ਅੰਡੇਮਾਨ ਨੂੰ ਬਿਹਤਰ ਸਹੂਲਤਾਂ ਦੇਣ ਲਈ ਕੰਮ ਕਰ ਰਹੇ ਹਾਂ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨਾਮੀ ਤੋਂ ਉਭਰਨ ਲਈ ਕਾਰ ਨਿਕੋਬਾਰ ਦੇ ਲੋਕਾਂ ਨੂੰ....

Provide better facilities to Andaman's: Modi

ਕਾਰ ਨਿਕੋਬਾਰ,(ਸ ਸ ਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨਾਮੀ ਤੋਂ ਉਭਰਨ ਲਈ ਕਾਰ ਨਿਕੋਬਾਰ ਦੇ ਲੋਕਾਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਸਰਕਾਰ ਅੰਡੇਮਾਨ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਇਹ ਦੀਪ 2004 ਵਿਚ ਸੁਨਾਮੀ ਦੀ ਲਪੇਟ ਵਿਚ ਆਇਆ ਸੀ। ਦੀਪ 'ਤੇ ਪ੍ਰਚੱਲਤ ਸਾਂਝਾ ਪਰਵਾਰ ਵਿਵਸਥਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਥੋਂ ਦੇ ਲੋਕ ਦੇਸ਼ ਦੇ ਹੋਰ ਹਿੱਸਿਆਂ ਲਈ ਮਿਸਾਲ ਪੇਸ਼ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਇਹ ਵੀ ਭਰੋਸਾ ਦਿਤਾ ਕਿ ਉਨ੍ਹਾਂ ਦੀ ਸੁਰੱਖਿਆ ਸਰਕਾਰ ਦੀਆਂ ਸਿਖਰਲੀਆਂ ਤਰਜੀਹਾਂ ਵਿਚੋਂ ਇਕ ਹੈ। 

ਉਨ੍ਹਾਂ ਇਥੇ ਬੀਜੇਆਰ ਸਟੇਡੀਅਮ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, 'ਇਥੇ ਲੋਕ ਲੰਮੇ ਸਮੇਂ ਤੋਂ ਸਮੁੰਦਰੀ ਸ਼ਰਨ ਦੀ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕਰ ਰਹੇ ਹਨ। ਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਸਰਕਾਰ ਨੇ ਇਸ ਸਮੱਸਿਆ ਨਾਲ ਸਿੱਝਣ ਲਈ ਸਮੁੰਦਰੀ ਕੰਧ ਖੜੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਦੀ ਨੀਂਹ ਅੱਜ ਰੱਖੀ ਜਾਵੇਗੀ। ਪ੍ਰਧਾਨ ਮੰਰਤੀ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਕੰਧ ਛੇਤੀ ਹੀ ਬਣਾ ਲਈ ਜਾਵੇਗੀ ਅਤੇ ਇਸ 'ਤੇ 50 ਕਰੋੜ ਰੁਪਏ ਦਾ ਖ਼ਰਚਾ ਆਵੇਗਾ।

ਉਨ੍ਹਾਂ ਕਿਸਾਨਾਂ ਦੀ ਭਲਾਈ ਲਈ ਕੀਤੀ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਕੋਟਨ ਹਸਕ ਦਾ ਘੱਟੋ ਘੱਟ ਸਮਰਥਨ ਮੁਲ 7000 ਰੁਪਏ ਤੋਂ ਵਧਾ ਕੇ 9000 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ, 'ਅਸੀਂ ਦੇਸ਼ ਨੂੰ ਸਸਤੀ ਅਤੇ ਗਰੀਨ ਊਰਜਾ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਦੀਪ 'ਤੇ 300 ਕਿਲੋਵਾਟ ਤਕ ਦੀ ਸੌਰ ਊਰਜਾ ਪੈਦਾ ਕਰਨ ਵਾਲੀ ਇਕਾਈ ਸਥਾਪਤ ਕੀਤੀ ਜਾਵੇਗੀ। (ਏਜੰਸੀ)