ਸਿੰਘੂ ਬਾਰਡਰ: ਕਿਸਾਨਾਂ ‘ਤੇ ਪਥਰਾਅ ਦਾ ਮਾਮਲਾ ਗਰਮਾਇਆ, ਅਖਿਲੇਸ਼ ਯਾਦਵ ਨੇ ਕੀਤਾ ਸਰਕਾਰ ‘ਤੇ ਹਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਜਪਾ ਦੇ ਇਸ਼ਾਰੇ 'ਤੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ 'ਤੇ ਹੋਇਆ ਪਥਰਾਅ

Akhleah Yadav

ਨਵੀਂ ਦਿੱਲੀ : 26 ਜਨਵਰੀ ਦੀ ਘਟਨਾ ਤੋਂ ਬਾਅਦ ਜਿੱਥੇ ਕਿਸਾਨੀ ਸੰਘਰਸ਼ ਇਕ ਵਾਰ ਫਿਰ ਰਫਤਾਰ ਫੜ ਗਿਆ ਹੈ ਉਥੇ ਹੀ ਕੇਂਦਰ ਸਰਕਾਰ ਖਿਲਾਫ ਵਿਰੋਧੀ ਧਿਰਾਂ ਦੀ ਲਾਮਬੰਦੀ ਹੋਰ ਤੇਜ਼ ਹੋ ਗਈ ਹੈ। ਕਿਸਾਨਾਂ ਖਿਲਾਫ ਚੁਕੇ ਜਾ ਕਦਮਾਂ ਨੂੰ ਲੈ ਕੇ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ। 26 ਜਨਵਰੀ ਦੀ ਘਟਨਾ ਨੂੰ ਵੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਜ਼ ਕਰਾਰ ਦਿੰਦਿਆਂ ਸਰਕਾਰ ‘ਤੇ ਸਵਾਲ ਉਠਣ ਲੱਗੇ ਹਨ।

ਬੀਤੀ ਰਾਤ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਦੇ ਧਰਨੇ ਨੂੰ ਚੁਕਵਾਉਣ ਦੀਆਂ ਖਬਰਾਂ ਸਾਹਮਣੇ ਆਉਣ ਬਾਅਦ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਸੰਪਰਕ ਸਾਧ ਕੇ ਹੌਂਸਲਾ ਅਫਜਾਈ ਕੀਤੀ । ਦੂਜੇ ਪਾਸੇ ਅੱਜ ਸਿੰਘੂ ਬਾਰਡਰ ‘ਤੇ ਸਥਾਨਕ ਲੋਕਾਂ ਦੇ ਭੇਸ ਵਿਚ ਆਏ ਕੁੱਝ ਹੁੱਲੜਬਾਜ਼ਾਂ ਨੇ ਕਿਸਾਨਾਂ ਨੂੰ ਉਥੋਂ ਖਦੇੜਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਸਥਿਤੀ ‘ਤੇ ਕਾਬੂ ਪਾਇਆ।

ਇਸੇ ਦੌਰਾਨ ਸੁਰੱਖਿਆ ਕਰਮੀਆਂ ‘ਤੇ ਹੁੱਲੜਬਾਜ਼ਾਂ ਨਾਲ ਨਰਮਾਈ ਵਰਤਣ ਦੇ ਦੋਸ਼ ਵੀ ਲੱਗੇ ਹਨ। ਇਸੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਤੋਂ ਸਵਾਲ ਪੁਛਣੇ ਸ਼ੁਰੂ ਕਰ ਦਿਤੇ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾ ਲਈ ਸੱਤਾਧਾਰੀ ਧਿਰ ਨੂੰ ਜ਼ਿੰਮੇਵਾਰ ਦਸਦਿਆਂ ਭਾਜਪਾ ‘ਤੇ ਨਿਸ਼ਾਨਾ ਵਿਨ੍ਹਿਆ ਹੈ।

ਅਖਿਲੇਸ਼ ਯਾਦਵ ਨੇ ਟਵੀਟ ਜਾਰੀ ਕਰਦਿਆਂ ਲਿਖਿਆ ਹੈ, ''ਅਜੇ ਭਾਜਪਾ ਦੇ ਇਸ਼ਾਰੇ 'ਤੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਅੰਦੋਲਨ 'ਤੇ ਪਥਰਾਅ ਕੀਤਾ ਹੈ। ਸਾਰਾ ਦੇਸ਼ ਦੇਖ ਰਿਹਾ ਹੈ ਕਿ ਬੀਜੇਪੀ ਕੁਝ ਪੂੰਜੀਪਤੀਆਂ ਲਈ ਕਿਵੇਂ ਦੇਸ਼ ਦੇ ਭੋਲੇ ਕਿਸਾਨਾਂ 'ਤੇ ਅੱਤਿਆਚਾਰ ਕਰ ਰਹੀ ਹੈ। ਬੀਜੇਪੀ ਦੀ ਸਾਜ਼ਿਸ਼ 'ਤੇ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗ ਕਿਸਾਨਾਂ 'ਤੇ ਕੀਤੀ ਜਾਣ ਵਾਲਾ ਜ਼ੁਲਮ ਨਿੰਦਣਯੋਗ ਹੈ।''

ਦੂਜੇ ਪਾਸੇ ਮੌਕੇ ‘ਤੇ ਮੌਜੂਦ ਸਥਾਨਕ ਮੀਡੀਆ ਵਲੋਂ ਵੀ ਕਿਸਾਨਾਂ ‘ਤੇ ਹੋਏ ਪਥਰਾਅ ਦੌਰਾਨ ਸੁਰੱਖਿਆ ਮੁਲਾਜ਼ਮਾਂ ਵਲੋਂ ਹੁਲੜਬਾਜ਼ਾਂ ਨਾਲ ਨਰਮਾਈ ਵਰਤਣ ‘ਤੇ ਸਵਾਲ ਚੁਕੇ ਗਏ ਹਨ। ਜਦਕਿ ਪੀੜਤ ਧਿਰ ਕਿਸਾਨਾਂ ਨੇ ਮਾਹੌਲ ਸ਼ਾਂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਹਮਲੇ ਦੌਰਾਨ ਕਿਸਾਨ ਵਾਹਿਗੁਰੂ ਦਾ ਜਾਪ ਕਰਦੇ ਵੇਖੇ ਗਏ। ਹੁੱਲੜਬਾਜ਼ਾਂ ਨੇ ਕਿਸਾਨਾਂ ਦੇ ਟੈਂਟਾਂ ਸਮੇਤ ਲੰਗਰ ਤਿਆਰ ਕਰਨ ਵਾਲੇ ਥਾਂ ਨੂੰ ਵੀ ਨੁਕਸਾਨ ਪਹੁੰਚਿਆ। ਅਜਿਹੀ ਹੀ ਘਟਨਾ ਬੀਤੀ ਸ਼ਾਮ ਵੀ ਸਾਹਮਣੇ ਆਈ ਸੀ ਜਦੋਂ ਕੋਈ 100 ਦੇ ਕਰੀਬ ਲੋਕਾਂ ਨੂੰ ਖੁਦ ਨੂੰ ਸਥਾਨਕ ਵਾਸੀ ਦਸਦਿਆਂ ਕੱਲ੍ਹ ਤਕ ਧਰਨਾ ਸਥਾਨ ਖਾਲੀ ਕਰ ਦੇਣ ਦੇ ਚਿਤਾਵਨੀ ਦਿਤੀ ਸੀ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਸੋਚੀ-ਸਮਝੀ ਸਾਜ਼ਸ਼ ਤਹਿਤ ਕੀਤੀਆਂ ਜਾ ਰਹੀਆਂ ਕਾਰਵਾਈਆਂ ਮੰਨਿਆ ਜਾ ਰਿਹਾ ਹੈ ਅਤੇ ਕਿਸਾਨ ਆਗੂ ਇਸ ਦਾ ਸ਼ਾਂਤਮਈ ਸਾਹਮਣਾ ਕਰਨ ਲਈ ਵਿਉਂਤਬੰਦੀ ਕਰ ਰਹੇ ਹਨ।