Election Commission: ਚੋਣ ਕਮਿਸ਼ਨ ਵੱਲੋਂ 8 ਰਾਜਾਂ ਤੇ ਯੂ.ਟੀਜ਼ ਦੇ ਸੀ.ਈ.ਓ ਤੇ ਪੁਲਿਸ ਨੋਡਲ ਅਫਸਰਾਂ ਨਾਲ ਮੀਟਿੰਗ
ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
Chandigarh: ਭਾਰਤੀ ਚੋਣ ਕਮਿਸ਼ਨ ਦੀ ਇਕ ਟੀਮ ਨੇ 8 ਸੂਬਿਆਂ ਤੇ ਯੂ.ਟੀਜ਼ ਦੇ ਮੁੱਖ ਚੋਣ ਅਧਿਕਾਰੀਆਂ (ਸੀ.ਈ.ਓਜ਼) ਤੇ ਰਾਜ ਪੁਲਿਸ ਨੋਡਲ ਅਫਸਰਾਂ (ਐਸ.ਪੀ.ਐਨ.ਓਜ਼) ਨਾਲ ਅਗਾਮੀ ਲੋਕ ਸਭਾ ਚੋਣਾਂ- 2024 ਦੀਆਂ ਤਿਆਰੀਆਂ ਬਾਬਤ ਚੰਡੀਗੜ੍ਹ ਵਿਖੇ ਇਕ ਰੋਜ਼ਾ ਕਾਨਫਰੰਸ ਕਮ ਸਮੀਖਿਆ ਮੀਟਿੰਗ ਕੀਤੀ।
ਚੋਣ ਕਮਿਸ਼ਨ ਦੀ ਟੀਮ ਵਿਚ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਧਰਮੇਂਦਰ ਸ਼ਰਮਾ ਤੇ ਨੀਤੇਸ਼ ਕੁਮਾਰ ਵਿਆਸ, ਡਿਪਟੀ ਚੋਣ ਕਮਿਸ਼ਨਰ ਮਨੋਜ ਕੁਮਾਰ ਸਾਹੂ, ਸੀਨੀਅਰ ਪ੍ਰਿੰਸੀਪਲ ਸਕੱਤਰ ਐਨ.ਐਨ. ਬੁਟਾਲੀਆ, ਡਾਇਰੈਕਟਰ ਅਸ਼ੋਕ ਕੁਮਾਰ ਤੇ ਪੰਕਜ ਸ਼੍ਰੀਵਾਸਤਵ ਸ਼ਾਮਲ ਸਨ।
ਇਸ ਮੀਟਿੰਗ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਲੱਦਾਖ ਦੇ ਮੁੱਖ ਚੋਣ ਅਫ਼ਸਰਾਂ ਅਤੇ ਰਾਜ ਪੁਲਿਸ ਨੋਡਲ ਅਫਸਰਾਂ ਨੇ ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਬਤ ਵਿਸਥਾਰਪੂਰਵਕ ਪੇਸ਼ਕਾਰੀਆਂ ਦਿੱਤੀਆਂ।
ਮੀਟਿੰਗ ਵਿਚ ਚੋਣ ਕਮਿਸ਼ਨ ਦੀ ਟੀਮ ਨੂੰ ਸੂਬਿਆਂ ਵਿਚ ਕਨੂੰਨ ਵਿਵਸਥਾ ਦੀ ਸਥਿਤੀ, ਵੋਟਰਾਂ ਅਤੇ ਪੋਲਿੰਗ ਸਟੇਸ਼ਨਾਂ ਦੇ ਵੇਰਵਿਆਂ ਅਤੇ ਆਗਾਮੀ ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਤਿਆਰੀਆਂ ਤੋਂ ਜਾਣੂ ਕਰਵਾਇਆ ਗਿਆ।
ਭਾਰਤੀ ਚੋਣ ਕਮਿਸ਼ਨ ਨੇ ਸਾਰੇ ਮੁੱਖ ਚੋਣ ਅਧਿਕਾਰੀਆਂ ਅਤੇ ਰਾਜ ਪੁਲਿਸ ਨੋਡਲ ਅਫਸਰਾਂ ਨੂੰ ਤਰੁੱਟੀ ਰਹਿਤ ਵੋਟਰ ਸੂਚੀ ਨੂੰ ਯਕੀਨੀ ਬਣਾਉਣ, ਐਸ.ਐਸ.ਆਰ. (ਵਿਸ਼ੇਸ਼ ਸੰਖੇਪ ਸੋਧ 2024) ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ, ਵੋਟਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਵੱਖ-ਵੱਖ ਸੂਚਕਾਂਕ ਵਿਚ ਸੁਧਾਰ ਕਰਨ, ਸਾਰੇ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਮ੍ਰਿਤਕ ਤੇ ਡੁਪਲੀਕੇਟ ਵੋਟਰਾਂ ਦੀ ਵੋਟ ਕੱਟਣ ਅਤੇ ਚੋਣਾ ਬਾਬਤ ਲੌਜਿਸਟਿਕ ਜ਼ਰੂਰਤ ਸਬੰਧੀ ਤਿਆਰੀਆਂ ਲਈ ਸੁਝਾਅ ਅਤੇ ਨਿਰਦੇਸ਼ ਦਿੱਤੇ।
ਇਸ ਤੋਂ ਇਲਾਵਾ ਸਮੀਖਿਆ ਮੀਟਿੰਗ ਦੌਰਾਨ ਵੋਟਰਾਂ ਦੀ ਗਿਣਤੀ, ਵੱਖ-ਵੱਖ ਆਈ.ਟੀ. ਐਪਲੀਕੇਸ਼ਨਾਂ ਦੀ ਸਮੀਖਿਆ, ਖਰਚਾ ਪ੍ਰਬੰਧਨ ਅਤੇ ਜ਼ਬਤੀ, ਵੱਖ-ਵੱਖ ਚੋਣਾਂ ਨਾਲ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਦਾ ਵੀ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ।
(For more news apart from The Election Commission reviewed the preparations for Lok Sabha elections 2024, stay tuned to Rozana Spokesman)