਿੱਕੇ ਦੇ ਦੋ ਪਾਸੇ ਦਸਿਆ।

ਉਨ੍ਹਾਂ ਕਿਹਾ ਕਿ ਸਾਡੇ ਵਿਰੁਧ ਜਦੋਂ ਵੀ ਪੁਲਿਸ ਦਾ ਛਾਪਾ ਪੈਂਦਾ ਹੈ ਤਾਂ ਸੱਭ ਤੋਂ ਪਹਿਲਾਂ ਕਾਂਗਰਸੀ ਜਸ਼ਨ ਮਨਾਉਂਦੇ ਹਨ। ਇਸ ਦੌਰਾਨ ਕੇਜਰੀਵਾਲ ਨੇ ਸ਼ੁਕਰਵਾਰ ਰਾਤ ਨੂੰ ਹਰਿਆਣਾ 'ਚ 'ਆਪ' ਵਰਕਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿੰਦਿਆ ਕੀਤੀ। ਉਨ੍ਹਾਂ ਹਰਿਆਣੇ ਦੀ ਖੱਟਰ ਸਰਕਾਰ 'ਤੇ ਜਾਤੀਵਾਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਸੋਸ਼ਲ ਮੀਡੀਆ 'ਤੇ ਖੱਟਰ ਵਿਰੋਧੀ ਬਿਆਨਬਾਜ਼ੀ ਕਰਨ ਦੇ ਦੋਸ਼ਾਂ 'ਚ ਆਪ ਦੇ 40 ਵਰਕਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕਰਦਿਆਂ ਭਾਜਪਾ 'ਤੇ ਪੂਰੇ ਦੇਸ਼ ਵਿਚ ਅਤਿਵਾਦ ਦਾ ਮਾਹੌਲ ਬਣਾਉਣ ਦਾ ਦੋਸ਼ ਲਾਇਆ।