ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤ ਲੜਕੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਸਰਫ਼ਰਾਜ਼ ਨੇ ਉਸ ਨੂੰ ਭੱਜਣ ਦੀ ਕੋਸ਼ਿਸ਼ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।

20 years imprisonment to accused of raping a minor girl

 

ਅੰਬਾਲਾ: ਜ਼ਿਲ੍ਹਾ ਅਦਾਲਤ ਨੇ ਸਾਲ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ 2019 ਦੇ ਮਾਮਲੇ 'ਚ ਦੋਸ਼ੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ (ਅੰਬਾਲਾ ਦੀ ਐਕਸੀਲਰੇਟਿਡ ਕੋਰਟ) ਦੀ ਜੱਜ ਆਰਤੀ ਸਿੰਘ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਬਲਾਤਕਾਰ ਦੇ ਦੋਸ਼ੀ ਸਰਫ਼ਰਾਜ਼ ਨੂੰ ਸਜ਼ਾ ਸੁਣਾਈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਲੜਕੀ ਦੇ ਪਿਤਾ ਨੇ ਕਿਹਾ ਸੀ ਕਿ ਸਰਫ਼ਰਾਜ ਉਨ੍ਹਾਂ ਦੇ ਖੇਤਾਂ 'ਚ ਮਜ਼ਦੂਰੀ ਦਾ ਕੰਮ ਕਰਦਾ ਸੀ। 21 ਜਨਵਰੀ 2019 ਨੂੰ ਅਚਾਨਕ ਉਸ ਦੀ ਬੇਟੀ ਲਾਪਤਾ ਹੋ ਗਈ ਸੀ ਅਤੇ ਸਰਫਰਾਜ਼ ਨੇ ਵੀ ਉਹਨਾਂ ਨੂੰ ਬਿਨਾਂ ਕੋਈ ਸੂਚਨਾ ਦਿੱਤੇ ਉਸੇ ਦਿਨ ਤੋਂ ਨੌਕਰੀ 'ਤੇ ਆਉਣਾ ਬੰਦ ਕਰ ਦਿੱਤਾ ਸੀ। ਇਸ ਕਾਰਨ ਉਸ ਨੂੰ ਸਰਫਰਾਜ਼ 'ਤੇ ਹੀ ਆਪਣੀ ਧੀ ਨੂੰ ਅਗਵਾ ਕਰਨ ਦਾ ਸ਼ੱਕ ਹੋਇਆ।

ਪੁਲਿਸ ਨੇ ਸਰਫ਼ਰਾਜ਼ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਕੁਝ ਮਹੀਨੇ ਪਹਿਲਾਂ ਉਹ ਉੱਤਰ ਪ੍ਰਦੇਸ਼ ਤੋਂ ਫ਼ੜਿਆ ਗਿਆ ਸੀ ਅਤੇ ਗ੍ਰਿਫ਼ਤਾਰੀ ਵੇਲੇ ਪੁਲਿਸ ਨੂੰ ਉਸ ਕੋਲੋਂ ਪੀੜਤ ਲੜਕੀ ਵੀ ਮਿਲ ਗਈ। ਨਾਰਾਇਣਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਬੱਚੀ ਦਾ ਮੈਡੀਕਲ ਕਰਵਾਇਆ ਗਿਆ, ਤੇ ਅਦਾਲਤ ਵਿੱਚ ਲੜਕੀ ਦੇ ਬਿਆਨ ਦਰਜ ਕਰਵਾਏ ਗਏ।

ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਸਰਫ਼ਰਾਜ਼ ਉਸ ਨੂੰ ਉੱਤਰ ਪ੍ਰਦੇਸ਼ 'ਚ ਪੈਂਦੇ ਆਪਣੇ ਪਿੰਡ ਲੈ ਗਿਆ ਸੀ। ਫ਼ਿਰ ਉਹ ਉਸ ਨੂੰ ਦਿੱਲੀ ਵਿਚ ਆਪਣੀ ਭੈਣ ਦੇ ਘਰ ਲੈ ਗਿਆ, ਅਤੇ ਉੱਥੇ ਵੀ ਉਹ ਉਸ ਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ। ਲੜਕੀ ਨੂੰ ਸਰਫ਼ਰਾਜ਼ ਮੁੰਬਈ ਅਤੇ ਅਹਿਮਦਾਬਾਦ ਵੀ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਕੁਝ ਦਿਨਾਂ ਬਾਅਦ ਉਹ ਮੁੜ ਉਸ ਨੂੰ ਆਪਣੇ ਪਿੰਡ ਵਾਪਸ ਲੈ ਆਇਆ। ਪੀੜਤ ਲੜਕੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਸਰਫ਼ਰਾਜ਼ ਨੇ ਉਸ ਨੂੰ ਭੱਜਣ ਦੀ ਕੋਸ਼ਿਸ਼ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।