ਸਾਨੂੰ ਭਾਰਤ ਨੂੰ ਅਗਲੇ 25 ਸਾਲਾਂ ’ਚ ਵਿਕਸਿਤ ਦੇਸ਼ ਬਣਾਉਣਾ ਹੋਵੇਗਾ : ਮੋਦੀ
ਸਦੀ ਦੇ ਅਗਲੇ 25 ਸਾਲ ਭਾਰਤ ਲਈ ਸਭ ਤੋਂ ਮਹੱਤਵਪੂਰਨ: ਮੋਦੀ
ਕੇਵੜੀਆ, 31 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਦੀ ਦੇ ਅਗਲੇ 25 ਸਾਲ ਭਾਰਤ ਲਈ ਸਭ ਤੋਂ ਮਹੱਤਵਪੂਰਨ ਹੈ ਅਤੇ ਸਾਨੂੰ ਇਕ ਖ਼ੁਸ਼ਹਾਲ ਅਤੇ ਵਿਕਸਿਤ ਦੇਸ਼ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਤੋਂ ਪ੍ਰੇਰਣਾ ਲੈਂਦੇ ਹੋਏ ਇਸ ਟੀਚੇ ਨੂੰ ਹਾਸਲ ਕਰਨਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਦੀ ਜਯੰਤੀ ਮੌਕੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਵਿਚ ਕੇਵੜੀਆ ਵਿਚ ‘ਸਟੈਚੂ ਆਫ਼ ਯੂਨਿਟੀ’ ’ਤੇ ਸਰਦਾਰ ਪਟੇਲ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿਤੀ ਅਤੇ ਉੱਥੇ ਮੌਜੂਦ ਜਨ ਸਭਾ ਨੂੰ ਸੰਬੋਧਤ ਕੀਤਾ।
ਗੁਜਰਾਤ ਵਿਚ 1875 ਵਿਚ ਜਨਮੇ ਪਟੇਲ ਇਕ ਵਕੀਲ ਸਨ ਅਤੇ ਕਾਂਗਰਸ ਦੇ ਇਕ ਪ੍ਰਮੁੱਖ ਨੇਤਾ ਵਜੋਂ ਉਭਰੇ ਅਤੇ ਆਜਾਦੀ ਸੰਘਰਸ਼ ਦੌਰਾਨ ਮਹਾਤਮਾ ਗਾਂਧੀ ਦੇ ਸਹਿਯੋਗੀ ਸਨ। ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਅਪਣੀ ਦਿ੍ਰੜਤਾ ਅਤੇ ਪੱਕੇ ਇਰਾਦੇ ਨਾਲ ਸੈਂਕੜੇ ਰਿਆਸਤਾਂ ਨੂੰ ਭਾਰਤ ਦੇ ਸੰਘ ਵਿਚ ਮਿਲਾਉਣ ਦਾ ਸਿਹਰਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਦੀ ਵਿਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ 25 ਸਾਲਾਂ ਦਾ ਸਮਾਂ ਸੀ ਜਦੋਂ ਹਰ ਭਾਰਤੀ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਅਪਣੇ ਆਪ ਨੂੰ ਸਮਰਪਤ ਕੀਤਾ ਸੀ। ਹੁਣ ਸਾਡੇ ਸਾਹਮਣੇ ਅਗਲੇ 25 ਸਾਲਾਂ ’ਚ ਖ਼ੁਸ਼ਹਾਲ ਭਾਰਤ ਲਈ ਅਜਿਹਾ ‘ਅੰਮ੍ਰਿਤ ਕਾਲ’ ਮੌਕਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਤੋਂ ਪ੍ਰੇਰਨਾ ਲੈ ਕੇ ਹਰ ਟੀਚਾ ਹਾਸਲ ਕਰਨਾ ਹੋਵੇਗਾ। ਉਨ੍ਹਾਂ ਧਾਰਾ 370 ਨੂੰ ਰੱਦ ਕਰਨ ਦਾ ਵੀ ਜ਼ਿਕਰ ਕੀਤਾ। ਜੋ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸ ਨੇ ਸੋਚਿਆ ਹੋਵੇਗਾ ਕਿ ਕਸ਼ਮੀਰ ਨੂੰ ਧਾਰਾ 370 ਤੋਂ ਆਜ਼ਾਦੀ ਮਿਲਗੀ? ਪਰ ਅੱਜ ਕਸ਼ਮੀਰ ਅਤੇ ਦੇਸ਼ ਵਿਚਕਾਰ ਧਾਰਾ 370 ਦੀ ਕੰਧ ਡਿੱਗ ਗਈ ਹੈ। ਸਰਦਾਰ ਸਾਬ੍ਹ ਅੱਜ ਜਿਥੇ ਵੀ ਹਨ, ਉਹ ਜ਼ਰੂਰ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੇ ਹੋਣਗੇ ਅਤੇ ਸਾਨੂੰ ਆਸ਼ੀਰਵਾਦ ਦੇ ਰਹੇ ਹੋਣਗੇ।
(For more news apart from Prime Minister of India, stay tuned to Rozana Spokesman)