ਮਨੀ ਲਾਂਡਰਿੰਗ ਮਾਮਲਾ: ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ 9 ਜੂਨ ਤੱਕ ED ਦੀ ਹਿਰਾਸਤ 'ਚ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਤੇਂਦਰ ਜੈਨ ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਪੁੱਛਗਿੱਛ ਕਰੇਗੀ।

Delhi minister Satyendar Jain sent to Enforcement Directorate custody


ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਤੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਪੁੱਛਗਿੱਛ ਕਰੇਗੀ। ਉਹਨਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਸਤੇਂਦਰ ਜੈਨ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਹਾਲਾਂਕਿ ਈਡੀ ਨੇ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਤੇਂਦਰ ਜੈਨ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਫਰਜ਼ੀ ਹੈ। ਉਸ ਨੂੰ ਸਿਆਸੀ ਕਾਰਨਾਂ ਕਰਕੇ ਫਸਾਇਆ ਜਾ ਰਿਹਾ ਹੈ।

Satyendar Jain

ਸਤੇਂਦਰ ਜੈਨ 'ਤੇ ਕੋਲਕਾਤਾ ਦੀ ਇਕ ਕੰਪਨੀ ਨਾਲ ਸਬੰਧਤ ਹਵਾਲਾ ਲੈਣ-ਦੇਣ ਦਾ ਦੋਸ਼ ਹੈ। ਈਡੀ ਵੱਲੋਂ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਫਰਵਰੀ 2015 ਤੋਂ ਮਈ 2017 ਦਰਮਿਆਨ ਪੈਸਿਆਂ ਦਾ ਲੈਣ-ਦੇਣ ਹੋਇਆ ਸੀ। ਈਡੀ ਨੇ ਕਿਹਾ ਕਿ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਹਵਾਲਾ 'ਚ ਪੈਸਾ ਕਿਵੇਂ ਲਗਾਇਆ ਗਿਆ ਅਤੇ ਦਿੱਲੀ ਤੋਂ ਕੋਲਕਾਤਾ ਕਿਵੇਂ ਪੈਸਾ ਭੇਜਿਆ ਗਿਆ। ਜਿਨ੍ਹਾਂ ਫਰਜ਼ੀ ਕੰਪਨੀਆਂ ਦਾ ਸਹਾਰਾ ਲਿਆ ਗਿਆ ਹੈ, ਉਹ ਕੋਲਕਾਤਾ ਨਾਲ ਸਬੰਧਤ ਹਨ।

Enforcement Directorate

ਇਸ ਤੋਂ ਪਹਿਲਾਂ ਅਪ੍ਰੈਲ 'ਚ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਜੈਨ ਦੇ ਪਰਿਵਾਰ ਅਤੇ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ, ਜਿਸ ਤੋਂ ਬਾਅਦ ਦਿੱਲੀ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਨੇ 'ਆਪ' ਸਰਕਾਰ 'ਚ ਮੰਤਰੀ ਸਤੇਂਦਰ ਖਿਲਾਫ ਜੰਤਰ-ਮੰਤਰ 'ਤੇ ਧਰਨਾ ਦਿੱਤਾ ਅਤੇ ਜੈਨ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਗ੍ਰਿਫਤਾਰੀ ਤੋਂ ਬਾਅਦ ਭਾਜਪਾ ਅਤੇ ਹੋਰ ਪਾਰਟੀਆਂ ਆਮ ਆਦਮੀ ਪਾਰਟੀ 'ਤੇ ਹਮਲਾਵਰ ਬਣ ਗਈਆਂ ਹਨ।

Arvind Kejriwal

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸ਼ਾਮ ਨੂੰ ਇੱਕ ਡਿਜੀਟਲ ਪ੍ਰੈਸ ਕਾਨਫਰੰਸ ਕਰਕੇ ਸਤੇਂਦਰ ਜੈਨ ਦਾ ਬਚਾਅ ਕੀਤਾ ਅਤੇ ਕਿਹਾ ਕਿ ਅਸੀਂ ਨਾ ਤਾਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਕਰਦੇ ਹਾਂ ਅਤੇ ਨਾ ਹੀ ਭ੍ਰਿਸ਼ਟਾਚਾਰ ਕਰਦੇ ਹਾਂ। ਮੈਂ ਖੁਦ ਸਾਰੇ ਮਾਮਲੇ ਦੀ ਪੁੱਛਗਿੱਛ ਕੀਤੀ ਹੈ। ਸਾਰਾ ਮਾਮਲਾ ਫਰਜ਼ੀ ਹੈ। ਸਾਡੀ ਸਰਕਾਰ ਦੁਨੀਆ ਦੀ ਸਭ ਤੋਂ ਇਮਾਨਦਾਰ ਸਰਕਾਰ ਹੈ। ਸਤੇਂਦਰ ਜੈਨ ਨੂੰ ਸਿਆਸੀ ਕਾਰਨਾਂ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਨੂੰ ਸਿਆਸੀ ਕਾਰਨਾਂ ਕਰਕੇ ਫਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਕਾਨੂੰਨ ਵਿਵਸਥਾ 'ਤੇ ਪੂਰਾ ਭਰੋਸਾ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਉਸ ਦਰਦ ਨੂੰ ਸਮਝਦੇ ਹਾਂ ਜਿਸ ਤੋਂ ਉਹਨਾਂ ਦੀ ਪਤਨੀ ਅਤੇ ਬੱਚੇ ਲੰਘ ਰਹੇ ਹਨ। ਅਸੀਂ ਇਕ ਪੈਸੇ ਦਾ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ। ਪੰਜਾਬ ਵਿਚ ਅਸੀਂ ਆਪਣੇ ਹੀ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਪਰ ਸਤਿੰਦਰ ਜੈਨ ਦਾ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਹੈ।