ਲੋਕ ਸਭਾ ’ਚ ਹਰਸਿਮਰਤ ਬਾਦਲ ਨੇ ਚੁੱਕਿਆ ਬੰਦ ਪਏ ਬਠਿੰਡਾ ਏਅਰਪੋਰਟ ਦਾ ਮੁੱਦਾ, ਕੇਂਦਰ ਸਰਕਾਰ ਨੂੰ ਕੀਤਾ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਸੰਸਦ 'ਚ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਬੰਦ ਪਏ ਬਠਿੰਡਾ ਏਅਰਪੋਰਟ ਨੂੰ ਕੇਂਦਰ ਸਰਕਾਰ ਮੁੜ ਸ਼ੁਰੂ ਕਰੇਗੀ ਜਾਂ ਨਹੀਂ?

Harsimrat Kaur Badal

 

ਨਵੀਂ ਦਿੱਲੀ:  ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ 'ਚ ਬਠਿੰਡਾ ਹਵਾਈ ਅੱਡੇ ਨੂੰ ਸ਼ੁਰੂ ਕਰਨ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਸੰਸਦ 'ਚ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਕਿ ਬੰਦ ਪਏ ਬਠਿੰਡਾ ਏਅਰਪੋਰਟ ਨੂੰ ਕੇਂਦਰ ਸਰਕਾਰ ਮੁੜ ਸ਼ੁਰੂ ਕਰੇਗੀ ਜਾਂ ਨਹੀਂ?
ਉਹਨਾਂ ਕਿਹਾ ਕਿ ਮੈਂ ਪੰਜਾਬ, ਖ਼ਾਸ ਕਰਕੇ ਮਾਲਵਾ ਖੇਤਰ ਦੀ ਲੋੜ ਦਾ ਜ਼ਿਕਰ ਕਰਦਿਆਂ, ਬਠਿੰਡਾ ਹਵਾਈ ਅੱਡੇ ਵਿਖੇ ਹਵਾਈ ਉਡਾਣਾਂ ਪਹਿਲਾਂ ਦੀ ਤਰ੍ਹਾਂ ਸ਼ੁਰੂ ਕਰਨ ਦੇ ਰਾਹ 'ਚ ਆਈਆਂ ਰੁਕਾਵਟਾਂ ਬਾਰੇ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ।

Harsimrat Kaur Badal

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2012 ਵਿਚ ਅਸੀਂ ਬਹੁਤ ਮੁਸ਼ਕਲ ਨਾਲ ਬਠਿੰਡਾ ਵਿਚ ਹਵਾਈ ਅੱਡਾ ਬਣਵਾਇਆ ਸੀ। ਇਹ ਫ਼ਿਰੋਜ਼ਪੁਰ, ਸੰਗਰੂਰ, ਬਠਿੰਡਾ ਅਤੇ ਲਗਭਗ 200 ਕਿਲੋਮੀਟਰ ਦੇ ਘੇਰੇ ਵਿਚ ਪੂਰੇ ਖੇਤਰ ਨੂੰ ਕਵਰ ਕਰਨ ਵਾਲਾ ਇਕਲੌਤਾ ਹਵਾਈ ਅੱਡਾ ਸੀ। ਇਹ ਹਵਾਈ ਅੱਡਾ 2013 ਵਿਚ ਬਣਿਆ ਸੀ ਅਤੇ 2016 ਵਿਚ ਦਿੱਲੀ ਤੋਂ ਬਠਿੰਡਾ ਅਤੇ ਦਿੱਲੀ ਤੋਂ ਜੰਮੂ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਨਵੰਬਰ 2020 ਵਿਚ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Bathinda Airport

ਹਰਸਿਮਰਤ ਕੌਰ ਨੇ ਕਿਹਾ ਕਿ ਬਠਿੰਡਾ ਵਿਚ ਆਰਮੀ ਕੰਟੋਨਮੈਂਟ, ਏਅਰਫੋਰਸ ਸਟੇਸ਼ਨ, ਏਮਜ਼, ਸੈਂਟਰਲ ਯੂਨੀਵਰਸਿਟੀ, ਤੇਲ ਰਿਫਾਈਨਰੀ, 3-3 ਥਰਮਲ ਪਲਾਂਟ ਹਨ। ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ ਕਿ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਪਿਛਲੀ ਸਰਕਾਰ ਨੇ ਟਰਾਂਸਪੋਰਟ ਨੂੰ ਬੰਦ ਕਰਨ ਲਈ ਕੋਈ ਕਸਰ ਨਹੀਂ ਛੱਡੀ ਪਰ ਕੀ ਉਹਨਾਂ ਨੇ ਲੋਕਾਂ ਲਈ ਟਰਾਂਸਪੋਰਟ ਸ਼ੁਰੂ ਕਰਨ ਲਈ ਕੋਈ ਪ੍ਰਸਤਾਵ ਭੇਜਿਆ ਸੀ? ਜੇਕਰ ਨਹੀਂ ਤਾਂ ਕੀ ਸਰਕਾਰ ਬਠਿੰਡਾ ਹਵਾਈ ਅੱਡੇ 'ਤੇ ਇਕ ਵਾਰ ਫਿਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਕੰਮ ਕਰੇਗੀ ਜਾਂ ਨਹੀਂ?