''ਹਥਿਆਰਬੰਦ ਬਲਾਂ ਵਲੋਂ ਕਸ਼ਮੀਰੀ ਲੋਕਾਂ 'ਤੇ ਕੀਤਾ ਜਾਂਦੈ ਅੰਨ੍ਹੇਵਾਹ ਤਸ਼ੱਦਦ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਪੁਲਿਸ ਵਲੋਂ ਵੀ ਢਾਇਆ ਜਾਂਦੈ ਲੋਕਾਂ 'ਤੇ ਕਹਿਰ

Kashmiris endure merciless torture at the hands of armed forces

ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੀ ਸੰਸਥਾ ਜੰਮੂ-ਕਸ਼ਮੀਰ ਕੋਆਲਿਸ਼ਨ ਆਫ਼ ਸਿਵਲ ਸੁਸਾਇਟੀ ਵਲੋਂ ਸਰਕਾਰੀ ਬਲਾਂ ਵਲੋਂ 1990 ਦੇ ਬਾਅਦ ਤੋਂ ਜੰਮੂ ਅਤੇ ਕਸ਼ਮੀਰ ਦੇ ਲੋਕਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ 'ਤੇ ਕੇਂਦਰਤ ਇਕ ਵਿਆਪਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਨੂੰ ਪੜ੍ਹ ਕੇ ਹਰ ਕਿਸੇ ਦੇ ਲੂੰ ਕੰਡੇ ਖੜ੍ਹੇ ਹੋ ਜਾਣਗੇ। ਰਿਪੋਰਟ ਵਿਚ ਹਥਿਆਰਬੰਦ ਬਲਾਂ ਅਤੇ ਜੰਮੂ ਕਸ਼ਮੀਰ ਪੁਲਿਸ ਵਲੋਂ 1990 ਦੇ ਬਾਅਦ ਤੋਂ ਕਸ਼ਮੀਰ ਵਿਚਲੇ ਲੋਕਾਂ 'ਤੇ ਕੀਤੇ ਗਏ ਅੰਨ੍ਹੇਵਾਹ ਤਸ਼ੱਦਦ ਅਤੇ 1947 ਤੋਂ ਬਾਅਦ ਕੀਤੇ ਤਸ਼ੱਦਦ ਦੇ ਵੱਖ ਵੱਖ ਪੜਾਵਾਂ ਬਾਰੇ ਜ਼ਿਕਰ ਕੀਤਾ ਗਿਆ ਹੈ।

ਜਿਸ ਵਿਚ ਬਲਾਤਕਾਰ, ਤੋੜਫੋੜ, ਗੁਪਤ ਅੰਗਾਂ 'ਤੇ ਇਲੈਕਟ੍ਰਿਕ ਸ਼ਾਕ, ਉਂਨੀਂਦੇ ਰੱਖਣਾ ਅਤੇ ਛੱਤ ਨਾਲ ਉਲਟਾ ਲਟਕਾਉਣਾ ਸ਼ਾਮਲ ਹਨ। ਹਥਿਆਰਬੰਦ ਬਲਾਂ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਤਸ਼ੱਦਦ ਦਾ ਇਹ ਬਹੁਤ ਕਰੂਰ ਰੂਪ ਹੈ। ਇਨ੍ਹਾਂ ਵਿਚੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਕ-ਅੱਧਾ ਮਾਮਲਾ ਦਰਜ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਿਸੇ ਵੀ ਮਾਮਲੇ ਵਿਚ ਮੁਕੱਦਮੇਬਾਜ਼ੀ ਨਹੀਂ ਹੋਈ। 432 ਕੇਸਾਂ ਦੀ ਸਟੱਡੀ ਦੀ ਗੱਲ ਕਰਦੇ ਹੋਏ ਰਿਪੋਰਟ ਵਿਚ ਟ੍ਰੈਂਡ ਅਤੇ ਪੈਟਰਨ, ਟਾਰਗੈੱਟ, ਅਪਰਾਧੀ, ਸਾਈਟ, ਸਬੰਧ ਅਤੇ ਜੰਮੂ ਕਸ਼ਮੀਰ ਵਿਚ ਤਸ਼ੱਦਦ ਦੇ ਪ੍ਰਭਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ।

ਇਸ ਰਿਪੋਰਟ ਦੇ ਲਈ ਅਧਿਐਨ ਕੀਤੇ ਗਏ 432 ਮਾਮਲਿਆਂ ਵਿਚੋਂ 190 ਮਾਮਲੇ ਲੋਕਾਂ ਨੂੰ ਨੰਗਾ ਕਰਨ ਦੇ ਹਨ ਜਦਕਿ 326 ਮਾਮਲੇ ਲੋਹੇ ਦੀਆਂ ਛੜਾਂ ਜਾਂ ਚਮੜੇ ਦੀ ਬੈਲਟ ਨਾਲ ਕੁੱਟਮਾਰ ਨਾਲ ਸਬੰਧਤ ਹਨ। ਰੋਲਰ ਟ੍ਰੀਟਮੈਂਟ ਦੇ 169 ਮਾਮਲੇ, ਵਾਟਰ ਬੋਰਡਿੰਗ ਦੇ 24 ਮਾਮਲੇ, ਪਾਣੀ ਵਿਚ ਬੰਦੀਆਂ ਦੇ ਸਿਰ ਡੁਬੋਣ ਦੇ 101 ਮਾਮਲੇ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਗੁਪਤ ਅੰਗਾਂ ਨੂੰ ਇਲੈਕਟ੍ਰਿਕ ਸ਼ਾਕ ਦੇਣ ਦੇ 23 ਮਾਮਲੇ, ਛੱਤ ਨਾਲ ਉਲਟਾ ਅਤੇ ਸਿੱਧਾ ਲਟਕਾਉਣ ਦੇ 121 ਮਾਮਲੇ, ਸਰੀਰ ਨੂੰ ਗਰਮ ਵਸਤੂ ਨਾਲ ਦਾਗ਼ਣ ਦੇ 35 ਮਾਮਲੇ, ਇਕੱਲਿਆਂ ਜੇਲ੍ਹ 'ਚ ਕੈਦ ਕਰਨ ਦੇ 11 ਮਾਮਲੇ, ਉਨੀਂਦਰੇ ਰੱਖਣ ਦੇ 21 ਮਾਮਲੇ, ਬਲਾਤਕਾਰ ਸਮੇਤ ਹੋਰ ਯੌਨ ਸੋਸ਼ਣ ਦੇ 238 ਮਾਮਲੇ ਸ਼ਾਮਲ ਹਨ। ਜੰਮੂ-ਕਸ਼ਮੀਰ ਕੋਆਲਿਸ਼ਨ ਆਫ਼ ਸਿਵਲ ਸੁਸਾਇਟੀ ਦੀ ਰਿਪੋਰਟ ਵਿਚ ਕਸ਼ਮੀਰ ਵਿਚਲੇ ਇਨ੍ਹਾਂ ਅੱਤਿਆਚਾਰਾਂ ਨੂੰ ਲੈ ਕੇ ਕੌਮਾਂਤਰੀ ਜਾਂਚ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।