ਕਿਸਾਨ ਆਗੂਆਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਜਾਰੀ, ਖੇਤੀ ਕਾਨੂੰਨ ਵਾਪਸ ਲੈਣ ’ਤੇ ਅੜ ਸਕਦੈ ਪੇਚ
ਚਰਮ ਸੀਮਾ ’ਤੇ ਪਹੁੰਚਿਆ ਸਰਕਾਰ ’ਤੇ ਦਬਾਅ, ਸੁਖਾਵੀਆਂ ਫ਼ੋਟੋਆਂ ਆਈਆਂ ਸਾਹਮਣੇ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਚੱਲ ਰਹੀ ਹੈ। ਮੀਟਿੰਗ ਦੌਰਾਨ ਬਾਹਰ ਆ ਰਹੀਆਂ ਤਸਵੀਰਾਂ ਮੁਤਾਬਕ ਭਾਵੇਂ ਸਰਕਾਰ ਦੇ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਸੁਖਾਵੇਂ ਮਾਹੌਲ ਵਿਚ ਮੀਟਿੰਗ ਚੱਲ ਰਹੀ ਹੈ, ਪਰ ਸਰਕਾਰ ਨੇ ਅਜੇ ਤਕ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਸਬੰਧੀ ਕੋਈ ਹਾਮੀ ਨਹੀਂ ਭਰੀ ਜਾਂ ਉਹ ਅਜੇ ਟਾਲ-ਮਟੋਲ ਦੀ ਸਥਿਤੀ ਵਿਚ ਹਨ। ਮੀਟਿੰਗ ਦਾ ਸੁਖਾਵਾਂ ਵੱਖ ਇਹ ਨਜ਼ਰ ਆ ਰਿਹੈ ਕਿ ਅੱਜ ਕਿਸਾਨ ਆਗੂਆਂ ਅਤੇ ਮੰਤਰੀਆਂ ਨੇ ਇਕੱਠੇ ਲੰਗਰ ਛਕਿਆ ਹੈ। ਦੋਵੇਂ ਧਿਰਾਂ ਦੀਆਂ ਇਕੱਠੇ ਲੰਗਰ ਛਕਦਿਆਂ ਦੀਆਂ ਤਸਵੀਰਾਂ ਭਾਵੇਂ ਸੁਖਾਵੀਆਂ ਜਾਪ ਰਹੀਆਂ ਹਨ ਪਰ ਕਿਸਾਨੀ ਸੰਘਰਸ਼ ’ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਮੁਤਾਬਕ ਸਰਕਾਰ ਏਨੀ ਛੇਤੀ ਮਸਲੇ ਦਾ ਹੱਲ ਕਰਨ ਦੇ ਮੂੜ ਵਿਚ ਨਹੀਂ ਜਾਪਦੀ। ਇਸੇ ਦੌਰਾਨ ਸਰਕਾਰ ਵਲੋਂ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਣ ਦੀਆਂ ਕਨਸੋਆ ਸਾਹਮਣੇ ਆਈਆਂ ਹਨ। ਸਰਕਾਰ ਦੇ ਇਸ ਕਦਮ ਨੂੰ ਸੁਪਰੀਮ ਕੋਰਟ ਦੇ ਸੁਝਾਅ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਰਕਾਰ ਕਮੇਟੀ ਬਣਾ ਕੇ ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਨੂੰ ਟਾਲਣ ਦੇ ਰੌਅ ਵਿਚ ਹੈ।
ਸੱਤਾਧਾਰੀ ਧਿਰ ਦੇ ਬਦਲੇ ਤੇਵਰਾਂ ਨੂੰ ਸਰਕਾਰ ’ਤੇ ਪਏ ਬੇਤਹਾਸ਼ਾ ਦਬਾਅ ਦਾ ਪ੍ਰਤੀਕਰਮ ਮੰਨਿਆ ਜਾ ਰਿਹਾ ਹੈ। ਸੀਤ ਲਹਿਰ ਦੇ ਚਰਮ ਸੀਮਾ ’ਤੇ ਪਹੰੁਚਣ ਦੇ ਬਾਵਜੂਦ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦੀ ਭੀੜ ਵਧਦੀ ਜਾ ਰਹੀ ਹੈ। ਵੱਡੀ ਗਿਣਤੀ ਲੋਕ ਲਗਾਤਾਰ ਦਿੱਲੀ ਵੱਖ ਕੂਚ ਕਰ ਰਹੇ ਹਨ। ਇੰਨਾ ਹੀ ਨਹੀਂ, ਮੋਦੀ ਸਰਕਾਰ ਦਾ ਪੁਰਾਣੇ ਭਾਈਵਾਲਾਂ ਨੇ ਵੀ ਸਰਕਾਰ ’ਤੇ ਤਿੱਖੇ ਹਮਲੇ ਜਾਰੀ ਕਰ ਦਿਤੇ ਹਨ। ਬਠਿੰਡਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਦੋਲਨਕਾਰੀ ਕਿਸਾਨਾਂ ਦੀ ਗੱਲ ਮੰਨਣ ਲਈ ਕਿਹਾ ਹੈ। ਉਨ੍ਹਾਂ ਮੋਦੀ ਨੂੰ ਕਿਹਾ ਹੈ ਕਿ ਜਮਹੂਰੀਅਤ ਵਿਚ ਲੋਕਾਂ ਦੀ ਮਰਜ਼ੀ ਹੀ ਸਭ ਤੋਂ ਉੱਪਰ ਹੁੰਦੀ ਹੈ।
ਬੀਬਾ ਹਰਸਿਮਰਤ ਬਾਦਲ ਨੇ ਕਿਹਾ ਕਿ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪ੍ਰਧਾਨ ਮੰਤਰੀ ਦੇ ਦਰਵਾਜੇ ’ਤੇ ਬੈਠੇ ਹਨ, ਉਨ੍ਹਾਂ ਨੂੰ ਲੰਮੇ ਸਮੇਂ ਤਕ ਇੰਨੀ ਤਕਲੀਫ ਵਿਚ ਨਹੀਂ ਰੱਖਣਾ ਚਾਹੀਦਾ। ਹਰਸਿਰਮਰਤ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਮੋਦੀ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੀਆਂ ਚਿਤਾਵਨੀਆਂ ਵੱਲ ਧਿਆਨ ਦਿਤਾ ਹੁੰਦਾ ਤਾਂ ਇਸ ਅੰਦੋਲਨ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਂਤਮਈ ਅੰਦੋਲਨ ਨੇ ਭਾਰਤ ਦਾ ਦਿਲ ਜਿੱਤ ਲਿਆ ਹੈ ਤੇ ਇਹ ਦੁਨੀਆ ਲਈ ਮਿਸਾਲ ਬਣ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਾਲ ਸਿੱਧੇ ਗੱਲਬਾਤ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨੀ ਸੰਘਰਸ਼ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹੁਣ ਸਿਰਫ਼ ਕਿਸਾਨ ਨਹੀਂ , ਸਗੋਂ ਸਾਰੇ ਲੋਕ ਇਨ੍ਹਾਂ ਦੇ ਵਿਰੋਧ ’ਚ ਉੱਤਰ ਆਏ ਹਨ। ਕਿਸਾਨਾਂ ਦੇ ਅੰਦੋਲਨ ਨੂੰ ਇਸ ਸਮੇਂ ਇਕ ਭਾਵਨਾਤਮਕ ਸਾਥ ਮਿਲ ਗਿਆ ਹੈ। ਕਈ ਅਫ਼ਸਰ ਆਪਣੀਆਂ ਡਿਊਟੀਆਂ ਛੱਡ ਕੇ ਬਾਰਡਰ ’ਤੇ ਲੱਗੇ ਮੋਰਚੇ ’ਚ ਡਟੇ ਹੋਏ ਹਨ। ਇਨ੍ਹਾਂ ’ਚ ਕੋਈ ਡਾਕਟਰ ਹੈ ਤਾਂ ਕੋਈ ਵਕੀਲ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਹੁਣ ਕਿਸਾਨ ਅਤੇ ਕਿਸਾਨੀ ਦੇ ਹੱਕ ’ਚ ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ।
ਕਿਸਾਨੀ ਸੰਘਰਸ਼ ਦੀ ਲਾਮਬੰਦੀ ’ਤੇ ਪ੍ਰਤੀਕਰਮ ਜਾਹਰ ਕਰਦਿਆਂ 30 ਸਾਲਾਂ ਦੇ ਸਿਆਸੀ ਕਰੀਅਰ ’ਚ ਮੈਂ ਪਹਿਲਾਂ ਕਦੇ ਇੰਨੀ ਵੱਡੀ ਮੂਵਮੈਂਟ ਨਹੀਂ ਵੇਖੀ, ਜੋ ਇਸ ਸਮੇਂ ਬਣ ਗਈ ਹੈ। ਇਹ ਇਕ ਇਤਿਹਾਸਕ ਅੰਦੋਲਨ ਹੈ। ਤੂਫ਼ਾਨ ਵਾਂਗ ਫ਼ੈਲ ਰਹੇ ਇਸ ਅੰਦੋਲਨ ’ਚ ਦੇਸ਼ ਦੇ ਹਰ ਹਿੱਸੇ ’ਚੋਂ ਕਿਸਾਨ ਸ਼ਾਮਲ ਹੋ ਰਹੇ ਹਨ। ਕੋਈ ਰਾਜਸਥਾਨ ਤੋਂ ਤਾਂ ਕੋਈ ਮਹਾਰਾਸ਼ਟਰ ਤੋਂ ਪੈਦਲ ਚੱਲ ਕੇ ਇਸ ਅੰਦੋਲਨ ’ਚ ਹਿੱਸਾ ਲੈਣ ਆ ਰਿਹਾ ਹੈ। ਹੁਣ ਜੋ ਸਵਾਲ ਹੈ ਕਿ ਇਸ ਅੰਦੋਲਨ ਦਾ ਹੋਵੇਗਾ ਕੀ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲਤਫ਼ਹਿਮੀ ’ਚ ਹਨ। ਉਨ੍ਹਾਂ ਦੀ ਇਹ ਸੋਚ ਗਲਤ ਹੈ ਕਿ ਕਿਸਾਨ ਕਿੰਨੀ ਦੇਰ ਤਕ ਬੈਠ ਜਾਣਗੇ। ਉਹ ਇਹ ਨਹੀਂ ਜਾਣਦੇ ਕਿ ਇਹ ਜਨਤਾ ਜੋ ਭਾਵਨਾਤਮਕ ਤੌਰ ’ਤੇ ਅੰਦੋਲਨ ’ਚ ਡਟ ਗਈ ਹੈ, ਹੁਣ ਕਾਨੂੰਨ ਵਾਪਸ ਹੋਣ ਤੋਂ ਬਾਅਦ ਹੀ ਪਰਤੇਗੀ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਜ਼ਿਦ ਅਤੇ ਹੈਂਕੜ ਛੱਡ ਕੇ ਕਿਸਾਨਾਂ ਦੀ ਗੱਲ ਛੇਤੀ ਸੁਣਨੀ ਚਾਹੀਦੀ ਹੈ।