ਅਪੋਲੋ ਹਸਪਤਾਲ ਅਤੇ ਤਾਮਿਲਨਾਡੂ ਦੇ ਸਕੱਤਰ 'ਤੇ ਲਗਾ ਜੈਲਲਿਤਾ ਦੀ ਮੌਤ ਦੀ ਸਾਜਸ਼ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਿਹਤ ਸਕੱਤਰ ਨੇ ਪੈਨਲ ਦੇ ਸਾਹਮਣੇ ਵਿਵਾਦਗ੍ਰਸਤ ਬਿਆਨ ਦਿਤੇ ਅਤੇ ਉਹ ਜੈਲਲਿਤਾ ਨੂੰ ਇਲਾਜ ਲਈ ਵਿਦੇਸ਼ ਲੈ ਜਾਣ ਦੇ ਵਿਰੁਧ ਵੀ ਸਨ।

Jayalalitha

ਚੈਨਈ  : ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੀ ਜਾਂਚ ਕਰ ਰਹੇ ਜਾਂਚ ਆਯੋਗ ਦੇ ਵਕੀਲ ਨੇ ਇਕ ਪਟੀਸ਼ਨ ਵਿਚ ਦੋਸ਼ ਲਗਾਇਆ ਹੈ ਕਿ ਤਾਮਿਲਨਾਡੂ ਦੇ ਸਿਹਤ ਸਕੱਤਰ ਜੇ.ਰਾਧਾਕ੍ਰਿਸ਼ਨ ਨੇ ਅਪੋਲੋ ਹਸਪਤਾਲ ਦੇ ਨਾਲ ਮਿਲ ਕੇ ਸਾਜਸ਼ ਕੀਤੀ ਹੈ। ਆਯੋਗ ਨੇ ਇਹ ਵੀ ਦੋਸ਼ ਲਗਾਇਆ ਕਿ 2016 ਵਿਚ ਜੈਲਲਿਤਾ ਨੂੰ ਹਸਪਤਾਲ ਵਿਚ ਭਰਤੀ ਕੀਤੇ ਜਾਣ ਸਮੇਂ ਉਸ ਵੇਲ੍ਹੇ ਦੇ ਮੁੱਖ ਸਕੱਤਰ ਪੀ ਰਾਮ ਮੋਹਨ ਰਾਓ ਨੇ ਜਾਣ ਬੁੱਝ ਕੇ ਝੂਠੇ ਸਬੂਤ ਦਿਤੇ। ਇਹਨਾਂ ਦੋਸ਼ਾਂ ਦਾ ਸਿਹਤ ਸਕੱਤਰ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਜ਼ੋਰਦਾਰ ਖੰਡਨ ਕੀਤਾ ਗਿਆ ਹੈ।

ਜਦਕਿ ਸਾਬਕਾ ਮੁੱਖ ਸਕੱਤਰ ਨੇ ਕਿਹਾ ਹੈ ਕਿ ਉਹਨਾਂ ਨੂੰ ਪਟੀਸ਼ਨ ਦੀ ਜਾਣਕਾਰੀ ਨਹੀਂ ਹੈ। ਜਸਟਿਸ ਏ. ਅਰਮੁਗਸਵਾਸੀ ਆਯੋਗ ਦੇ ਸਥਾਈ ਵਕੀਲ ਮੁਹੰਮਦ ਜਫਰ ਉੱਲਾ ਖਾਨ ਨੇ ਪੈਨਲ ਦੇ ਸਾਹਮਣੇ ਦਾਖਲ ਪਟੀਸ਼ਨ ਵਿਚ ਰਾਧਾਕ੍ਰਿਸ਼ਨਨ ਅਤੇ ਰਾਓ 'ਤੇ ਮਾਮਲਾ ਚਲਾਉਣ ਦੀ ਮੰਗ ਕੀਤੀ ਹੈ। ਵਕੀਲ ਦੀ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਿਹਤ ਸਕੱਤਰ ਨੇ ਪੈਨਲ ਦੇ ਸਾਹਮਣੇ ਵਿਵਾਦਗ੍ਰਸਤ ਬਿਆਨ ਦਿਤੇ ਅਤੇ ਉਹ ਜੈਲਲਿਤਾ ਨੂੰ ਇਲਾਜ ਲਈ ਵਿਦੇਸ਼ ਲੈ ਜਾਣ ਦੇ ਵਿਰੁਧ ਵੀ ਸਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਸਪਸ਼ਟ ਹੈ ਕਿ

ਸਿਹਤ ਸਕੱਤਰ ਦੀ ਗਵਾਹੀ ਨਾ ਸਿਰਫ ਵਿਵਾਦਗ੍ਰਸਤ ਹੈ ਸਗੋਂ ਉਹ ਸਵਰਗਵਾਸੀ ਮੁੱਖ ਮੰਤਰੀ ਦੇ ਅਣਉਚਿਤ ਇਲਾਜ ਦੇ ਸਬੰਧ ਵਿਚ ਸਿਹਤ ਸਕੱਤਰ ਅਤੇ ਅਪੋਲੋ ਹਸਪਤਾਲ ਵਿਚਕਾਰ ਮਿਲੀਭੁਗਤ ਦਾ ਸੰਕੇਤ ਵੀ ਦਿੰਦੀ ਹੈ। ਰਾਧਾਕ੍ਰਿਸ਼ਨਨ ਨੇ ਇਸ ਨੂੰ ਬੇਬੁਨਿਆਦ ਅਤੇ ਮਾਨਹਾਨੀਕਾਰਕ ਕਰਾਰ ਦਿਤਾ ਹੈ। ਅਪੋਲੋ ਹਸਪਤਾਲ ਨੇ ਵੀ ਬਿਆਨ ਜਾਰੀ ਕਰ ਕੇ ਦੋਸ਼ਾਂ ਦਾ ਖੰਡਨ ਕੀਤਾ।

ਹਸਪਤਾਲ ਨੇ ਬਿਆਨ ਵਿਚ ਕਿਹਾ ਕਿ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਆਯੋਗ ਅਪਣੇ ਆਪ ਹੀ ਹੋਰਨਾਂ ਪੱਖਾਂ ਵਿਰੁਧ ਇਹ ਪਟੀਸ਼ਨ ਦਾਖਲ ਕਰ ਰਿਹਾ ਹੈ। ਰਾਓ ਨੇ ਕਿਹਾ ਕਿ ਮੈਂ ਸ਼ਹਿਰ ਤੋਂ ਬਾਹਰ ਹਾਂ ਅਤੇ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ। ਜੈਲਲਲਿਤਾ ਦੀ ਪੰਜ ਦਸੰਬਰ 2016 ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਨਾਮੁਦਰਕ ਸਰਕਾਰ ਨੇ ਉਹਨਾਂ ਦੀ ਮੌਤ ਸਬੰਧੀ ਦੋਸ਼ ਅਤੇ ਸ਼ੱਕ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਆਯੋਗ ਦਾ ਗਠਨ ਕੀਤਾ ਸੀ।