ਪੰਜਾਬ ਸਾਹਿਤ ਅਕਾਦਮੀ ਵੱਲੋਂ 'ਬੰਦਨਵਾਰ' ਸਮਾਗਮ 30 ਜੂਨ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਅਜਮੇਰ ਸਿੰਘ ਔਲਖ ਦੀ ਦੂਜੀ ਬਰਸੀ ਨੂੰ ਸਮਰਪਿਤ ਹੋਵੇਗਾ ਸਮਾਗਮ

Punjabi Sahitya Akademi

ਚੰਡੀਗੜ੍ਹ: ਪੰਜਾਬ ਕਲਾ ਪਰਿਸ਼ਦ ਦੇ ਬੈਨਰ ਹੇਠ ਵੱਲੋਂ 'ਬੰਦਨਵਾਰ' ਸਮਾਗਮ 30 ਜੂਨ ਨੂੰ ਸ਼ਾਮ 5:00 ਵਜੇ, ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ। ਇਹ ਸਮਾਗਮ ਮਰਹੂਮ ਸਾਹਿਕਾਰ ਅਜਮੇਰ ਸਿੰਘ ਔਲਖ ਦੀ ਦੂਜੀ ਬਰਸੀ ਨੂੰ ਸਮਰਪਿਤ ਹੋਵੇਗਾ। ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਦਾ 'ਬੰਦਨਵਾਰ' ਸਮਾਗਮ ਅਜਮੇਰ ਸਿੰਘ ਔਲਖ ਦੇ ਜੀਵਨ, ਸਾਹਿਤਕ ਦੇਣ ਬਾਰੇ ਹੋਵੇਗਾ, ਜਿਸ ਦਾ ਵਿਸ਼ਾ 'ਅਜਮੇਰ ਸਿੰਘ ਔਲਖ ਦੀ ਭੂਮਿਕਾ' ਹੈ।

ਉਨ੍ਹਾਂ ਦੱਸਿਆ ਕਿ ਇਸ ਸਮਾਗਮ ਮੌਕੇ ਸ੍ਰੀਮਤੀ ਮਨਜੀਤ ਔਲਖ (ਅਭਿਨੇਤਰੀ ਅਤੇ ਸੁਪਤਨੀ ਅਜਮੇਰ ਸਿੰਘ ਔਲਖ) ਬਤੌਰ ਮੁੱਖ ਮਹਿਮਾਨ ਜਦਕਿ ਸ੍ਰੀ ਪ੍ਰੀਤਮ ਸਿੰਘ ਰੁਪਾਲ ਅਤੇ ਸ੍ਰੀ ਦਿਲਬਾਗ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕਰਨਗੇ। ਇਸ ਮੌਕੇ ਪ੍ਰਸਿੱਧ ਨਾਟਕਕਾਰ ਤੇ ਵਿਦਵਾਨ ਡਾ. ਸਤੀਸ਼ ਕੁਮਾਰ ਵਰਮਾ ਮੁੱਖ ਭਾਸ਼ਣ ਦੇਣਗੇ। ਸਮਾਗਮ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਡਾਕੂਮੈਂਟਰੀ 'ਧਰਤੀ ਦਾ ਜਾਇਆ-ਅਜਮੇਰ ਸਿੰਘ ਔਲਖ' ਦੀ ਪੇਸ਼ਕਾਰੀ ਹੋਵੇਗੀ ਅਤੇ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਅਜਮੇਰ ਸਿੰਘ ਔਲਖ ਵੱਲੋਂ ਰਚੇ ਨਾਟਕ 'ਝਨਾਂ ਦੇ ਪਾਣੀ' ਨਾਟਕ ਖੇਡਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਅਕਾਦਮੀ ਵੱਲੋਂ 'ਬੰਦਨਵਾਰ' ਸਮਾਗਮ ਹਰ ਮਹੀਨੇ ਦੇ ਅਖੀਰਲੇ ਦਿਨ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾਂਦਾ ਹੈ। ਇਸ ਸਮਾਗਮ ਤਹਿਤ ਹੁਣ ਤੱਕ ਅੰਤਰਰਾਸ਼ਟਰੀ ਕਵੀ ਦਰਬਾਰ, ਨਾਰੀ ਕਵੀ ਦਰਬਾਰ, ਬਾਲ ਕਵੀ ਦਰਬਾਰ, ਅਫ਼ਸਰ ਕਵੀ ਦਰਬਾਰ, ਗੁਰ ੂਨਾਨਕ ਮਹਿਮਾ ਆਦਿ ਕਵੀ ਦਰਬਾਰ ਕਰਵਾਏ ਜਾ ਚੁੱਕੇ ਹਨ। ਇਸ ਤਹਿਤ ਕਵਿਤਾ ਦਾ ਰੰਗਮੰਚ, ਸਫ਼ਰ ਦੀਆਂ ਪੈੜਾਂ ਤਹਿਤ ਲੇਖਕ ਮਿਲਣੀਆਂ ਅਤੇ ਜ਼ਲ੍ਹਿਆਂ ਵਾਲੇ ਬਾਗ ਨੂੰ ਸਮਰਪਿਤ, ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਸਮਾਗਮ, ਟੈਲੀਫਿਲਮਾਂ ਤੇ ਸ਼ਾਰਟ ਫ਼ਿਲਮਾਂ, ਕਵੀਸ਼ਰੀ, ਕਵਿਤਾ ਉਚਾਰਨ ਤੇ ਕਵਿਤਾ ਗਾਇਨ ਆਦਿ ਸਮਾਗਮ ਕਰਵਾਏ ਜਾ ਚੁੱਕੇ ਹਨ।