ਜਨਰਲ ਵਿਪਿਨ ਰਾਵਤ ਬਣੇ ਦੇਸ਼ ਦੇ ਪਹਿਲੇ ਸੀਡੀਐਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਕੀਤੀ ਨਿਯਕਤੀ

file photo

ਨਵੀਂ ਦਿੱਲੀ : ਦੇਸ਼ ਅੰਦਰ ਪਹਿਲੇ ਚੀਫ਼ ਆਫ ਡਿਫੈਂਸ ਸਟਾਫ਼ (ਸੀਡੀਐਸ) ਦੀ ਨਿਯੁਕਤੀ ਕਰ ਦਿਤੀ ਗਈ ਹੈ। ਕੇਂਦਰ ਸਰਕਾਰ ਨੇ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੂੰ ਦੇਸ਼ ਦਾ ਪਹਿਲਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (ਸੀਡੀਐਸ) ਨਿਯੁਕਤ ਕਰ ਦਿਤਾ ਹੈ। ਉਨ੍ਹਾਂ ਦੀ ਨਿਯੁਕਤੀ ਬਾਰੇ ਕੈਬਨਟਿ ਕਮੇਟੀ ਆਨ ਸਕਿਓਰਿਟੀ ਨੂੰ ਪਹਿਲਾਂ ਹੀ ਹਰੀ ਝੰਡੀ ਮਿਲ ਚੁੱਕੀ ਸੀ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਸਾਲ ਲਾਲ ਕਿਲੇ ਤੇ ਸਮਾਗਮ ਦੌਰਾਨ ਸੀਡੀਐੱਸ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਸਤੰਬਰ 2016 'ਚ ਦੇਸ਼ ਦੇ 27ਵੇਂ ਥਲ ਸੈਨਾ ਮੁਖੀ ਭਾਰਤੀ ਫ਼ੌਜ ਦੇ ਵਾਈਸ ਚੀਫ਼ ਬਣੇ ਸਨ। ਜਨਰਲ ਦਲਬੀਰ ਸਿੰਘ ਸੁਹਾਗ ਦੇ ਰਿਟਾਇਰ ਹੋਣ ਤੋਂ ਬਾਅਦ ਜਨਰਲ ਬਿਪਿਨ ਰਾਵਤ ਨੇ 31 ਦਸੰਬਰ, 2016 ਨੂੰ ਭਾਰਤੀ ਫ਼ੌਜ ਦੀ ਕਮਾਂਡ ਸੰਭਾਲੀ ਸੀ।

ਜਨਰਲ ਰਾਵਤ ਦਾ ਪਿਛੋਕੜ ਵੀ ਫ਼ੌਜੀ ਪਰਿਵਾਰ ਵਿਚੋਂ ਹੈ। ਉਨ੍ਹਾਂ ਦਾ ਪਰਵਾਰ ਕਈ ਪੀੜ੍ਹੀਆਂ ਤੋਂ ਫ਼ੌਜੀ ਸੇਵਾਵਾਂ ਨਿਭਾਅ ਰਿਹਾ ਹੈ। ਜਨਰਲ ਰਾਵਤ ਦੇ ਪਿਤਾ ਲੈਫ਼ਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਕਈ ਸਾਲਾਂ ਤਕ ਭਾਰਤੀ ਫ਼ੌਜ ਵਿਚ ਰਹੇ ਸਨ।

ਜਨਰਲ ਬਿਪਿਨ ਰਾਵਤ ਇੰਡੀਅਨ ਮਿਲਟਰੀ ਅਕੈਡਮੀ ਤੇ ਡਿਫ਼ੈਂਸ ਸਰਵਿਸਜ਼ ਸਟਾਫ ਕਾਲਜ ਵਿਚ ਪੜ੍ਹ ਚੁੱਕੇ ਹਨ। ਉਨ੍ਹਾਂ ਮਦਰਾਸ ਯੂਨੀਵਰਸਿਟੀ ਤੋਂ ਡਿਫ਼ੈਂਸ ਸਰਵਿਸੇਜ਼ ਵਿਚ ਐੱਮ.ਫ਼ਿਲ. ਕੀਤੀ ਹੈ।

ਜਨਰਲ ਬਿਪਿਨ ਰਾਵਤ ਦਾ ਜਨਮ ਉਤਰਾਖੰਡ ਦੇ ਪੌੜੀ (ਗੜ੍ਹਵਾਲ) ਵਿਖੇ ਹੋਇਆ ਸੀ। ਉਨ੍ਹਾਂ ਦੇਹਰਾਦੂਨ ਦੇ ਕੈਂਬਰੀਅਨ ਹਾਲ ਸਕੂਲ, ਸੇਂਟ ਐਡਵਰਡਜ਼ ਸਕੂਲ ਸ਼ਿਮਲਾ, ਨੈਸ਼ਨਲ ਡਿਫ਼ੈਂਸ ਅਕੈਡਮੀ ਖੜਕਵਾਲਾ ਤੇ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਤੋਂ ਅਕਾਦਮਿਕ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ।

ਦੇਹਰਾਦੂਨ ਦੀ ਅਕੈਡਮੀ 'ਚ ਜਨਰਲ ਰਾਵਤ ਨੂੰ 'ਸਵੋਰਡ ਆੱਫ਼ ਆੱਨਰ' ਲੈਣ ਦਾ ਮਾਣ ਵੀ ਹਾਸਲ ਹੋਇਆ ਸੀ। ਉਹ ਵੇਲਿੰਗਟਨ ਦੇ ਡਿਫ਼ੈਂਸ ਸਰਵਿਸੇਜ਼ ਸਟਾਫ਼ ਕਾਲਜ ਅਤੇ ਫ਼ੋਰਟ ਲੀਵਨਵਰਥ–ਕਾਨਸਾਸ ਸਥਿਤ ਯੂਨਾਈਟਿਡ ਸਟੇਟਸ ਆਰਮੀ ਕਮਾਂਡ ਐਂਡ ਜਨਰਲ ਸਟਾਫ਼ ਕਾਲਜ ਦੇ ਵੀ ਗ੍ਰੈਜੂਏਟ ਹਨ।

ਕਾਬਲੇਗੌਰ ਹੈ ਕਿ ਦੇਸ਼ ਅੰਦਰ ਸੀਡੀਐਸ ਦੇ ਅਹੁਦੇ ਦੀ ਸਭ ਤੋਂ ਪਹਿਲਾਂ ਜ਼ਰੂਰਤ 1999 'ਚ ਵਾਜਪਾਈ ਸਰਕਾਰ ਵੇਲੇ ਪਾਕਿਸਤਾਨ ਨਾਲ ਲੜੀ ਗਈ ਕਾਰਗਿਲ ਜੰਗ ਦੌਰਾਨ ਮਹਿਸੂਸ ਹੋਈ ਸੀ। ਇਹ ਨਿਯੁਕਤੀ ਦੇਸ਼ ਦੀਆਂ ਤਿੰਨੋਂ ਸੈਨਾਵਾਂ ਹਵਾਈ ਸੈਨਾ, ਜਲ ਸੈਨਾ ਤੇ ਥਲ ਸੈਨਾ ਵਿਚਾਲੇ ਬਿਹਤਰ ਤਾਲਮੇਲ ਬਿਠਾਉਣ ਖਾਤਰ ਕੀਤੀ ਗਈ ਹੈ। ਮੋਦੀ ਸਰਕਾਰ ਨੇ ਦੇਸ਼ ਦੀ ਇਸ ਚਰੌਕਣੀ ਜ਼ਰੂਰਤ ਨੂੰ ਅੰਜ਼ਾਮ ਤਕ ਪਹੁੰਚਾ ਕੇ ਵਾਜਪਾਈ ਸਰਕਾਰ ਦੇ ਅਧੂਰੇ ਸੁਪਨੇ ਨੂੰ ਪੂਰਾ ਕੀਤਾ ਹੈ।