ਜਾਮੀਆ ਘਟਨਾ ਦਸਦੀ ਹੈ ਕਿ ਦੇਸ਼ ਦੀ ਸੱਤਾ 'ਤੇ ਨਫ਼ਰਤ ਦਾ ਕਬਜ਼ਾ : ਕਾਂਗਰਸ
ਜਾਮੀਆ ਗੋਲੀਬਾਰੀ ਭਾਜਪਾ ਆਗੂਆਂ ਦੀ ਟਿਪਣੀ ਦਾ ਨਤੀਜਾ : ਡੀ ਰਾਜਾ
ਨਵੀਂ ਦਿੱਲੀ : ਜਾਮੀਆ ਦੇ ਵਿਦਿਆਰਥੀ ਦੇ ਗੋਲੀਬਾਰੀ ਵਿਚ ਜ਼ਖਮੀ ਹੋਣ ਦੀ ਘਟਨਾ ਮਗਰੋਂ ਵਿਆਪਕ ਪ੍ਰਦਰਸ਼ਨ ਸ਼ੁਰੂ ਹੋ ਗਿਆ। ਸੈਂਕੜੇ ਲੋਕ ਯੂਨੀਵਰਸਿਟੀ ਲਾਗੇ ਜਮ੍ਹਾਂ ਹੋ ਗਏ, ਲੋਕਾਂ ਨੇ ਬੈਰੀਕੇਡ ਤੋੜ ਦਿਤੇ ਅਤੇ ਪੁਲਿਸ ਮੁਲਾਜ਼ਮਾਂ ਨਾਲ ਭਿੜ ਗਏ। ਪੁਲਿਸ ਨੇ ਲੋਕਾਂ ਨੂੰ ਖਿੰਡਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਗੁੱਸੇ ਵਿਚ ਆਏ ਲੋਕ ਗੋਲੀਬਾਰੀ ਦੀ ਘਟਨਾ ਦਾ ਵਿਰੋਧ ਕਰ ਰਹੇ ਹਨ ਇਸ ਪੂਰੇ ਮਾਮਲੇ 'ਤੇ ਰਾਜਨੀਤੀ ਵੀ ਗਰਮਾ ਗਈ ਹੈ ਜਿਸ ਨੂੰ ਲੈ ਕੇ ਕਾਂਗਰਸ ਅਤੇ ਸੀਪੀਆਈ ਨੇ ਭਾਜਪਾ ਉੱਤੇ ਨਿਸ਼ਾਨਾ ਸਾਧਿਆ ਹੈ।
ਕਾਂਗਰਸ ਨੇ ਜਾਮੀਆ ਗੋਲੀਬਾਰੀ ਘਟਨਾ ਲਈ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਦਾਅਵਾ ਕੀਤਾ ਕਿ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਦੀ ਸੱਤਾ 'ਤੇ ਨਫ਼ਰਤ ਦਾ ਕਬਜ਼ਾ ਹੈ। ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਇਹ ਦੋਸ਼ ਵੀ ਲਾਇਆ ਕਿ ਅਰਥਚਾਰੇ ਦੇ ਮੋਰਚੇ 'ਤੇ ਨਾਕਾਮ ਰਹੀ ਸਰਕਾਰ ਹੁਣ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰ ਰਹੀ ਹੈ।
ਉਨ੍ਹਾਂ ਕਿਹਾ, 'ਜਾਮੀਆ ਵਿਚ ਜੋ ਹੋਇਆ, ਉਹ ਨਫ਼ਰਤ ਦੇ ਮਾਹੌਲ ਨੂੰ ਦਰਸਾਉਂਦਾ ਹੈ। ਦਿਨਦਿਹਾੜੇ ਅਤੇ ਸੈਂਕੜੇ ਲੋਕਾਂ ਸਾਹਮਣੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਮਾਹੌਲ ਕਿੰਨਾ ਜ਼ਹਿਰੀਲਾ ਹੋ ਗਿਆ ਹੈ।
ਸੀਪੀਆਈ ਆਗੂ ਡੀ ਰਾਜਾ ਨੇ ਕਿਹਾ ਕਿ ਜਾਮੀਆ ਯੂਨੀਵਰਸਿਟੀ ਲਾਗੇ ਹੋਈ ਗੋਲੀਬਾਰੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰਚਾ ਦੌਰਾਨ ਭਾਜਪਾ ਆਗੂਆਂ ਦੀ ਭੜਕਾਊ ਬਿਆਨਬਾਜ਼ੀ ਦਾ ਨਤੀਜਾ ਹੈ। ਰਾਜਾ ਨੇ ਕਿਹਾ ਕਿ ਇਹ ਮਾੜੀ ਗੱਲ ਹੈ ਕਿ ਇਹ ਘਟਨਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਵਾਪਰੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ। ਭਾਜਪਾ ਆਗੂ ਅਨੁਰਾਗ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ ਨੇ ਭੀੜ ਨੂੰ ਗ਼ਦਾਰਾਂ ਨੂੰ ਗੋਲੀ ਮਾਰਨ ਲਈ ਉਕਸਾਇਆ ਸੀ।