ਅਮਰੀਕੀ ਸਿੱਖਾਂ ਨੇ ਕਰਤਾਰਪੁਰ ਲਾਂਘੇ ਲਈ ਨਰਿੰਦਰ ਮੋਦੀ ਦਾ ਕੀਤਾ ਧਨਵਾਦ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਨੇ ਪੰਜਾਬ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕੀਤਾ ਹੈ.......

Gurdwara Kartarpur Sahib

ਵਾਸ਼ਿੰਗਟਨ  : ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਨੇ ਪੰਜਾਬ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਦੇ ਪੱਖ ਵਿਚ ਪਾਸ ਇਕ ਪ੍ਰਸਤਾਵ ਵਿਚ 'ਸਿੱਖਜ਼ ਆਫ਼ ਅਮਰੀਕਾ' ਸੰਗਠਨ ਨੇ ਲਿਖਿਆ ਹੈ,''ਅਸੀਂ ਭਾਰਤ ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਸਿੱਖਾਂ ਦੇ ਪੁਰਾਣੇ ਸੁਪਨੇ ਨੂੰ ਪੂਰਾ ਕਰਨ ਅਤੇ 26 ਨਵੰਬਰ, 2018 ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਧਨਵਾਦ ਕਰਦੇ ਹਾਂ।'' 

ਪ੍ਰਸਤਾਵ ਵਿਚ ਕਿਹਾ ਗਿਆ ਹੈ,''ਕਿਉਂਕਿ ਨੀਂਹ ਪੱਥਰ ਪਾਕਿਸਤਾਨ ਵਿਚ ਵੀ ਰਖਿਆ ਗਿਆ ਹੈ, ਪੂਰੀ ਦੁਨੀਆਂ ਦੇ ਸਿੱਖ ਇਸ ਤੀਰਥ ਯਾਤਰਾ ਦਾ ਪੂਰੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ।'' ਵਾਸ਼ਿੰਗਟਨ ਦੇ ਮੈਰੀਲੈਂਡ ਵਿਚ 'ਸਿੱਖਜ਼ ਆਫ਼ ਅਮਰੀਕਾ' ਵਲੋਂ ਆਯੋਜਤ ਇਕ ਪ੍ਰੋਗਰਾਮ ਵਿਚ ਇਸ ਪ੍ਰਸਤਾਵ ਦੀ ਕਾਪੀ ਭਾਰਤੀ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੂੰ ਸੌਂਪੀ ਗਈ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ  ਸਥਿਤ ਦਰਬਾਰ ਸਾਹਿਬ ਨੂੰ ਭਾਰਤ ਵਿਚ ਪੰਜਾਬ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨਾਲ ਜੋੜੇਗਾ।

ਕਰਤਾਰਪੁਰ ਵਿਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣਾ ਅੰਤਮ ਸਮਾਂ ਗੁਜਾਰਿਆ ਸੀ। ਸਿੱਖਾਂ ਨੂੰ 1522 ਵਿਚ ਗੁਰੂ ਨਾਨਕ ਦੇਵ ਦੁਆਰਾ ਸਥਾਪਤ ਇਸ ਗੁਰਦਵਾਰੇ ਦੀ ਯਾਤਰਾ ਕਰਨ ਲਈ ਵੀਜ਼ਾ ਨਹੀਂ ਲੈਣਾ ਹੋਵੇਗਾ। ਇਥੇ ਜਾਣ ਲਈ ਭਾਰਤੀ ਸਿੱਖਾਂ ਨੂੰ ਸਿਰਫ਼ ਇਕ ਪਰਮਿਟ ਲੈਣ ਦੀ ਇਜਾਜ਼ਤ ਹੋਵੇਗੀ। 

ਸਾਲ 1984 ਵਿਚ ਹੋਏ ਸਿੱਖ ਕਤਲੇਆਮ ਦੇ ਕੁੱਝ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਭਾਰਤ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਸੰਗਠਨ ਦੇ ਪ੍ਰਮੁੱਖ ਜਸਦੀਪ ਸਿੰਘ ਨੇ ਕਿਹਾ,''ਬੀਤੇ ਕੁੱਝ ਮਹੀਨਿਆਂ ਤੋਂ ਭਾਰਤ ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਸਿੱਖਾਂ ਲਈ ਚੰਗੀਆਂ ਖ਼ਬਰਾਂ ਆ ਰਹੀਆਂ ਹਨ।'' ਸਿੱਖ ਕਤੇਲਆਮ 'ਤੇ ਉਨ੍ਹਾਂ ਕਿਹਾ,''ਅਖ਼ੀਰ ਸਾਨੂੰ ਹਨੇਰੇ ਵਿਚ ਆਸ ਦੀ ਕਿਰਨ ਦਿਸ ਰਹੀ ਹੈ। ਭਾਵੇਂ ਕਿ ਹਾਲੇ ਹੋਰ ਵੀ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ।''              (ਪੀ.ਟੀ.ਆਈ)

Related Stories