ਚੰਪਾਈ ਸੋਰੇਨ ਨੂੰ ਸਹੁੰ ਚੁੱਕਣ ਲਈ ਸੱਦਾ ਕਿਉਂ ਨਹੀਂ ਦਿਤਾ ਗਿਆ, ਕੀ ਰਾਸ਼ਟਰਪਤੀ ਰਾਜ ਦੀ ਉਡੀਕ ਹੈ? : ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

ਝਾਰਖੰਡ : ਜੇ.ਐਮ.ਐਮ. ਦੀ ਅਗਵਾਈ ਵਾਲੇ ਗੱਠਜੋੜ ਦੇ ਆਗੂਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ, ਸਰਕਾਰ ਬਣਾਉਣ ਦੇ ਉਨ੍ਹਾਂ ਦੇ ਦਾਅਵੇ ਨੂੰ ਛੇਤੀ ਮਨਜ਼ੂਰ ਕਰਨ ਦੀ ਅਪੀਲ

Hemant Soren and Champai Soren

ਨਵੀਂ ਦਿੱਲੀ: ਕਾਂਗਰਸ ਨੇ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਨੇਤਾ ਚੰਪਾਈ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਦਿਤੇ ਜਾਣ ’ਤੇ ਹੈਰਾਨੀ ਪ੍ਰਗਟਾਈ ਅਤੇ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਣਨ ਦੀ ਭੂਮਿਕਾ ’ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕਿਤੇ ਅਜਿਹਾ ਤਾਂ ਨਹੀਂ ਹੈ ਕਿ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਉਡੀਕ ਕੀਤੀ ਜਾ ਰਹੀ ਹੈ। 

ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ, ‘‘ਬਿਹਾਰ ’ਚ ਪਲਟੂ ਕੁਮਾਰ (ਨਿਤੀਸ਼ ਕੁਮਾਰ) ਦੇ ਅਸਤੀਫਾ ਦੇਣ ਤੋਂ ਤੁਰਤ ਬਾਅਦ ਉਨ੍ਹਾਂ ਨੇ ਸਹੁੰ ਚੁਕੀ ਸੀ ਪਰ ਝਾਰਖੰਡ ’ਚ ਜੇ.ਐਮ.ਐਮ.-ਕਾਂਗਰਸ ਗੱਠਜੋੜ ਨੂੰ 47-48 ਵਿਧਾਇਕਾਂ ਦਾ ਸਮਰਥਨ ਹੋਣ ਦੇ ਬਾਵਜੂਦ ਚੰਪਾਈ ਸੋਰੇਨ ਨੂੰ ਸਹੁੰ ਚੁੱਕਣ ਲਈ ਸੱਦਾ ਨਹੀਂ ਦਿਤਾ ਗਿਆ।’’ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਜਾਣਨਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਸੋਚ ਰਹੇ ਸਨ। 

ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਨੇਤਾ ਹੇਮੰਤ ਸੋਰੇਨ ਨੂੰ ਬੁਧਵਾਰ ਰਾਤ ਨੂੰ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਲਈ ਰਾਜ ਦੇ ਟਰਾਂਸਪੋਰਟ ਮੰਤਰੀ ਚੰਪਾਈ ਸੋਰੇਨ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ ਸੀ।

ਉਧਰ ਰਾਂਚੀ ’ਚ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਵਿਧਾਇਕ ਦਲ ਦੇ ਨੇਤਾ ਚੰਪਾਈ ਸੋਰੇਨ ਨੇ ਵੀਰਵਾਰ ਨੂੰ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਦੇ ਉਨ੍ਹਾਂ ਦੇ ਦਾਅਵੇ ਨੂੰ ਜਲਦੀ ਤੋਂ ਜਲਦੀ ਮਨਜ਼ੂਰ ਕਰਨ ਦੀ ਅਪੀਲ ਕੀਤੀ। 

ਉਨ੍ਹਾਂ ਕਿਹਾ ਕਿ ਰਾਜਪਾਲ ਨੇ ਜੇ.ਐਮ.ਐਮ. ਦੀ ਅਗਵਾਈ ਵਾਲੇ ਗੱਠਜੋੜ ਦੇ ਵਫ਼ਦ ਨੂੰ ਭਰੋਸਾ ਦਿਤਾ ਕਿ ਉਹ ਜਲਦੀ ਹੀ ਇਸ ਮਾਮਲੇ ’ਤੇ ਫੈਸਲਾ ਲੈਣਗੇ। ਚੰਪਾਈ ਸੋਰੇਨ ਨੇ ਰਾਜਭਵਨ ’ਚ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕਿਹਾ, ‘‘ਅਸੀਂ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਫੈਸਲਾ ਲੈਣ ਕਿਉਂਕਿ ਝਾਰਖੰਡ ’ਚ 20 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਕੋਈ ਸਰਕਾਰ ਨਹੀਂ ਹੈ।’’

ਹੇਮੰਤ ਸੋਰੇਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਇਕ ਮਾਮਲੇ ’ਚ ਸੱਤ ਘੰਟੇ ਦੀ ਪੁੱਛ-ਪੜਤਾਲ ਤੋਂ ਬਾਅਦ ਬੁਧਵਾਰ ਰਾਤ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। 

ਇਸ ਤੋਂ ਬਾਅਦ ਚੰਪਾਈ ਸੋਰੇਨ ਨੂੰ ਜੇ.ਐਮ.ਐਮ. ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਚੰਪਾਈ ਸੋਰੇਨ ਨੇ ‘ਐਕਸ’’ਤੇ ਕਿਹਾ, ‘‘ਅਸੀਂ ਇਕਜੁੱਟ ਹਾਂ। ਸਾਡਾ ਗੱਠਜੋੜ ਬਹੁਤ ਮਜ਼ਬੂਤ ਹੈ। ਕੋਈ ਵੀ ਇਸ ਨੂੰ ਤੋੜ ਨਹੀਂ ਸਕਦਾ।’’

ਝਾਰਖੰਡ ਮੋਰਚਾ ਦੀ ਅਗਵਾਈ ਵਾਲੇ ਗੱਠਜੋੜ ਵਲੋਂ ਜਾਰੀ ਇਕ ਵੀਡੀਉ ’ਚ 81 ਮੈਂਬਰੀ ਝਾਰਖੰਡ ਵਿਧਾਨ ਸਭਾ ’ਚ 43 ਵਿਧਾਇਕਾਂ ਦਾ ਸਮਰਥਨ ਵਿਖਾਇਆ ਗਿਆ ਹੈ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੇ ਨੇਤਾ ਆਲਮਗੀਰ ਆਲਮ ਨੇ ਕਿਹਾ, ‘‘ਜੇਕਰ ਰਾਜਪਾਲ ਸਾਨੂੰ ਨਹੀਂ ਬੁਲਾਉਂਦੇ ਤਾਂ ਅਸੀਂ ਕੱਲ੍ਹ ਦੁਪਹਿਰ ਨੂੰ ਦੁਬਾਰਾ ਉਨ੍ਹਾਂ ਨਾਲ ਮਿਲਣ ਦਾ ਸਮਾਂ ਮੰਗਾਂਗੇ।’’

ਆਲਮ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਸਰਕਾਰ ਬਣਾਉਣ ਦਾ ਫੈਸਲਾ ਜਲਦੀ ਨਹੀਂ ਲਿਆ ਗਿਆ ਤਾਂ ਖਰੀਦਦਾਰੀ ਲਈ ਕੌਣ ਜ਼ਿੰਮੇਵਾਰ ਹੋਵੇਗਾ। ਚੰਪਾਈ ਸੋਰੇਨ ਦੇ ਨਾਲ ਆਲਮ, ਕੌਮੀ ਜਨਤਾ ਦਲ (ਆਰ.ਜੇ.ਡੀ.) ਦੇ ਵਿਧਾਇਕ ਸੱਤਿਆਨੰਦ ਭੋਕਟਾ, ਸੀ.ਪੀ.ਆਈ. (ਐਮ.ਐਲ.) ਦੇ ਵਿਧਾਇਕ ਵਿਨੋਦ ਸਿੰਘ ਅਤੇ ਵਿਧਾਇਕ ਪ੍ਰਦੀਪ ਯਾਦਵ ਵੀ ਸਨ।