ਸੀਏਏ : ਮਹਿਲਾ ਸ਼ੁੱਕਰ ਕਰੇ ਕਿ ਉਸ ਨਾਲ ਧੱਕਾ-ਮੁੱਕੀ ਹੋਈ ਕੁੱਝ ਹੋਰ ਨਾਂ ਹੋਇਆ - BJP ਬੰਗਾਲ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਇਕ ਵਿਵਾਦਤ ਬਿਆਨ ਦੇ ਕੇ ਰਾਜਨੀਤਿਕ ਗਲਿਆਰਿਆਂ ਵਿਚ ਚਰਚਾ ਛੇੜ ਦਿੱਤੀ  ਹੈ। ਨਾਗਰਿਕਤਾ ਸੋਧ ਕਾਨੂੰਨ ਦੇ...

File Photo

ਕੱਲਕਤਾ : ਪੱਛਮੀ ਬੰਗਾਲ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਇਕ ਵਿਵਾਦਤ ਬਿਆਨ ਦੇ ਕੇ ਰਾਜਨੀਤਿਕ ਗਲਿਆਰਿਆਂ ਵਿਚ ਚਰਚਾ ਛੇੜ ਦਿੱਤੀ  ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਸਮੱਰਥਨ ਵਿਚ ਆਯੋਜਿਤ ਰੈਲੀ ਦੌਰਾਨ ਪਾਰਟੀ ਵਰਕਰਾਂ ਦੁਆਰਾ ਇਕ ਮਹਿਲਾ ਪ੍ਰਦਰਸ਼ਨਕਾਰੀ ਨਾਲ ਬਦਸਲੂਕੀ ਕੀਤੇ ਜਾਣ 'ਤੇ ਘੋਸ਼ ਨੇ ਕਿਹਾ ਕਿ ਉਸ ਨੂੰ ਆਪਣੀ ਕਿਸਮਤ ਦਾ ਸ਼ੁੱਕਰਗੁਜਾਰ ਹੋਣਾ ਚਾਹੀਦਾ ਹੈ ਕਿ ਉਸ ਨਾਲ ਕੁੱਝ ਹੋਰ ਨਹੀਂ ਹੋਇਆ।

ਦਰਅਸਲ ਭਾਜਪਾ ਨੇ ਦੱਖਣੀ ਕਲੱਕਤਾ ਦੇ ਪਤੁਲੀ ਤੋਂ ਬਾਗ ਜਤੀਨ ਇਲਾਕੇ ਤੱਕ ਨਾਗਰਿਕਤਾ ਸੋਧ ਕਾਨੂੰਨ ਦੇ ਸਮੱਰਥਨ ਵਿਚ ਰੈਲੀ ਆਯੋਜਿਤ ਕੀਤੀ ਸੀ ਜਿਸ ਦੀ ਅਗਵਾਈ ਖੁਦ ਘੋਸ਼ ਕਰ ਰਹੇ ਸਨ। ਉਸੇ ਦੌਰਾਨ ਰੈਲੀ ਵਿਚ ਇਕ ਇਕੱਲੀ ਔਰਤ ਸੀਏਏ ਅਤੇ ਜਾਮੀਆ ਇਸਲਾਮੀਆਂ ਵਿਚ ਚੱਲੀ ਗੋਲੀ ਦੇ ਵਿਰੋਧ ‘ਚ ਹੱਥਾਂ ਵਿਚ ਬੋਰਡ ਲੈ ਕੇ ਪ੍ਰਦਰਸ਼ਨ ਕਰ ਰਹੀ ਸੀ ਪਰ ਭਾਜਪਾ ਵਰਕਰਾਂ ਨੇ ਔਰਤ ਨਾਲ ਧੱਕਾ-ਮੁੱਕੀ ਅਤੇ ਗਾਲੀ ਗਲੋਚ ਕੀਤਾ ਨਾਲ ਹੀ ਉਸ ਤੋਂ ਬੋਰਡ ਵੀ ਖੋਹ ਲਿਆ ਪਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਸ ਨੂੰ ਬਚਾ ਲਿਆ।

ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘੋਸ਼ ਨੇ ਮਹਿਲਾ ਨਾਲ ਹੋਈ ਧੱਕਾ-ਮੁੱਕੀ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ''ਸਾਡੇ ਆਦਮੀਆਂ ਨੇ ਸਹੀ ਕੀਤਾ। ਉਸ ਮਹਿਲਾ ਨੂੰ ਆਪਣੀ ਕਿਸਮਤ ਦਾ ਸ਼ੁੱਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਕੇਵਲ ਧੱਕਾ-ਮੁੱਕੀ ਹੋਈ ਅਤੇ ਹੋਰ ਕੁੱਝ ਨਹੀਂ ਹੋਇਆ ਹੈ''। ਘੋਸ਼ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਉਂ ਹਮੇਸ਼ਾ ਰੈਲੀ ਵਿਚ ਪ੍ਰਦਰਸ਼ਨ ਕਰਨ ਚਲੇ ਆਉਂਦੇ ਹਨ ਅਤੇ ਉਹ ਕਿਉਂ ਦੂਜੇ ਪ੍ਰੋਗਰਾਮਾਂ ਵਿਚ ਨਹੀਂ ਜਾਦੇ। ਘੋਸ਼ ਨੇ ਕਿਹਾ ਕਿ ਅਸੀ ਬਹੁਤ ਸਹਿਨ ਕੀਤਾ ਪਰ ਹੁਣ ਅਜਿਹੀ ਹਰਕਤਾਂ ਸਹਿਨ ਨਹੀਂ ਕਰਾਂਗੇ।

ਦੂਜੇ ਪਾਸੇ ਇਸ ਪੂਰੇ ਮਾਮਲੇ 'ਤੇ ਪੀੜਤ ਮਹਿਲਾ ਨੇ ਕਿਹਾ ਕਿ ਉਹ ਫਾਸੀਵਾਦੀ ਭਾਜਪਾ ਦੇ ਵਿਰੁੱਧ ਪ੍ਰਦਰਸ਼ਨ ਜਾਰੀ ਰੱਖੇਗੀ। ਇਸ ਤੋਂ ਇਲਾਵਾ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੇ ਘੋਸ਼ ਨੂੰ ਆਪਣੇ ਬਿਆਨ ਉੱਤੇ ਅਧਿਕਾਰਕ ਤੌਰ 'ਤੇ ਮਾਫ਼ੀ ਮੰਗਣ ਲਈ ਵੀ ਕਿਹਾ ਹੈ।