ਪੁਣੇ ਨੇੜੇ ਮਰਾਠਾ ਅੰਦੋਲਨ ਦੌਰਾਨ ਮੁੜ ਹਿੰਸਾ ਭੜਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ 'ਚ ਇਥੋਂ ਤਕਰੀਬਨ 40 ਕਿਲੋਮੀਟਰ ਦੂਰ ਚਾਕਨ ਸ਼ਹਿਰ 'ਚ ਮਰਾਠਾ ਅੰਦੋਲਨ ਦੌਰਾਨ ਅੱਜ ਹਿੰਸਾ ਭੜਕ ਗਈ...............

Maratha Movement

ਪੁਣੇ : ਮਹਾਰਾਸ਼ਟਰ 'ਚ ਇਥੋਂ ਤਕਰੀਬਨ 40 ਕਿਲੋਮੀਟਰ ਦੂਰ ਚਾਕਨ ਸ਼ਹਿਰ 'ਚ ਮਰਾਠਾ ਅੰਦੋਲਨ ਦੌਰਾਨ ਅੱਜ ਹਿੰਸਾ ਭੜਕ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਅਤੇ ਕੁੱਝ ਜਨਤਕ ਆਵਾਜਾਈ ਦੀਆਂ ਬੱਸਾਂ ਅਤੇ ਨਿਜੀ ਗੱਡੀਆਂ 'ਚ ਅੱਗ ਲਾ ਦਿਤੀ।
ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਪੱਥਰਬਾਜ਼ੀ ਕਰ ਕੇ ਕੁੱਝ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀ ਅਨੁਸਾਰ ਕੁੱਝ ਮਰਾਠਾ ਜਥੇਬੰਦੀਆਂ ਨੇ ਚਾਕਨ ਇਲਾਕੇ 'ਚ ਅੱਜ ਬੰਦ ਦਾ ਸੱਦਾ ਦਿਤਾ ਸੀ ਅਤੇ ਰੈਲੀ ਕੀਤੀ ਸੀ। ਪੁਲਿਸ ਨੇ ਕਿਹਾ ਕਿ ਰੈਪਿਡ ਐਕਸ਼ਨ ਫ਼ੋਰਸ ਨੂੰ ਹਿੰਸਾ ਪ੍ਰਭਾਵਤ ਖੇਤਰ 'ਚ ਭੇਜਿਆ ਗਿਆ ਹੈ।

ਸਿਆਸੀ ਰੂਪ ਨਾਲ ਪ੍ਰਭਾਵਸ਼ਾਲੀ ਮਰਾਠਾ ਲੋਕ ਨੌਕਰੀਆ ਅਤੇ ਸਿਖਿਆ 'ਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਸੂਬੇ ਦੀ ਵਸੋਂ 'ਚ ਇਨ੍ਹਾਂ ਦੀ ਅਬਾਦੀ ਤਕਰੀਬਨ 30 ਫ਼ੀ ਸਦੀ ਹੈ। ਉਧਰ ਔਰੰਗਾਬਾਦ ਵਿਖੇ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ 35 ਸਾਲ ਦੇ ਇਕ ਵਿਅਕਤੀ ਨੇ ਚਲਦੀ ਰੇਲ ਗੱਡੀ ਸਾਹਮਣੇ ਆ ਕੇ ਛਾਲ ਮਾਰ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਪੁਲਿਸ ਅਨੁਸਾਰ ਪ੍ਰਮੋਦ ਜੈਸਿੰਘ ਹੋਰੇ ਨੇ ਕਲ ਫ਼ੇਸਬੁਕ ਅਤੇ ਵਟਸਐਪ 'ਤੇ ਲਿਖਿਆ ਸੀ ਕਿ ਉਹ ਰਾਖਵਾਂਕਰਨ ਦੀ ਮੰਗ ਦੇ ਹੱਕ 'ਚ ਅਪਣੀ ਜਾਨ ਦੇ ਦੇਵੇਗਾ। ਉਸ ਨੇ ਕਲ ਰਾਤ ਮੁਕੁੰਦਵਾੜੀ ਖੇਤਰ 'ਚ ਚਲਦੀ ਰੇਲ ਗੱਡੀ ਸਾਹਮਣੇ ਕਥਿਤ ਤੌਰ 'ਤੇ ਛਾਲ ਮਾਰ ਦਿਤੀ।  (ਪੀਟੀਆਈ)