ਕੇਰਲ 'ਚ ਨਵਾਂ ਹਵਾਈ ਅੱਡਾ, 4 ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਪਹਿਲਾ ਰਾਜ
ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਆਸ ਪ੍ਰਗਟਾਈ ਕਿ ਕਨੂਰ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਰਾਜ, ਖਾਸਕਰ ਉਤਰੀ ਖੇਤਰਾਂ ਦੇ ਵਿਕਾਸ ਵਿਚ ਤੇਜੀ ਆਵੇਗੀ।
ਕੇਰਲ, ( ਪੀਟੀਆਈ) : ਕੇਰਲ ਦੇ ਮੁਖ ਮੰਤਰੀ ਪਿਨਾਰਾਈ ਵਿਜੇਯਨ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਕਨੂਰ ਅੰਤਰਰਾਸ਼ਰਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਕਨੂਰ ਵਿਚ ਬਣੇ ਇਸ ਨਵੇਂ ਹਵਾਈਅੱਡੇ ਦੇ ਨਾਲ ਹੀ ਕੇਰਲ ਭਾਰਤ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ ਜਿਥੇ ਚਾਰ ਅਤੰਰਰਾਸ਼ਟਰੀ ਹਵਾਈ ਅੱਡੇ ਹਨ। ਏਅਰ ਇੰਡੀਆ ਦੇ ਜਹਾਜ਼ ਨੇ 180 ਯਾਤਰੀਆਂ ਦੇ ਨਾਲ ਆਬੂ ਧਾਬੀ ਲਈ ਉਡਾਨ ਭਰੀ। ਇਸ ਪਹਿਲੀ ਉਡਾਨ ਮੌਕੇ ਯਾਤਰੀਆਂ ਨੂੰ ਤੋਹਫੇ ਵੀ ਦਿਤੇ ਗਏ।
ਰਾਜ ਵਿਚ ਤਿਰੁਵੰਨਤਪੁਰਮ , ਕੋਚੀ ਅਤੇ ਕੋਝਿਕੋਡ ਤੋਂ ਬਾਅਦ ਕਨੂਰ ਚੌਥਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਆਬੂ ਧਾਬੀ ਲਈ ਉਡਾਨ ਭਰਨ ਤੋਂ ਪਹਿਲਾਂ ਇਥੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿਚ ਰਾਜਨੇਤਾਵਾਂ ਸਮਤੇ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਹਵਾਈ ਅੱਡੇ ਤੋਂ ਸੰਯੁਕਤ ਅਰਬ ਅਮੀਰਾਤ, ਓਮਾਨ, ਕਤਰ ਤੋਂ ਇਲਾਵਾ ਹੈਦਰਾਬਾਦ, ਬੈਂਗਲੁਰੂ ਅਤੇ ਮੁੰਬਈ ਲਈ ਵੀ ਘਰੇਲੂ ਉਡਾਨਾਂ ਵੀ ਚਲਾਈਆਂ ਜਾਣਗੀਆਂ। ਕਨੂਰ ਹਵਾਈ ਅੱਡੇ ਤੋਂ ਹਰ ਸਾਲ 15 ਲੱਖ ਤੋਂ ਜਿਆਦਾ ਵਿਦੇਸ਼ੀ ਯਾਤਰੀਆਂ ਦੀ ਆਵਾਜਾਈ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਸੈਰ ਸਪਾਟਾ ਉਦਯੋਗ ਦੇ ਵਧਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਆਸ ਪ੍ਰਗਟਾਈ ਕਿ ਕਨੂਰ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਰਾਜ, ਖਾਸਕਰ ਉਤਰੀ ਖੇਤਰਾਂ ਦੇ ਵਿਕਾਸ ਵਿਚ ਤੇਜੀ ਆਵੇਗੀ। ਇਸ ਹਵਾਈ ਅੱਡੇ ਦਾ ਨਿਰਮਾਣ ਪੀਪੀਪੀ ਮਾਡਲ 'ਤੇ ਕੀਤਾ ਗਿਆ ਹੈ। ਮੁਖ ਮੰਤਰੀ ਵਿਜਯਨ ਨੇ ਕਿਹਾ ਕਿ ਇਥੋਂ ਵਿਦੇਸ਼ੀ ਹਵਾਈ ਉਡਾਨ ਦੀ ਸੇਵਾ ਸ਼ੁਰੂ ਕਰਨ ਲਈ ਜਦ ਉਹਨਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤਾਂ ਪੀਐਮ ਨੇ ਇਸ 'ਤੇ ਸਹਿਮਤੀ ਪ੍ਰਗਟ ਕੀਤੀ ਸੀ।
ਰਾਜ ਦੀ ਇਸ ਪਰਿਯੋਜਨਾ ਨੂੰ ਪੂਰਾ ਕਰਨ ਵਿਚ ਸਹਿਯੋਗ ਦੇਣ ਲਈ ਉਹਨਾਂ ਨੇ ਕੇਂਦਰੀ ਮੰਤਰੀ ਪ੍ਰਭੂ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮੁਖ ਮੰਤਰੀ ਨੇ ਇਸ ਮੌਕੇ 'ਤੇ ਕੇਂਦਰ ਨੂੰ ਤਿਰੁਵੰਨਤਪੁਰਮ ਹਵਾਈ ਅੱਡੇ ਨੂੰ ਪੀਪੀਪੀ ਮਾਡਲ 'ਤੇ ਲੀਜ਼ 'ਤੇ ਨਾ ਦੇਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਰਾਜ ਸਰਕਾਰ ਹਵਾਈ ਅੱਡੇ ਦਾ ਬਿਹਤਰ ਪ੍ਰਬੰਧਨ ਕਰ ਸਕਦੀ ਹੈ।