ਕਾਂਗਰਸ ਨੇ ‘ਅਗਨੀਪਥ’ ਯੋਜਨਾ ਵਿਰੁਧ ਸ਼ੁਰੂ ਕੀਤੀ ‘ਜੈ ਜਵਾਨ’ ਮੁਹਿੰਮ 

ਏਜੰਸੀ

ਖ਼ਬਰਾਂ, ਰਾਸ਼ਟਰੀ

‘ਅਗਨੀਪਥ’ ਯੋਜਨਾ ਫੌਜ ਦਾ ਮਨੋਬਲ ਤੋੜ ਰਹੀ ਹੈ : ਪਵਨ ਖੇੜਾ

Congress Leader Pawan Khera

ਨਵੀਂ ਦਿੱਲੀ: ਕਾਂਗਰਸ ਨੇ ਫੌਜ ’ਚ ਭਰਤੀ ਲਈ ਨਵੀਂ ਯੋਜਨਾ ‘ਅਗਨੀਪਥ’ ਦੇ ਵਿਰੁਧ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਬੁਧਵਾਰ ਨੂੰ ‘ਜੈ ਜਵਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਰਟੀ ਨੇ ਇਹ ਵੀ ਅਪੀਲ ਕੀਤੀ ਕਿ ਸਾਲ 2019-22 ਦੌਰਾਨ ਫੌਜ, ਸਮੁੰਦਰੀ ਫ਼ੌਜ ਅਤੇ ਹਵਾਈ ਫ਼ੌਜ ’ਚ ਚੁਣੇ ਗਏ ਲਗਭਗ ਡੇਢ ਲੱਖ ਨੌਜੁਆਨਾਂ ਨੂੰ ਨਿਯੁਕਤੀ ਪੱਤਰ ਦਿਤੇ ਜਾਣ ਅਤੇ ਉਨ੍ਹਾਂ ਦੀ ਭਰਤੀ ਨੂੰ ਯਕੀਨੀ ਬਣਾਇਆ ਜਾਵੇ। 

ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਜੰਗ ਹਥਿਆਰਾਂ ਨਾਲ ਲੜੀ ਜਾਂਦੀ ਹੈ ਪਰ ਹਿੰਮਤ ਨਾਲ ਜਿੱਤੀ ਜਾਂਦੀ ਹੈ। ‘ਅਗਨੀਪਥ’ ਯੋਜਨਾ ਫੌਜ ਦਾ ਮਨੋਬਲ ਤੋੜ ਰਹੀ ਹੈ, ਲੱਖਾਂ ਫ਼ੌਜੀਆਂ ਦੇ ਸੁਪਨਿਆਂ ’ਤੇ ਹਮਲਾ ਕਰ ਰਹੀ ਹੈ। ਤੁਸੀਂ ਇਕ ਮਕਾਨ ਅਤੇ ਇਕ ਕਾਰ ਕਿਰਾਏ ’ਤੇ ਲੈ ਸਕਦੇ ਹੋ ਪਰ ਤੁਸੀਂ ਇਕ ਸਿਪਾਹੀ ਨੂੰ ਕਿਰਾਏ ’ਤੇ ਨਹੀਂ ਲੈ ਸਕਦੇ।’’ ਉਨ੍ਹਾਂ ਕਿਹਾ ਕਿ ਜੇਕਰ ਸਰਹੱਦ ’ਤੇ ਖੜਾ ਕੋਈ ਜਵਾਨ ਵਿਸ਼ਵਾਸ ਨਹੀਂ ਕਰਦਾ ਕਿ ਉਸ ਤੋਂ ਬਾਅਦ ਉਸ ਦੇ ਪਰਵਾਰ ਦਾ ਕੀ ਹੋਵੇਗਾ, ਤਾਂ ਫਿਰ ਉਹ ਕਿਸ ਤਰ੍ਹਾਂ ਲੜੇਗਾ।’’

ਖੇੜਾ ਨੇ ਕਿਹਾ ਕਿ ‘ਅਗਨੀਪਥ’ ਇਕ ਅਜਿਹੀ ਯੋਜਨਾ ਹੈ ਜੋ ਪਿਛਲੇ 70 ਸਾਲਾਂ ਵਿਚ ਫੌਜ ਵਲੋਂ ਬਣਾਏ ਗਏ ਬੁਨਿਆਦੀ ਢਾਂਚੇ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨੌਜੁਆਨਾਂ ਦੇ ਸੁਪਨਿਆਂ ਨੂੰ ਕੁਚਲਿਆ ਜਾ ਰਿਹਾ ਹੈ। ਕਾਂਗਰਸ ਦੇ ਸਾਬਕਾ ਸੈਨਿਕ ਵਿਭਾਗ ਦੇ ਮੁਖੀ ਕਰਨਲ (ਸੇਵਾਮੁਕਤ) ਰੋਹਿਤ ਚੌਧਰੀ ਨੇ ਕਿਹਾ ਕਿ ਦੇਸ਼ ਦੇ ਫ਼ੌਜੀਆਂ ਨੂੰ ਨਿਆਂ ਦਿਵਾਉਣ ਲਈ ‘ਜੈ ਜਵਾਨ’ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਕਿਹਾ, ‘‘ਅਸੀਂ ‘ਅਗਨੀਪਥ’ ਯੋਜਨਾ ਦੇ ਵਿਰੁਧ ਆਵਾਜ਼ ਬੁਲੰਦ ਕਰਾਂਗੇ। ਹੁਣ ਦੇਸ਼ ’ਚ ਅਜਿਹਾ ਮਾਹੌਲ ਬਣ ਗਿਆ ਹੈ ਕਿ ‘ਅਗਨੀਪਥ’ ਯੋਜਨਾ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਅਸੀਂ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਮੁਹਿੰਮ ਸ਼ੁਰੂ ਕਰ ਰਹੇ ਹਾਂ। ਕਾਂਗਰਸ ਇਸ ਯੋਜਨਾ ਤਹਿਤ ਜਨਸੰਪਰਕ ਕਰੇਗੀ ਅਤੇ ਖਾਸ ਤੌਰ ’ਤੇ ਨੌਜੁਆਨਾਂ ਨੂੰ ਅਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ।’’