‘ਮਨ ਕੀ ਬਾਤ’ ਦੌਰਾਨ ਬੋਲੇ ਮੋਦੀ, ‘ਤਿਰੰਗੇ ਦੇ ਅਪਮਾਨ ਨਾਲ ਦੇਸ਼ ਵਾਸੀਆਂ ਦਾ ਮਨ ਦੁਖੀ ਹੋਇਆ’
ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਯਤਨ ਕਰ ਰਹੀ ਹੈ ਤੇ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ : ਪੀਐਮ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਪੀਐਮ ਮੋਦੀ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਲਈ ਦੁੱਖ ਜ਼ਾਹਿਰ ਕੀਤਾ।
ਉਹਨਾਂ ਕਿਹਾ, ‘ਦਿੱਲੀ ਵਿਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਦੇਖ ਦੇਸ਼ ਬਹੁਤ ਦੁਖੀ ਹੋਇਆ’। ਉਹਨਾਂ ਕਿਹਾ ਅਸੀਂ ਆਉਣ ਵਾਲੇ ਸਮੇਂ ਨੂੰ ਨਵੀਂ ਉਮੀਦ ਅਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਬੇਮਿਸਾਲ ਸੰਜਮ ਅਤੇ ਹਿੰਮਤ ਦਿਖਾਈ। ਇਸ ਸਾਲ ਵੀ ਸਾਨੂੰ ਅਪਣੇ ਦ੍ਰਿੜ ਇਰਾਦੇ ਨੂੰ ਸਾਬਤ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
ਕੋਰੋਨਾ ਮਹਾਂਮਾਰੀ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਖਿਲਾਫ਼ ਸਾਡੀ ਲੜਾਈ ਨੂੰ ਕਰੀਬ ਇਕ ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਖਿਲਾਫ ਭਾਰਤ ਦੀ ਲੜਾਈ ਇਕ ਮਿਸਾਲ ਬਣੀ, ਉਸੇ ਤਰ੍ਹਾਂ ਸਾਡਾ ਟੀਕਾਕਰਣ ਪ੍ਰੋਗਰਾਮ ਵੀ ਦੁਨੀਆਂ ਵਿਚ ਇਕ ਮਿਸਾਲ ਬਣ ਰਿਹਾ ਹੈ।
ਉਹਨਾਂ ਕਿਹਾ ਅੱਜ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ। ਪੀਐਮ ਨੇ ਦੱਸਿਆ ਕਿ ਭਾਰਤ ਸਿਰਫ 15 ਦਿਨਾਂ ਵਿਚ ਹੀ ਅਪਣੇ 30 ਲੱਖ ਤੋਂ ਜ਼ਿਆਦਾ ਕੋਰੋਨਾ ਯੋਧਿਆਂ ਦਾ ਟੀਕਾਕਰਣ ਕਰ ਚੁੱਕਾ ਹੈ ਜਦਕਿ ਅਮਰੀਕਾ ਵਰਗੇ ਦੇਸ਼ ਨੂੰ ਇਸ ਕੰਮ ਵਿਚ 18 ਦਿਨ ਅਤੇ ਬ੍ਰਿਟੇਨ ਨੂੰ 36 ਦਿਨ ਲੱਗੇ ਸੀ।ਖੇਤੀਬਾੜੀ ਸੈਕਟਰ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਵਚਨਬੱਧ ਹੈ ਅਤੇ ਅਨੇਕਾਂ ਕਦਮ ਚੁੱਕ ਰਹੀ ਹੈ।
ਉਹਨਾਂ ਕਿਹਾ ਸਰਕਾਰ ਦੇ ਯਤਨ ਅੱਗੇ ਵੀ ਜਾਰੀ ਰਹਿਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਬਾਰੇ ਲਿਖਣ ਲਈ ਕਿਹਾ। ਉਹਨਾਂ ਕਿਹਾ ਜਦੋਂ ਭਾਰਤ ਅਪਣੀ ਆਜ਼ਾਦੀ ਦਾ 75ਵਾਂ ਸਾਲ ਮਨਾਵੇਗਾ ਤਾਂ ਤੁਹਾਡੀਆਂ ਲਿਖਤਾਂ ਆਜ਼ਾਦੀ ਦੇ ਨਾਇਕਾਂ ਪ੍ਰਤੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਣਗੀਆਂ।