ਰਾਹੁਲ ਗਾਂਧੀ ਦਾ ਇਲਜ਼ਾਮ, ਜਿੰਨੇ ਪੈਸੇ PM ਨੇ ਦੋਸਤਾਂ ਦੇ ਮਾਫ਼ ਕੀਤੇ ਓਨੇ ‘ਚ ਬਣਦੇ 40 ਏਮਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਸ਼ਲ ਮੀਡੀਆ ਦੇ ਜਰੀਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ........
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਸ਼ਲ ਮੀਡੀਆ ਦੇ ਜਰੀਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੇ ਚੌਂਕੀਦਾਰ ਚੋਰ ਹੈ ਦੇ ਨਾਹਰੇ ਵੀ ਲਗਵਾਏ। ਹੁਣ ਸਾਲ ਦੇ ਆਖਰੀ ਦਿਨ ਫਿਰ ਰਾਹੁਲ ਨੇ ਮੋਦੀ ਨੂੰ ਘੇਰਿਆ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਪਣੇ ਦੋਸਤਾਂ ਦੇ 41 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਮਾਫ਼ ਕਰ ਦਿਤੇ। ਰਾਹੁਲ ਨੇ ਲਿਖਿਆ ਕਿ ਇਨ੍ਹੇ ਮੁੱਲ ਵਿਚ ਗਰੀਬਾਂ ਲਈ ਕਾਫ਼ੀ ਕੰਮ ਹੋ ਸਕਦੇ ਸਨ। ਰਾਹੁਲ ਨੇ ਫਿਰ ਤੁਕਬੰਦੀ ਦਾ ਇਸਤੇਮਾਲ ਕੀਤਾ।
ਰਾਹੁਲ ਨੇ ਟਵੀਟ ਵਿਚ ਲਿਖਿਆ, ਚੌਂਕੀਦਾਰ ਦਾ ਭੇਸ਼, ਚੋਰਾਂ ਦਾ ਕੰਮ, ਬੈਂਕਾਂ ਦੇ 41,167 ਕਰੋੜ, ਸੌਂਪੇ ਜਿਗਰੀ ਦੋਸਤਾਂ ਦੇ ਨਾਂਅ। ਕਾਂਗਰਸ ਪ੍ਰਧਾਨ ਨੇ ਲਿਖਿਆ ਕਿ ਇਨ੍ਹੇ ਰੁਪਏ ਵਿਚ MNREGA ਦੇ ਇਕ ਸਾਲ ਦਾ ਖ਼ਰਚ ਨਿਕਲ ਜਾਂਦਾ, ਤਿੰਨ ਰਾਜਾਂ ਦੇ ਕਿਸਾਨਾਂ ਦਾ ਕਰਜ਼ ਮਾਫ਼ ਹੋ ਜਾਂਦਾ, ਦੇਸ਼ ਵਿਚ 40 ਨਵੇਂ ਏਮਜ਼ ਹਸਪਤਾਲ ਖੁੱਲ ਜਾਂਦੇ। ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਪਿਛਲੇ ਕਾਫ਼ੀ ਸਮੇਂ ਤੋਂ ਮੋਦੀ ਸਰਕਾਰ ਉਤੇ ਕੁਝ ਚੁਨਿੰਦਾ ਉਦਯੋਗਪਤੀਆਂ ਦਾ ਕਰਜ਼ ਮਾਫ਼ ਕਰਨ ਦਾ ਇਲਜ਼ਾਮ ਲਗਾ ਰਹੇ ਹਨ। ਕਾਂਗਰਸ ਤਿੰਨ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਾਤ ਦੇ ਕੇ ਪੂਰੇ ਜੋਸ਼ ਵਿਚ ਹੈ।
ਜਿੱਤ ਹਾਸਲ ਕਰਨ ਤੋਂ ਬਾਅਦ ਕਾਂਗਰਸ ਨੇ ਅਪਣੇ ਚੋਣ ਵਾਅਦੇ ਨੂੰ ਨਿਭਾਉਦੇ ਹੋਏ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਕਿਸਾਨਾਂ ਦਾ ਕਰਜ਼ ਮਾਫ਼ ਕੀਤਾ। ਹੁਣ ਉਹ ਕੇਂਦਰ ਸਰਕਾਰ ਉਤੇ ਵੀ ਅਜਿਹਾ ਕਰਨ ਦਾ ਦਬਾਅ ਬਣਾ ਰਹੀ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਤੇ ਦਿਨਾਂ ਵਿਚ ਰਾਹੁਲ ਗਾਂਧੀ ਦੇ ਚੌਂਕੀਦਾਰ ਵਾਲੇ ਆਰੋਪਾਂ ਉਤੇ ਪਲਟਵਾਰ ਕੀਤਾ ਹੈ। ਹਿਮਾਚਲ ਪ੍ਰਦੇਸ਼, ਓਡਿਸ਼ਾ ਦੀਆਂ ਰੈਲੀਆਂ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਚੌਂਕੀਦਾਰ ਤੋਂ ਕੁਝ ਲੋਕਾਂ ਨੂੰ ਡਰ ਲੱਗ ਰਿਹਾ ਹੈ ਇਸ ਲਈ ਅੱਜ ਗਾਲਾਂ ਦੇ ਰਹੇ ਹਨ।