ਅਖਿਲੇਸ਼ ਦਾ ਮੋਦੀ ‘ਤੇ ਨਿਸ਼ਾਨਾ,‘ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਕੇਂਦਰ ਦੀ ਭਾਜਪਾ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਰਕਾਰ ਨੇ ਨੋਟਬੰਦੀ, ਜੀ.ਐਸ.ਟੀ, ਮਜ਼ਦੂਰ ਅਤੇ ਖੇਤੀ ਕਾਨੂੰਨ ਬਣਾ ਕੇ ਜਨਤਾ ਨੂੰ ਸਤਾਇਆ ਹੈ

Akhilesh Yadav

ਲਖਨਊ :  ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਕੇਂਦਰ ਸਰਕਾਰ ਖਿਲਾਫ ਚੱਲ ਰਹੇ ਅੰਦੋਲਨ ਦਰਮਿਆਨ ਵਿਰੋਧੀ ਧਿਰਾਂ ਵਲੋਂ ਵੀ ਸਰਕਾਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸੇ ਤਹਿਤ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਕੇਂਦਰ ਸਰਕਾਰ ’ਤੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਹਨ।

ਅਖਿਲੇਸ਼ ਯਾਦਵ ਮੁਤਾਬਕ ਭਾਜਪਾ ਦਾ ਮੁਖ ਮਕਸਦ ਕਿਸਾਨਾਂ ਨੂੰ ਬਦਨਾਮ ਕਰ ਕੇ ਅੰਦੋਲਨ ਨੂੰ ਸਮਾਪਤ ਕਰਵਾਉਣਾ ਹੈ ਤਾਂ ਜੋ ਉਹ ਖੇਤੀ ਕਾਨੂੰਨ ਲਾਗੂ ਕਰ ਕੇ ਆਪਣੇ ਜੋਟੀਦਾਰ ਕਾਰਪੋਰੇਟ ਘਟਾਨਿਆਂ ਨੂੰ ਲਾਭ ਪਹੁੰਚਾ ਸਕੇ। ਐਤਵਾਰ ਨੂੰ ਜਾਰੀ ਕੀਤੇ ਗਏ ਟਵੀਟ ਰਾਹੀਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਕਿਸਾਨ ਬਹੁਤ ਦੁਖੀ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਨੋਟਬੰਦੀ, ਜੀ. ਐੱਸ. ਟੀ, ਮਜ਼ਦੂਰ ਕਾਨੂੰਨ ਅਤੇ ਖੇਤੀ ਕਾਨੂੰਨ ਲਿਆ ਕੇ ਖ਼ਰਬਪਤੀਆਂ ਨੂੰ ਹੀ ਫਾਇਦਾ ਪਹੁੰਚਾਉਣ ਵਾਲੇ ਨਿਯਮ ਬਣਾਏ ਹਨ। ਭਾਜਪਾ ਨੇ ਆਮ ਜਨਤਾ ਨੂੰ ਬਹੁਤ ਸਤਾਇਆ ਹੈ। ਉਨ੍ਹਾਂ  ਕਿਹਾ ਕਿ ਕਰੋਨਾ ਕਾਲ ਦੀ ਸਤਾਈ ਲੋਕਾਈ ਨੂੰ ਰਾਹਤ ਦੇਣ ਦੀ ਥਾਂ ਸਰਕਾਰ ਨਵੇਂ ਨਵੇਂ ਕਾਨੂੰਨ ਬਣਾ ਕੇ ਲੋਕਾਂ ਨੂੁੰ ਪ੍ਰੇਸ਼ਾਨ ਕਰਨ ਦੇ ਰਾਹ ਪਈ ਹੋਈ ਹੈ। ਸਰਕਾਰ ਨੇ ਕਿਸਾਨਾਂ ਦੀ ਰਾਇ ਲਏ ਬਿਨਾਂ ਪਹਿਲਾਂ ਖੇਤੀ ਕਾਨੂੰਨ ਬਣਾ ਕੇ ਧੱਕੇ ਨਾਲ ਲਾਗੂ ਕੀਤੇ, ਹੁਣ ਜਦੋਂ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ ਤਾਂ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਦੇ ਰਾਹ ਪਈ ਹੋਈ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ ਵੱਲ ਇਸ਼ਾਰਾ ਕਰਦਿਆਂ ਸ਼ਾਇਰਾਨਾ ਅੰਦਾਜ਼ ਵਿਚ ਅੱਗੇ ਲਿਖਦੇ ਹਨ, ‘‘ਉਹ ਹੰਝੂ ਟਪਕੇ ਦੋ ਅੱਖਾਂ ’ਚੋਂ ਹਨ ਪਰ ਦੁੱਖ-ਦਰਦ ਉਹ ਲੱਖਾਂ ਦੇ ਹਨ।‘‘ ਕਾਬਲੇਗੌਰ ਹੈ ਕਿ 26/1 ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਤੋਂ ਬਾਅਦ ਕਿਸਾਨਾਂ ਦੇ ਧਰਨਾ ਸਥਾਨਾਂ ‘ਤੇ ਮਾਯੂਸੀ ਦਾ ਮਾਹੌਲ ਬਣ ਗਿਆ ਸੀ। ਇਸੇ ਦੌਰਾਨ ਸੱਤਾਧਾਰੀ ਧਿਰ ਨੇ ਧਰਨੇ ਨੂੰ ਸਮਾਪਤ ਕਰਵਾਉਣ ਦੇ ਮਕਸਦ ਨਾਲ ਲਾਮਬੰਦੀ ਆਰੰਭ ਦਿਤੀ। ਸਰਕਾਰ ਨੂੰ ਮਨਸ਼ਾ ਨੂੰ ਭਾਪਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਵੁਕ ਭਾਸ਼ਨ ਦਿਤਾ, ਜਿਸ ਤੋਂ ਬਾਅਦ ਉਤਰ ਪ੍ਰਦੇਸ਼ ਸਮੇਤ ਹਰਿਆਣਾ ਵਿਚੋਂ ਹਜ਼ਾਰਾਂ ਕਿਸਾਨਾਂ ਦਿੱਲੀ ਵੱਲ ਨੂੰ ਕੂਚ ਕਰ ਗਏ ਸਨ।