50 ਫੀਸਦੀ ਤੋਂ ਘੱਟ ਯਾਤਰੀਆਂ ਵਾਲੀ ਟ੍ਰੇਨਾਂ ਤੋਂ ਪੂਰੀ ਤਰਾਂ ਹਟਾਇਆ ਜਾਵੇਗਾ ਫਲੈਕਸੀ ਫੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜਿਹੀਆਂ ਟ੍ਰੇਨਾਂ ਤੋਂ ਫਲੈਕਸੀ ਫੇਅਰ ਪੂਰੀ ਤਰਾਂ ਹਟਾਇਆ ਜਾ ਰਿਹਾ ਹੈ ਜਿਨ੍ਹਾਂ ਵਿਚੋਂ 50 ਫੀਸਦੀ ਤੋਂ ਘੱਟ ਸੀਟਾਂ ਦੀ ਵਿਕਰੀ ਹੁੰਦੀ ਹੈ।

Piyush Goyal

ਨਵੀਂ ਦਿੱਲੀ, ( ਭਾਸ਼ਾ ) :  ਰੇਲ ਮੰਤਰੀ ਪੀਊਸ਼ ਗੋਇਲ ਨੇ ਤਿਉਹਾਰਾਂ ਤੋਂ ਠੀਕ ਪਹਿਲਾਂ ਰੇਲ ਯਾਤਰੀਆਂ ਲਈ ਰਾਹਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਟ੍ਰੇਨਾਂ ਤੋਂ ਫਲੈਕਸੀ ਫੇਅਰ ਪੂਰੀ ਤਰਾਂ ਹਟਾਇਆ ਜਾ ਰਿਹਾ ਹੈ ਜਿਨ੍ਹਾਂ ਵਿਚੋਂ 50 ਫੀਸਦੀ ਤੋਂ ਘੱਟ ਸੀਟਾਂ ਦੀ ਵਿਕਰੀ ਹੁੰਦੀ ਹੈ। ਇਸ ਤੋਂ ਇਲਾਵਾ ਸਾਰੀਆਂ ਟ੍ਰੇਨਾਂ ਲਈ ਫਲੈਕਸੀ ਫੇਅਰ ਦੀ ਵੱਧ ਤੋਂ ਵੱਧ ਹੱਦ ਨੂੰ ਟਿਕਟ ਦੇ ਆਧਾਰ ਮੁੱਲ ਦੇ 1.5 ਗੁਣਾ ਦੀ ਬਜਾਏ 1.4 ਗੁਣਾ ਕੀਤਾ ਗਿਆ ਹੈ। ਰੇਲਵੇ ਬੋਰਡ ਦੇ ਮੁਤਾਬਕ ਬੀਤੇ ਇਕ ਸਾਲ ਤੋਂ ਫਲੈਕਸੀ ਫੇਅਰ ਤੋਂ ਰਾਹਤ ਦੇਣ ਲਈ ਵਿਭਾਗ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਸਨ।

ਇਸ ਸਬੰਧੀ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ। ਇਸ ਕਮੇਟੀ ਨੇ ਅਪਣੀ ਰਿਪੋਰਟ ਵੀ ਦਿਤੀ ਪਰ ਇਸ ਤੋਂ ਬਾਅਦ ਵੀ ਰੇਲਵੇ ਵਿਚ ਵੱਖ-ਵੱਖ ਪੱਧਰ ਤੇ ਕਮੇਟੀ ਦੀਆਂ ਸਿਫਾਰਸ਼ਾਂ ਤੇ ਵਿਚਾਰ ਕੀਤਾ ਗਿਆ। ਬੋਰਡ ਵੱਲੋਂ ਇਨਾਂ ਵਿਕਲਪਾਂ ਤੇ ਵਿਚਾਰ ਕਰਕੇ ਰੇਲ ਮੰਤਰੀ ਨੂੰ ਫਾਈਲ ਭੇਜੀ ਗਈ ਸੀ। ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋ ਜਿਹੀਆਂ ਪ੍ਰੀਮੀਅਮ ਟ੍ਰੇਨਾਂ ਵਿਚ ਸਾਬਕਾ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਕਾਰਜਕਾਲ ਵਿਚ ਫਲੈਕਸੀ ਫੇਅਰ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ਸਿਸਟਮ ਅਧੀਨ ਨਿਰਧਾਰਤ ਸਮੇਂ ਵਿਚ ਸੀਟਾਂ ਬੁੱਕ ਹੋਣ ਤੋਂ ਬਾਅਦ ਕਿਰਾਏ ਵਿਚ 10 ਫੀਸਦੀ ਦਾ ਵਾਧਾ ਹੁੰਦਾ ਹੈ

ਜੋ ਕਿ ਵੱਧ ਤੋਂ ਵੱਧ 50 ਫੀਸਦੀ ਤੱਕ ਹੁੰਦਾ ਹੈ। ਫਲੈਕਸੀ ਫੇਅਰ ਸਿਸਟਮ ਲਾਗੂ ਹੋਣ ਤੋਂ ਬਾਅਦ ਹੀ ਰੇਲਵੇ ਨੂੰ ਇਨ੍ਹਾਂ ਟ੍ਰੇਨਾਂ ਤੋਂ ਹੋਣ ਵਾਲੀ ਆਮਦਨੀ ਵਿਚ 600 ਤੋਂ 700 ਕਰੋੜ ਰੁਪਏ ਸਾਲਾਨਾ ਲਾਭ ਹੁੰਦਾ ਹੈ। ਰੇਲਵੇ ਦੀ ਸਮੱਸਿਆ ਇਹ ਹੈ ਕਿ ਜੇਕਰ ਫਲੈਕਸੀ ਫੇਅਰ ਨੂੰ ਪੂਰੀ ਤਰਾਂ ਖਤਮ ਕਰ ਦਿਤਾ ਜਾਂਦਾ ਹੈ ਤਾਂ ਰੇਲਵੇ ਨੂੰ ਹੋਣ ਵਾਲੀ ਇਹ ਵਾਧੂ ਆਮਦਨੀ ਖਤਮ ਹੋ ਜਾਵੇਗੀ। ਅਜਿਹੇ ਵਿਚ ਲਾਭ ਕਿਸ ਤਰਾਂ ਹੋਵੇਗਾ? ਇਸੇ ਕਾਰਨ ਇਹ ਵਿਕਲਪ ਦਿਤਾ ਗਿਆ ਹੈ ਕਿ ਪੂਰੀ ਤਰਾਂ ਨਾਲ ਸਕ੍ਰੈਪ ਕਰਨ ਦੀ ਬਜਾਏ ਸਕੀਮ ਵਿਚ ਕੁਝ ਬਦਲਾਅ ਕਰ ਕੇ ਯਾਤਰੀਆਂ ਨੂੰ ਰਾਹਤ ਦਿਤੀ ਜਾਵੇ।