ਮਰਾਠਾ ਰਾਖਵਾਂਕਰਨ ਲਈ ਪੰਕਜਾ ਨੂੰ ਇਕ ਘੰਟੇ ਲਈ ਮੁੱਖ ਮੰਤਰੀ ਬਣਾਓ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਨੇ ਸਨਿਚਰਵਾਰ ਨੂੰ ਸੱਤਾਧਾਰੀ ਸਹਿਯੋਗੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਦੇ ਹੋਏ ਸੁਝਾਅ ਦਿਤਾ ਕਿ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਪੰਕਜਾ ਮੁੰਡੇ...

Shiv Sena

ਮੁੰਬਈ : ਸ਼ਿਵ ਸੈਨਾ ਨੇ ਸਨਿਚਰਵਾਰ ਨੂੰ ਸੱਤਾਧਾਰੀ ਸਹਿਯੋਗੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਹਮਲਾ ਬੋਲਦੇ ਹੋਏ ਸੁਝਾਅ ਦਿਤਾ ਕਿ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਪੰਕਜਾ ਮੁੰਡੇ ਨੂੰ ਸਰਬਸੰਮਤੀ ਨਾਲ ਇਕ ਘੰਟੇ ਲਈ ਮੁੱਖ ਮੰਤਰੀ ਬਣਾ ਦਿਤਾ ਜਾਵੇ ਤਾਕਿ ਮਰਾਠਾ ਰਾਖਵਾਂਕਰਨ ਦੀ ਫਾਈਲ ਨੂੰ ਮਨਜ਼ੂਰੀ ਦਿਤੀ ਜਾ ਸਕੇ। ਮਹਾਰਾਸ਼ਟਰ ਦੀ ਮਹਿਲਾ ਅਤੇ ਬਾਲ ਕਲਿਆਣ ਮੰਤਰੀ ਪੰਕਜਾ ਮੁੰਡੇ ਨੇ ਵੀਰਵਾਰ ਨੂੰ ਇਹ ਕਹਿ ਕੇ ਸਿਆਸੀ ਭੂਚਾਲ ਲਿਆ ਦਿਤਾ ਸੀ ਕਿ ਜੇਕਰ ਮਰਾਠਾ ਰਾਖਵਾਂਕਰਨ ਦਾ ਫਾਈਲ ਉਨ੍ਹਾਂ ਦੇ ਕੋਲ ਆਈ ਹੁੰਦੀ ਤਾਂ ਉਹ ਬਿਨਾਂ ਝਿਜਕ ਉਸ ਨੂੰ ਮਨਜ਼ੂਰੀ ਦੇ ਦਿੰਦੀ ਪਰ ਹੁਣ ਮਾਮਲਾ ਵਿਚਾਰ ਅਧੀਨ ਹੋ ਗਿਆ ਹੈ। 

ਪੰਕਜਾ ਮੁੰਡੇ ਦੀ ਇਸ ਟਿੱਪਣੀ ਤੋਂ ਬਾਅਦ ਸ਼ਿਵ ਸੈਨਾ ਦਾ ਇਹ ਸੁਝਾਅ ਆਇਆ ਹੈ। ਪੰਕਜਾ ਮਰਹੂਮ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਬੇਟੀ ਹੈ। ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਮੌਜੂਦਾ ਕੈਬਨਿਟ ਸਹਿਯੋਗੀ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਜੇਕਰ ਮੁੰਡੇ ਇਕ ਘੰਟੇ ਦੇ ਲਈ ਮੁੱਖ ਮੰਤਰੀ ਬਣਦੀ ਹੈ ਤਾਂ ਕੋਈ ਰੁਕਾਵਟ ਨਹੀਂ ਆਏਗੀ। ਉਹ ਪਲਕ ਝਪਕਦੇ ਹੀ ਫਾਈਲ 'ਤੇ ਦਸਤਖ਼ਤ ਕਰ ਦੇਵੇਗੀ ਅਤੇ ਇਸ ਤੋਂ ਬਾਅਦ ਮਰਾਠਾ ਰਾਖਵਾਂਕਰਨ ਦਾ ਮੁੱਦਾ ਸ਼ਾਂਤ ਹੋ ਸਕਦਾ ਹੈ। 

ਸ਼ਿਵ ਸੈਨਾ ਨੇ ਕਿਹਾ ਕਿ ਜਿਵੇਂ ਕਿ ਮੁੰਡੇ ਦਾਅਵਾ ਕਰ ਰਹੀ ਹੈ ਕਿ ਜੇਕਰ ਉਹ ਅਜਿਹਾ ਕਰ ਸਕਦੀ ਹੈ ਤਾਂ ਫੜਨਵੀਸ ਕਿਉਂ ਨਹੀਂ? ਸ਼ਿਵ ਸੈਨਾ ਦੀ ਇਹ ਤਿੱਖੀ ਟਿੱਪਣੀ ਪਾਰਟੀ ਦੇ ਮੁੱਖ ਪੱਤਰ ਸਾਮਨਾ ਅਤੇ ਦੁਪਹਿਰ ਦਾ ਸਾਮਨਾ ਵਿਚ ਪ੍ਰਕਾਸ਼ਤ ਹੋਈ ਹੈ। ਨਾਲ ਹੀ ਫੜਨਵੀਸ ਸਨਿਚਰਵਾਰ ਨੂੰ ਇਕ ਸਰਬ ਪਾਰਟੀ ਮੀਟਿੰਗ ਦੀ ਤਿਆਰੀ ਵਿਚ ਹੈ ਤਾਕਿ ਇਸ ਮੁੱਦੇ ਦਾ ਹੱਲ ਕੀਤਾ ਜਾ ਸਕੇ। 

ਮੁੰਡੇ ਨੇ ਕਿਹਾ ਸੀ ਕਿ ਇਸ ਸਬੰਧੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਨਾਲ ਵੀ ਸੰਪਰਕ ਕੀਤਾ, ਜਿਸ ਤੋਂ ਬਾਅਦ ਮੁੰਡੇ ਦੇ ਬਿਆਨ ਨੂੰ ਵਿਆਪਕ ਰੂਪ ਦਿੰਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਫੜਨਵੀਸ ਅਜਿਹਾ ਕਿਉਂ ਨਹੀਂ ਕਰਦੇ। ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਜ਼ਿਆਦਾ ਸਮਾਂ ਦਿੱਲੀ ਤੋਂ ਬਾਹਰ ਰਹਿੰਦੇ ਹਨ, ਉਨ੍ਹਾਂ ਦੀ ਦੇਸ਼ ਅਤੇ ਰਾਜਾਂ ਦੀਆਂ ਸਮੱਸਿਆਵਾਂ ਵਿਚ ਕੋਈ ਦਿਲਚਸਪੀ ਨਹੀਂ ਹੈ। ਜ਼ਿਆਦਾਤਰ ਸਮੇਂ ਉਹ ਵਿਦੇਸ਼ਾਂ ਵਿਚ ਰਹਿੰਦੇ ਹਨ। ਇਸ ਲਈ ਫੜਨਵੀਸ ਸੋਚ ਰਹੇ ਹੋਣਗੇ ਕਿ ਜੇਕਰ ਉਹ ਦਿੱਲੀ ਵੀ ਜਾਂਦੇ ਹਨ ਤਾਂ ਉਥੇ ਕਿਸ ਤੋਂ ਮਦਦ ਮੰਗਣਗੇ।