ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਤਲ ਸ਼ਹੀਦੀਆਂ ਨਹੀਂ, 'ਹਾਦਸੇ' ਹਨ - ਭਾਜਪਾ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, "ਸ਼ਹਾਦਤ 'ਤੇ ਕੋਈ ਇਨ੍ਹਾਂ ਦੀ ਇਜਾਰੇਦਾਰੀ ਨਹੀਂ"

Image For Representative Purpose Only

 

ਦੇਹਰਾਦੂਨ - ਉੱਤਰਾਖੰਡ ਦੇ ਕੈਬਿਨੇਟ ਮੰਤਰੀ ਗਣੇਸ਼ ਜੋਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਾਦਤ ਗਾਂਧੀ ਪਰਿਵਾਰ ਦੀ ਜਾਇਦਾਦ ਨਹੀਂ ਹੈ, ਅਤੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਤਲ 'ਹਾਦਸੇ' ਸਨ।

ਆਪਣੇ ਜਨਮ ਦਿਨ ਮੌਕੇ ਇੱਕ ਸਮਾਗਮ 'ਚ ਬੋਲਦਿਆਂ ਜੋਸ਼ੀ ਨੇ ਕਿਹਾ, ''ਮੈਨੂੰ ਰਾਹੁਲ ਗਾਂਧੀ ਜੀ ਦੀ ਬੁੱਧੀ 'ਤੇ ਤਰਸ ਆਉਂਦਾ ਹੈ। ਭਗਤ ਸਿੰਘ, (ਵੀਰ) ਸਾਵਰਕਰ ਅਤੇ ਚੰਦਰਸ਼ੇਖਰ ਆਜ਼ਾਦ ਨੇ ਆਜ਼ਾਦੀ ਦੀ ਲਹਿਰ ਵਿੱਚ ਸ਼ਹਾਦਤਾਂ ਦਿੱਤੀਆਂ। ਸ਼ਹਾਦਤ 'ਤੇ ਇਨ੍ਹਾਂ ਦੀ ਇਜਾਰੇਦਾਰੀ ਨਹੀਂ ਹੈ, ਇਹ ਗਾਂਧੀ ਪਰਿਵਾਰ ਦੇ ਮੈਂਬਰਾਂ ਨਾਲ ਵਾਪਰੇ ਹਾਦਸੇ ਹਨ। ਸ਼ਹੀਦੀ ਅਤੇ ਹਾਦਸੇ ਵਿੱਚ ਬਹੁਤ ਫ਼ਰਕ ਹੁੰਦਾ ਹੈ।"

ਉਨ੍ਹਾਂ ਅੱਗੇ ਕਿਹਾ ਕਿ ਜਿਸ ਕੋਲ ਜਿੰਨੀ ਅਕਲ ਹੈ ਉਹ ਓਨੀ ਹੀ ਗੱਲ ਕਰੇਗਾ। ਸ਼੍ਰੀਨਗਰ ਵਿੱਚ 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਮੌਕੇ ਕਾਂਗਰਸੀ ਆਗੂ ਵੱਲੋਂ ਦਿੱਤੇ ਭਾਸ਼ਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ’ਤੇ ਜੋਸ਼ੀ ਨੇ ਇਹ ਗੱਲ ਕਹੀ।

ਪੁਸ਼ਕਰ ਸਿੰਘ ਧਾਮੀ ਸਰਕਾਰ ਵਿੱਚ ਸੈਨਿਕ ਭਲਾਈ ਮੰਤਰੀ ਜੋਸ਼ੀ ਨੇ ਗਾਂਧੀ ਦੀ ਜੰਮੂ-ਕਸ਼ਮੀਰ ਫ਼ੇਰੀ ਨੂੰ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੱਤਾ।

ਜੋਸ਼ੀ ਨੇ ਕਿਹਾ, "ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ। ਜੇਕਰ ਧਾਰਾ 370 ਨਾ ਹਟਾਈ ਜਾਂਦੀ, ਤਾਂ ਮਾਹੌਲ ਠੀਕ ਨਾ ਹੁੰਦਾ ਅਤੇ ਰਾਹੁਲ ਗਾਂਧੀ ਲਾਲ ਚੌਕ 'ਤੇ ਤਿਰੰਗਾ ਨਹੀਂ ਲਹਿਰਾ ਸਕਦੇ ਸਨ।"

ਭਾਜਪਾ ਨੇਤਾ ਮੁਰਲੀ ​​ਮਨੋਹਰ ਜੋਸ਼ੀ ਨੇ ਸ਼੍ਰੀਨਗਰ ਦੇ ਲਾਲ ਚੌਕ 'ਤੇ ਰਾਸ਼ਟਰੀ ਝੰਡਾ ਉਸ ਸਮੇਂ ਲਹਿਰਾਇਆ ਸੀ, ਜਦੋਂ ਜੰਮੂ-ਕਸ਼ਮੀਰ 'ਚ ਹਿੰਸਾ ਸਿਖਰਾਂ 'ਤੇ ਸੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਜੋਸ਼ੀ ਨਾਲ ਇਸ ਸਮਾਗਮ ਵਿੱਚ ਹਾਜ਼ਰ ਸਨ।