ਉੱਤਰੀ ਬੰਗਾਲ ’ਚ ਮਾਨਸੂਨ ਤੈਅ ਸਮੇਂ ਤੋਂ ਛੇ ਦਿਨ ਪਹਿਲਾਂ ਪਹੁੰਚਿਆ
ਦੱਖਣ-ਪਛਮੀ ਮਾਨਸੂਨ ਦਾ ਜਲਦੀ ਪਹੁੰਚਣਾ ਚੱਕਰਵਾਤ ‘ਰੇਮਲ‘ ਦੇ ਅਸਰ ਹੋ ਸਕਦਾ ਹੈ : ਮੌਸਮ ਵਿਭਾਗ
ਕੋਲਕਾਤਾ: ਦੱਖਣ-ਪਛਮੀ ਬੰਗਾਲ ’ਚ ਦੱਖਣ-ਪਛਮੀ ਮਾਨਸੂਨ ਅਪਣੀ ਆਮ ਤਰੀਕ ਤੋਂ ਲਗਭਗ ਇਕ ਹਫਤਾ ਪਹਿਲਾਂ ਸ਼ੁਕਰਵਾਰ ਨੂੰ ਪਹੁੰਚ ਗਿਆ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ । ਦੱਖਣ-ਪਛਮੀ ਮਾਨਸੂਨ ਆਮ ਤੌਰ ’ਤੇ 5 ਜੂਨ ਦੇ ਆਸ ਪਾਸ ਉੱਤਰੀ ਬੰਗਾਲ ਪਹੁੰਚਦਾ ਹੈ ਅਤੇ 9 ਜੂਨ ਦੇ ਆਸ ਪਾਸ ਰਾਜ ਦੇ ਦਖਣੀ ਹਿੱਸੇ ’ਚ ਪਹੁੰਚਦਾ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ’ਚ ਦੱਖਣ-ਪਛਮੀ ਮਾਨਸੂਨ ਦਾ ਜਲਦੀ ਪਹੁੰਚਣਾ ਚੱਕਰਵਾਤ ‘ਰੇਮਲ‘ ਦੇ ਪ੍ਰਭਾਵ ਕਾਰਨ ਹੋ ਸਕਦਾ ਹੈ, ਜਿਸ ਨੇ ਬੰਗਾਲ ਦੀ ਖਾੜੀ ਤੋਂ ਦੱਖਣ-ਪਛਮੀ ਹਵਾ ਨੂੰ ਤੱਟਾਂ ’ਤੇ ਲਿਆਂਦਾ ਅਤੇ ਇਸ ਤੋਂ ਬਾਅਦ ਮਾਨਸੂਨ ਤੇਜ਼ ਰਫਤਾਰ ਨਾਲ ਉੱਤਰੀ ਬੰਗਾਲ ਵਲ ਵਧਿਆ।
ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ’ਚ ਉਪ-ਹਿਮਾਲਿਆਈ ਜ਼ਿਲ੍ਹਿਆਂ ਕੂਚਬਿਹਾਰ, ਜਲਪਾਈਗੁੜੀ, ਅਲੀਪੁਰਦੁਆਰ, ਕਲਿਮਪੋਂਗ ਅਤੇ ਦਾਰਜੀਲਿੰਗ ਦੇ ਜ਼ਿਆਦਾਤਰ ਹਿੱਸਿਆਂ ’ਚ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਇਕ ਜਾਂ ਦੋ ਥਾਵਾਂ ’ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਨੁਸਾਰ, ਸ਼ੁਕਰਵਾਰ ਸਵੇਰੇ 8:30 ਵਜੇ ਤਕ 24 ਘੰਟਿਆਂ ’ਚ ਉੱਤਰੀ ਬੰਗਾਲ ’ਚ ਮਹੱਤਵਪੂਰਣ ਬਾਰਸ਼ ਦਰਜ ਕੀਤੀ ਗਈ, ਜਿਨ੍ਹਾਂ ’ਚ ਅਲੀਪੁਰਦੁਆਰ (45 ਮਿਲੀਮੀਟਰ), ਜਲਪਾਈਗੁੜੀ (43 ਮਿਲੀਮੀਟਰ) ਅਤੇ ਕੂਚਬਿਹਾਰ (28 ਮਿਲੀਮੀਟਰ) ਸ਼ਾਮਲ ਹਨ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਕੋਲਕਾਤਾ ਸਮੇਤ ਦਖਣੀ ਬੰਗਾਲ ਦੇ ਜ਼ਿਲ੍ਹਿਆਂ ’ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ।