ਹੁਣ ਹਵਾਈ ਅੱਡਿਆਂ 'ਤੇ ਪਹਿਲਾਂ ਸਥਾਨਕ ਭਾਸ਼ਾ 'ਚ ਹੋਵੇਗੀ ਅਨਾਊਂਸਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਅਪਣੇ ਅਧੀਨ ਆਉਂਦੇ ਸਾਰੇ ਹਵਾਈ ਅੱਡਿਆਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਪਹਿਲਾਂ ਸਥਾਨਕ ਭਾਸ਼ਾ ਵਿਚ ਕੋਈ ਜਨਤਕ ਐਲਾਨ ਕਰਨਗੇ

AAI

ਨਵੀਂ ਦਿੱਲੀ : ਸਰਕਾਰ ਦੇ ਸਾਰੇ ਹਵਾਈ ਅੱਡਿਆਂ ਨੂੰ ਕਿਸੇ ਵੀ ਸੂਚਨਾ ਬਾਰੇ ਜਾਣਕਾਰੀ ਦੇਣ ਲਈ ਸੱਭ ਤੋਂ ਪਹਿਲਾਂ ਸਥਾਨਕ ਭਾਸ਼ਾ ਵਿਚ ਜਨਤਕ ਐਲਾਨ ਕਰਨ ਦਾ ਨਿਰਦੇਸ਼ ਦਿਤਾ ਹੈ। ਸਥਾਨਕ ਭਾਸ਼ਾ ਤੋਂ ਬਾਅਦ ਹਵਾਈ ਅੱਡਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿਚ ਜਨਤਕ ਐਲਾਨ ਕਰਨੇ ਪੈਣਗੇ। ਇਸ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਨਿਰਦੇਸ਼ ਦਿਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ

ਅਪਣੇ ਅਧੀਨ ਆਉਂਦੇ ਸਾਰੇ ਹਵਾਈ ਅੱਡਿਆਂ ਨੂੰ ਨਿਰਦੇਸ਼ ਦਿਤਾ ਹੈ ਕਿ ਉਹ ਪਹਿਲਾਂ ਸਥਾਨਕ ਭਾਸ਼ਾ ਵਿਚ ਕੋਈ ਜਨਤਕ ਐਲਾਨ ਕਰਨਗੇ ਅਤੇ ਉਸ ਤੋਂ ਬਾਅਦ ਹਿੰਦੀ ਅਤੇ ਅੰਗਰੇਜ਼ੀ ਵਿਚ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਿਜੀ ਹਵਾਈ ਅੱਡਿਆਂ ਦੇ ਆਪਰੇਟਰਾਂ ਨੂੰ ਵੀ ਕਿਹਾ ਹੈ ਕਿ ਉਹ ਸਾਰੇ ਜਨਤਕ ਐਲਾਨ ਪਹਿਲਾਂ ਸਥਾਨਕ ਭਾਸ਼ਾਵਾਂ ਵਿਚ ਕਰਨ। ਪ੍ਰਭੂ ਨੇ ਏਏਆਈ ਨੂੰ ਨਿਰਦੇਸ਼ ਦਿਤਾ ਸੀ ਕਿ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਕਿਸੇ ਤਰ੍ਹਾਂ ਦੀ ਸੂਚਨਾ ਅਤੇ ਜਾਣਕਾਰੀ ਸੱਭ ਤੋਂ ਪਹਿਲਾਂ ਸਥਾਨਕ ਭਾਸ਼ਾ ਵਿਚ ਦਿਤੀ ਜਾਵੇ।

ਉਸ ਤੋਂ ਬਾਅਦ ਹਿੰਦੀ ਅਤੇ ਅੰਗਰੇਜ਼ੀ ਵਿਚ। ਇਹ ਨਿਰਦੇਸ਼ ਅਜਿਹੇ ਸ਼ਾਂਤ ਹਵਾਈ ਅੱਡਿਆਂ ਤੇ ਲਾਗੂ ਨਹੀਂ ਹੋਵੇਗਾ ਜਿਥੇ ਜਨਤਕ ਐਲਾਨ ਨਹੀਂ ਕੀਤੇ ਜਾਂਦੇ ਹਨ। ਦੱਸ ਦਈਏ ਕਿ ਏਏਆਈ ਨੇ 2016 ਵਿਚ ਸਰਕੂਲਰ ਜ਼ਾਰੀ ਕਰ ਕੇ ਅਪਣੇ ਅਧੀਨ ਆਉਣ ਵਾਲੇ ਹਵਾਈ ਅੱਡਿਆਂ ਤੋਂ ਜਨਤਕ ਐਲਾਨ ਪਹਿਲਾਂ ਸਥਾਨਕ ਭਾਸ਼ਾਵਾਂ ਅਤੇ ਉਸ ਤੋਂ ਬਾਅਦ ਹਿੰਦੀ ਅਤੇ ਅੰਗਰੇਜ਼ੀ ਵਿਚ ਕਰਨ ਨੂੰ ਕਿਹਾ ਸੀ। ਸਰਕਾਰ ਨੇ ਹਵਾਈ ਅੱਡਿਆਂ 'ਤੇ ਜਨਤਕ ਐਲਾਨ ਸਥਾਨਕ ਭਾਸ਼ਾ ਵਿਚ ਵੀ ਕੀਤੇ ਜਾਣ ਦੀ ਮੰਗ ਕਈ ਵਾਰ ਕੀਤੀ ਹੈ।