ਮਣੀਪੁਰ ਦੀ ਖੇਤਰੀ ਅਖੰਡਤਾ ਨਾਲ ਸਮਝੌਤਾ ਹੋਇਆ ਤਾਂ ਵਾਪਸ ਕਰਾਂਗੇ ਇਨਾਮ : ਖਿਡਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਜੇਕਰ ਮੰਗ ਪੂਰੀ ਨਾ ਕੀਤੀ ਗਈ ਤਾਂ ਭਵਿੱਖ ਵਿਚ ਖਿਡਾਰੀ ਭਾਰਤ ਦੀ ਨੁਮਾਇੰਦਗੀ ਨਹੀਂ ਕਰਨਗੇ

photo

 

ਇੰਫਾਲ : ਮਣੀਪੁਰ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਖਿਡਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਰਾਜ ਦੀ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤਾ ਜਾਂਦਾ ਹੈ ਤਾਂ ਉਹ ਸਰਕਾਰ ਦੁਆਰਾ ਦਿਤੇ ਪੁਰਸਕਾਰ ਵਾਪਸ ਕਰ ਦੇਣਗੇ। ਇਨ੍ਹਾਂ ਖਿਡਾਰੀਆਂ ’ਚੋਂ 11 ਖਿਡਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਰਾਜ ਦੇ ਉਨ੍ਹਾਂ ਦੇ ਦੌਰੇ ਦੌਰਾਨ ਇਸ ਮੁੱਦੇ ’ਤੇ ਮੰਗ ਪੱਤਰ ਸੌਂਪਣਗੇ। ਐਲ ਅਨੀਤਾ ਚਾਨੂ (ਧਿਆਨਚੰਦ ਐਵਾਰਡ ਜੇਤੂ), ਅਰਜੁਨ ਐਵਾਰਡ ਜੇਤੂ ਐਨ ਕੁੰਜਰਾਨੀ ਦੇਵੀ (ਪਦਮ ਸ਼੍ਰੀ), ਐਲ ਸਰਿਤਾ ਦੇਵੀ ਅਤੇ ਡਬਲਯੂ ਸੰਧਿਆਰਾਣੀ ਦੇਵੀ (ਪਦਮ ਸ਼੍ਰੀ ਐਵਾਰਡ ਜੇਤੂ) ਅਤੇ ਐਸ ਮੀਰਾਬਾਈ ਚਾਨੂ (ਪਦਮ ਸ਼੍ਰੀ ਅਤੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਜੇਤੂ) ਉਨ੍ਹਾਂ 11 ਖਿਡਾਰੀਆਂ ਵਿਚ ਸ਼ਾਮਲ ਹਨ।

ਅਨੀਤਾ ਚਾਨੂ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਜੇਕਰ ਅਮਿਤ ਸ਼ਾਹ ਸਾਨੂੰ ਮਣੀਪੁਰ ਦੀ ਅਖੰਡਤਾ ਦੀ ਰਖਿਆ ਕਰਨ ਦਾ ਭਰੋਸਾ ਨਹੀਂ ਦਿੰਦੇ ਹਨ ਤਾਂ ਅਸੀਂ ਭਾਰਤ ਸਰਕਾਰ ਵਲੋਂ ਦਿਤੇ ਪੁਰਸਕਾਰ ਵਾਪਸ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਮੰਗ ਪੂਰੀ ਨਾ ਕੀਤੀ ਗਈ ਤਾਂ ਭਵਿੱਖ ਵਿਚ ਖਿਡਾਰੀ ਭਾਰਤ ਦੀ ਨੁਮਾਇੰਦਗੀ ਨਹੀਂ ਕਰਨਗੇ ਅਤੇ ਨਾ ਹੀ ਕੋਈ ਉਭਰਦੀ ਪ੍ਰਤਿਭਾ ਨੂੰ ਸਿਖਲਾਈ ਦੇਣਗੇ। ਇਹ 11 ਖਿਡਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਤ ਮੰਗ ਪੱਤਰ ਸ਼ਾਹ ਨੂੰ ਸੌਂਪਣ ਗਏ ਸਨ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਕੁਕੀ ਪੀੜਤਾਂ ਅਤੇ ਸੰਗਠਨਾਂ ਨੂੰ ਮਿਲਣ ਲਈ ਚੂਰਾਚੰਦਪੁਰ ਗਏ ਹੋਏ ਸਨ।

ਚਾਨੂ ਨੇ ਕਿਹਾ,“ਅਸੀਂ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੂੰ ਮੰਗ ਪੱਤਰ ਦੀ ਕਾਪੀ ਸੌਂਪ ਦਿਤੀ ਹੈ। ਉਨ੍ਹਾਂ ਨੇ ਚੂਰਾਚੰਦਪੁਰ ਤੋਂ ਵਾਪਸ ਆਉਣ ਤੋਂ ਬਾਅਦ ਸ਼ਾਹ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿਤਾ ਹੈ। ਫਿਰ ਅਸੀਂ ਉਨ੍ਹਾਂ ਨੂੰ ਮੰਗ ਪੱਤਰ ਸੌਂਪਾਂਗੇ।’’