ਰਾਜਸਥਾਨ ਦੇ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋਈ ਪੁਲਿਸ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਸਿੱਖਾਂ ਨੇ ਧਰਨਾ ਲਗਾ ਕੇ ਕੀਤਾ ਵਿਰੋਧ

FILE PHOTO

ਰਾਜਸਥਾਨ: ਸਿੱਖਾਂ ਵੱਲੋਂ ਭਾਵੇਂ ਦੇਸ਼ 'ਤੇ ਪਈ ਹਰ ਬਿਪਤਾ ਸਮੇਂ ਲੋਕਾਂ ਦੀ ਵਧ ਚੜ੍ਹ ਕੇ ਸੇਵਾ ਕੀਤੀ ਜਾਂਦੀ ਹੈ ਪਰ ਅਫ਼ਸੋਸ ਕਿ ਇਸ ਦੇ ਬਾਵਜੂਦ ਸਿੱਖਾਂ ਨੂੰ ਇਕ ਜ਼ਰਾਇਮ ਪੇਸ਼ਾ ਕੌਮ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਜ਼ਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਰਾਜਾ ਪਾਰਕ ਗੁਰਦੁਆਰਾ ਸਾਹਿਬ ਵਿਚ ਇੰਝ ਦਾਖ਼ਲ ਹੋਈ ਜਿਵੇਂ ਉਥੇ ਸਿੱਖ ਨਹੀਂ ਬਲਕਿ ਕੋਈ ਵੱਡੇ ਮੁਜ਼ਰਮ ਲੁਕੇ ਬੈਠੇ ਹੋਣ।

ਸਥਾਨਕ ਸਿੱਖਾਂ ਦੇ ਕਹਿਣ ਮੁਤਾਬਕ ਇਸ ਦੌਰਾਨ ਪੁਲਿਸ ਦੇ ਨਾਲ ਕੁੱਝ ਗੁੰਡਾ ਕਿਸਮ ਦੇ ਲੋਕ ਵੀ ਮੌਜੂਦ ਸਨ, ਜੋ ਪੁਲਿਸ ਦੀ ਅਗਵਾਈ ਕਰ ਰਹੇ ਸਨ। ਇਸ ਮੰਦਭਾਗੀ ਘਟਨਾ ਦਾ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਜਿਸ ਵਿਚ ਪੁਲਿਸ ਨੂੰ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੁੰਦੇ ਦੇਖਿਆ ਜਾ ਸਕਦਾ।

ਇਸ ਮੰਦਭਾਗੀ ਘਟਨਾ ਮਗਰੋਂ ਵੱਡੀ ਗਿਣਤੀ ਵਿਚ ਸਥਾਨਕ ਸਿੱਖ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਸ ਘਟਨਾ ਦੇ ਵਿਰੋਧ ਵਿਚ ਰਾਜਸਥਾਨ ਪੁਲਿਸ ਵਿਰੁੱਧ ਜਮ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਿੱਖਾਂ ਨੇ ਰਾਜਸਥਾਨ ਪੁਲਿਸ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਦੌਰਾਨ ਜਦੋਂ ਪੁਲਿਸ ਨੇ ਭੜਕੇ ਹੋਏ ਸਿੱਖਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਨੇ ਪੁਲਿਸ ਨੂੰ ਕਈ ਤਰ੍ਹਾਂ ਦੇ ਸਵਾਲ ਦਾਗ਼ ਦਿੱਤੇ ਕਿ ਆਖ਼ਰ ਪੁਲਿਸ ਨੇ ਅਜਿਹਾ ਕਿਉਂ ਕੀਤਾ? ਜਦਕਿ ਸਿੱਖਾਂ ਨੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਪੁਲਿਸ ਨਾਲ ਮਿਲ ਕੇ ਵੱਡੀ ਗਿਣਤੀ ਵਿਚ ਲੋੜਵੰਦ ਲੋਕਾਂ ਦੀ ਮਦਦ ਕੀਤੀ। ਇਸ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਵਿਚਕਾਰ ਜਮ ਕੇ ਬਹਿਸ ਹੋਈ।

ਦੱਸ ਦਈਏ ਕਿ ਰਾਜਸਥਾਨ ਵਿਚ ਇਸ ਤੋਂ ਪਹਿਲਾਂ ਵੀ ਸਿੱਖਾਂ ਨਾਲ ਵਿਤਕਰਾ ਕੀਤੇ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ ਦੇਖਣਾ ਹੋਵੇਗਾ ਕਿ ਰਾਜਸਥਾਨ ਸਰਕਾਰ ਇਸ ਮਾਮਲੇ ਵਿਚ ਦੋਸ਼ੀ ਪੁਲਿਸ ਮੁਲਾਜ਼ਮਾਂ 'ਤੇ ਕੀ ਕਾਰਵਾਈ ਕਰਦੀ ਐ?