Google ਨੇ ਅੰਮ੍ਰਿਤਾ ਪ੍ਰੀਤਮ ਦੇ ਸਨਮਾਨ ਵਿਚ ਬਣਾਇਆ Doodle 

ਏਜੰਸੀ

ਖ਼ਬਰਾਂ, ਰਾਸ਼ਟਰੀ

ਗੂਗਲ ਨੇ ਡੂਡਲ ਬਣਾ ਕੇ ਅੰਮ੍ਰਿਤਾ ਪ੍ਰੀਤਮ ਨੂੰ ਕੀਤਾ ਯਾਦ

Google Doodle celebrates Punjabi poet's 100th birthday

ਨਵੀਂ ਦਿੱਲੀ: ਗੂਗਲ ਨੇ ਅਪਣੀ ਲਿਖਤ ਨਾਲ ਲੋਕਾਂ ਦੇ ਮਨਾਂ ਅਤੇ ਦਿਲਾਂ ‘ਤੇ ਅਮਿੱਟ ਛਾਪ ਛੱਡਣ ਵਾਲੀ ਮਸ਼ਹੂਰ ਪੰਜਾਬੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੇ 100ਵੇਂ ਜਨਮ ਦਿਨ ਮੌਕੇ ਉਹਨਾਂ ਦੇ ਸਨਮਾਨ ਵਿਚ ਅਪਣੇ ਹੋਮਪੇਜ਼ ‘ਤੇ ਖ਼ੂਬਸੂਰਤ ਡੂਡਲ ਬਣਾਇਆ ਹੈ। ਅੰਮ੍ਰਿਤਾ ਪ੍ਰੀਤਮ ਦਾ ਜਨਮ ਦਾ ਨਾਂ ਅਮ੍ਰਿਤਾ ਸੀ। ਅਮ੍ਰਿਤਾ ਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸ ਨੇ ਕਵਿਤਾਵਾਂ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ।

ਮੁੱਢਲਾ ਜੀਵਨ
ਅੰਮ੍ਰਿਤਾ ਪ੍ਰੀਤਮ ਦਾ ਜਨਮ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਅਣਵੰਡੇ ਪੰਜਾਬ ਦੇ ਮੰਡੀ ਬਹਾਉਦੀਨ ਵਿਚ ਹੋਇਆ ਜੋ ਕਿ ਅੱਜਕਲ੍ਹ ਗੁੱਜਰਾਂਵਾਲਾ (ਪਾਕਿਸਤਾਨ) ਵਿਚ ਹੈ। ਉਹਨਾਂ ਦੇ ਪਿਤਾ ਇਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਨੇ ਕਾਫੀਏ ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਗਿਆਰਾਂ ਸਾਲ ਦੀ ਉਮਰ ਵਿਚ ਹੀ ਮਾਤਾ ਦਾ ਸਿਰ ਤੋਂ ਸਾਇਆ ਉਠ ਗਿਆਪਿਤਾ ਨੇ 16 ਸਾਲ ਦੀ ਉਮਰ ਵਿਚ ਅੰਮ੍ਰਿਤਾ ਦਾ ਵਿਆਹ ਕਰਕੇ ਆਪਣੀ ਪਤਨੀ ਦਾ ਬੋਲ ਪੁਗਾ ਦਿੱਤਾ ਤੇ ਆਪਣਾ ਫਰਜ਼ ਨਿਭਾ ਦਿੱਤਾ। ਇਹ ਵਿਆਹ 1936 ਵਿਚ ਪ੍ਰੀਤਮ ਸਿੰਘ ਕਵਾਤਰਾ ਨਾਲ ਹੋਈ।

ਪ੍ਰਾਪਤੀਆਂ
ਆਪਣੇ ਅੰਤਮ ਦਿਨਾਂ ਵਿਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਵੀ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਇਨਾਮ ਨਾਲ ਪਹਿਲਾਂ ਹੀ ਨਵਾਜਿਆ ਜਾ ਚੁੱਕਿਆ ਸੀ। ਪੰਜਾਬ ਦੇ ਗੁਜਰਾਂਵਾਲੇ ਜ਼ਿਲ੍ਹੇ ਵਿਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ਵਿਚ ਪ੍ਰਕਾਸ਼ਿਤ ਹੋਇਆ।

ਪ੍ਰਸਿੱਧ ਰਚਨਾ ਅੱਜ ਆਖਾਂ ਵਾਰਿਸ ਸ਼ਾਹ ਨੂੰ’
ਉਨ੍ਹਾਂ ਨੂੰ ਆਪਣੀ ਪੰਜਾਬੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਇਸ ਕਵਿਤਾ ਵਿਚ ਭਾਰਤ ਵਿਭਾਜਨ ਦੇ ਸਮੇਂ ਪੰਜਾਬ ਵਿਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿਚ ਸਰਾਹੀ ਗਈ। 1947 ਦੇ ਫਿਰਕੂ ਫਸਾਦਾਂ ਨੂੰ ਦੇਖ ਕੇ ਉਸ ਦੀ ਆਤਮਾ ਕੁਰਲਾ ਉਠੀ। ਜਦੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਨੌਕਰੀ ਅਤੇ ਫਿਰ ਦਿੱਲੀ ਵਿਚ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿਚ ਦਿੱਲੀ ਆਈ ਸੀ ਤੇ ਫਿਰ ਵਾਪਸੀ ਵੇਲੇ ਸਫਰ ਦੌਰਾਨ ਚੱਲਦੀ ਗੱਡੀ ਵਿਚ ਹਿਲਦੀ ਅਤੇ ਕੰਬਦੀ ਕਲਮ ਨਾਲ ‘ਅੱਜ ਆਖਾਂ ਵਾਰਿਸ ਸ਼ਾਹ’ ਨੂੰ ਨਜ਼ਮ ਲਿਖੀ :

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,

ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,

ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ,

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ,

ਉਠ ਦਰਦ ਮੰਦਾ ਦਿਆ ਦਰਦੀਆ, ਉਠ ਤੱਕ ਆਪਣਾ ਪੰਜਾਬ,

ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ,

ਅੰਮ੍ਰਿਤਾ ਪ੍ਰੀਤਮ 31 ਅਕਤੂਬਰ 2005 ਨੂੰ ਸਾਹ ਪੂਰੇ ਕਰ ਗਈ ਤੇ ਪੰਜਾਬੀ ਸਾਹਿਤ ਲਈ ਇਕ ਵੱਡਾ ਖ਼ਜ਼ਾਨਾ ਛੱਡ ਕੇ ਹਮੇਸ਼ਾ ਵਾਸਤੇ ਅਮਰ ਹੋ ਗਈ।