Congress News: 51 ਸਾਲਾਂ ਤਕ ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਰਹੇ ਗਾਂਧੀ-ਨਹਿਰੂ ਪਰਿਵਾਰ ਦੇ ਮੈਂਬਰ

ਏਜੰਸੀ

ਖ਼ਬਰਾਂ, ਰਾਜਨੀਤੀ

22 ਸਾਲ ਪਾਰਟੀ ਪ੍ਰਧਾਨ ਰਹੇ ਸੋਨੀਆ ਗਾਂਧੀ

Gandhi-Nehru family member held post of Congress President for 51 years

Congress News: ਨਹਿਰੂ-ਗਾਂਧੀ ਪਰਿਵਾਰ ਦੀ 5ਵੀਂ ਪੀੜ੍ਹੀ ਮੌਜੂਦਾ ਸਮੇਂ ਕਾਂਗਰਸ ਦੀ ਕਾਂਗਰਸ ਦੀ ਕਮਾਨ ਸੰਭਾਲ ਰਹੀ ਹੈ। 140 ਸਾਲ ਪੁਰਾਣੀ ਪਾਰਟੀ 'ਚ ਗਾਂਧੀ-ਨਹਿਰੂ ਪਰਿਵਾਰ ਦੇ ਮੈਂਬਰ 51 ਸਾਲਾਂ ਤਕ ਪ੍ਰਧਾਨ ਦੇ ਅਹੁਦੇ 'ਤੇ ਰਹੇ ਹਨ। ਸੋਨੀਆ ਗਾਂਧੀ ਸੱਭ ਤੋਂ ਵੱਧ 22 ਸਾਲ ਪਾਰਟੀ ਪ੍ਰਧਾਨ ਰਹੇ। ਅੱਜ ਅਸੀਂ ਤੁਹਾਨੂੰ ਗਾਂਧੀ ਨਹਿਰੂ ਪਰਿਵਾਰ, ਜਿਸ ਨੂੰ ਦੇਸ਼ ਦਾ ਪਹਿਲਾ ਸਿਆਸੀ ਪਰਿਵਾਰ ਕਿਹਾ ਜਾਂਦਾ ਹੈ, ਦੀ ਕਹਾਣੀ ਦੱਸਣ ਜਾ ਰਹੇ ਹਾਂ।

ਹੁਣ ਤਕ 6 ਮੈਂਬਰ ਬਣੇ ਪਾਰਟੀ ਪ੍ਰਧਾਨ

ਮੋਤੀ ਲਾਲ ਨਹਿਰੂ 1928 ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ। ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਪਾਰਟੀ ਦੀ ਅਗਲੀ ਕਮਾਨ ਕਿਸ ਨੂੰ ਸੌਂਪੀ ਜਾਵੇ। 15 ਜੂਨ, 1928 ਨੂੰ ਮੋਤੀ ਲਾਲ ਨੇ ਮਹਾਤਮਾ ਗਾਂਧੀ ਨੂੰ ਲਿਖੀ ਚਿੱਠੀ ਵਿਚ ਲਿਖਿਆ, 'ਮੈਂ ਜਾਣਦਾ ਹਾਂ ਕਿ ਵੱਲਭ ਭਾਈ ਪਟੇਲ ਕਾਂਗਰਸ ਪ੍ਰਧਾਨ ਬਣਨ ਦੇ ਯੋਗ ਹਨ। ਹਾਲਾਂਕਿ, ਸਾਰੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਜਵਾਹਰ ਲਾਲ ਨਹਿਰੂ ਸੱਭ ਤੋਂ ਵਧੀਆ ਵਿਕਲਪ ਹਨ

ਮਹਾਤਮਾ ਗਾਂਧੀ ਨੇ ਜਵਾਬ ਦਿਤਾ- ਜਵਾਹਰ ਨੂੰ ਇਹ ਜ਼ਿੰਮੇਵਾਰੀ ਦੇਣ ਦਾ ਅਜੇ ਸਮਾਂ ਨਹੀਂ ਆਇਆ।

11 ਜੁਲਾਈ ਦੀ ਇਕ ਹੋਰ ਚਿੱਠੀ ਵਿਚ ਮੋਤੀ ਲਾਲ ਨੇ ਜ਼ੋਰਦਾਰ ਢੰਗ ਨਾਲ ਲਿਖਿਆ, 'ਸਾਡੀ ਪੀੜ੍ਹੀ ਦਾ ਅੰਤ ਹੋ ਰਿਹਾ ਹੈ। ਅੱਜ ਨਹੀਂ ਤਾਂ ਕੱਲ੍ਹ ਨੂੰ ਹੀ ਜਵਾਹਰ ਵਰਗੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਜਾਰੀ ਰੱਖਣੀ ਪਵੇਗੀ। ਇਸ ਲਈ ਉਹ ਜਿੰਨੀ ਜਲਦੀ ਸ਼ੁਰੂ ਕਰਨਗੇ, ਓਨਾ ਹੀ ਚੰਗਾ ਹੋਵੇਗਾ

ਅਗਲੇ ਹੀ ਸਾਲ 1929 ਦੇ ਲਾਹੌਰ ਸੈਸ਼ਨ ਵਿਚ ਜਵਾਹਰ ਲਾਲ ਨਹਿਰੂ ਨੂੰ ਪਹਿਲੀ ਵਾਰ ਕਾਂਗਰਸ ਪ੍ਰਧਾਨ ਬਣਾਇਆ ਗਿਆ। ਇਹ ਕਹਾਣੀ ਦੱਸਦੀ ਹੈ ਕਿ ਮੋਤੀ ਲਾਲ ਨਹਿਰੂ ਨੇ ਅਪਣੇ ਪੁੱਤਰ ਜਵਾਹਰ ਲਈ ਇਕ ਭੂਮਿਕਾ ਬਣਾਈ ਅਤੇ ਅੰਤ ਵਿਚ ਜਵਾਹਰ ਲਾਲ ਨਹਿਰੂ ਉਸ ਸਮੇਂ ਦੀ ਸੱਭ ਤੋਂ ਵੱਡੀ ਸਿਆਸੀ ਪਾਰਟੀ ਕਾਂਗਰਸ ਦੇ ਪ੍ਰਧਾਨ ਬਣ ਗਏ। ਉਦੋਂ ਤੋਂ ਇਹ ਰੁਝਾਨ ਲਗਾਤਾਰ ਜਾਰੀ ਹੈ। ਹੁਣ ਤਕ ਪਰਿਵਾਰ ਦੇ 6 ਮੈਂਬਰ ਪਾਰਟੀ ਪ੍ਰਧਾਨ ਬਣ ਚੁੱਕੇ ਹਨ।

  • ਮੋਤੀ ਲਾਲ ਨਹਿਰੂ- 1919 ਤੋਂ 1928
  • ਜਵਾਹਰ ਲਾਲ ਨਹਿਰੂ- 1929-30, 1936-37, 1946, 1951-54
  • ਇੰਦਰਾ ਗਾਂਧੀ- 1959, 1978-83
  • ਰਾਜੀਵ ਗਾਂਧੀ – 1985-91
  • ਸੋਨੀਆ ਗਾਂਧੀ-1998-2017
  • ਰਾਹੁਲ ਗਾਂਧੀ-2017-2019
  • ਸੋਨੀਆ ਗਾਂਧੀ-2019-2022 (ਅੰਤ੍ਰਿਮ ਪ੍ਰਧਾਨ)

ਵੱਡੇ ਅਹੁਦਿਆਂ ਤੇ ਰਹੇ ਪੂਰਵਜ

ਮੋਤੀ ਲਾਲ ਨਹਿਰੂ ਦੇ ਦਾਦਾ ਲਕਸ਼ਮੀ ਨਰਾਇਣ ਮੁਗਲ ਅਦਾਲਤ ਵਿਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਪਹਿਲੇ ਵਕੀਲ ਸਨ। ਉਨ੍ਹਾਂ ਦਾ ਪਰਿਵਾਰ ਕਸ਼ਮੀਰ ਨਾਲ ਸਬੰਧਤ ਸੀ, ਪਰ ਇਹ ਪਰਿਵਾਰ 18ਵੀਂ ਸਦੀ ਦੇ ਸ਼ੁਰੂ ਵਿਚ ਦਿੱਲੀ ਆ ਕੇ ਵੱਸ ਗਿਆ ਸੀ। ਜਦੋਂ 1857 ਦੀ ਕ੍ਰਾਂਤੀ ਨੂੰ ਕੁਚਲਣ ਲਈ ਬ੍ਰਿਟਿਸ਼ ਫੌਜ ਦਿੱਲੀ ਵਿਚ ਦਾਖਲ ਹੋਈ ਤਾਂ ਮੋਤੀ ਲਾਲ ਨਹਿਰੂ ਦੇ ਪਿਤਾ ਗੰਗਾਧਰ ਨਹਿਰੂ ਸ਼ਹਿਰ ਦੇ ਕੋਤਵਾਲ ਸਨ। ਅੰਗਰੇਜ਼ਾਂ ਦੇ ਡਰ ਕਾਰਨ ਗੰਗਾਧਰ ਨਹਿਰੂ ਪਰਿਵਾਰ ਸਮੇਤ ਦਿੱਲੀ ਛੱਡ ਕੇ ਆਗਰਾ ਆ ਕੇ ਵੱਸ ਗਏ।

ਗੰਗਾਧਰ ਨਹਿਰੂ ਦੀ ਮੌਤ ਮਾਰਚ 1861 ਵਿਚ ਹੋਈ ਅਤੇ ਮੋਤੀ ਲਾਲ ਨਹਿਰੂ ਦਾ ਜਨਮ ਤਿੰਨ ਮਹੀਨੇ ਬਾਅਦ 6 ਮਈ 1861 ਨੂੰ ਹੋਇਆ। ਮੋਤੀ ਲਾਲ ਦਾ ਪਾਲਣ ਪੋਸ਼ਣ ਉਸ ਦੇ ਵੱਡੇ ਭਰਾ ਨੰਦਲਾਲ ਨਹਿਰੂ ਨੇ ਕੀਤਾ ਸੀ। ਨੰਦਲਾਲ ਪਹਿਲਾਂ ਰਾਜਸਥਾਨ ਦੇ ਖੇਤੜੀ ਰਾਜ ਵਿਚ ਦੀਵਾਨ ਸੀ ਅਤੇ ਬਾਅਦ ਵਿਚ ਆਗਰਾ ਹਾਈ ਕੋਰਟ ਵਿਚ ਵਕਾਲਤ ਕਰਨ ਲੱਗ ਪਿਆ। ਜਦੋਂ ਅੰਗਰੇਜ਼ਾਂ ਨੇ ਹਾਈ ਕੋਰਟ ਨੂੰ ਆਗਰਾ ਤੋਂ ਇਲਾਹਾਬਾਦ ਸ਼ਿਫਟ ਕਰ ਦਿਤਾ ਤਾਂ ਨਹਿਰੂ ਪਰਿਵਾਰ ਵੀ ਇਲਾਹਾਬਾਦ ਆ ਕੇ ਵੱਸ ਗਿਆ। 1885 ਵਿਚ ਸੇਵਾਮੁਕਤ ਬ੍ਰਿਟਿਸ਼ ਕਲੈਕਟਰ ਏ.ਓ. ਹਿਊਮ ਨੇ ਕਾਂਗਰਸ ਦੀ ਨੀਂਹ ਰੱਖੀ। ਉਸ ਸਮੇਂ ਕਾਂਗਰਸ ਦੇਸ਼ ਦੇ ਵੱਡੇ ਜਾਗੀਰਦਾਰਾਂ ਅਤੇ ਬੈਰਿਸਟਰਾਂ ਦੀ ਪਾਰਟੀ ਮੰਨੀ ਜਾਂਦੀ ਸੀ। ਉਦੋਂ ਤਕ ਮੋਤੀ ਲਾਲ ਨਹਿਰੂ ਨੇ ਇਲਾਹਾਬਾਦ ਹਾਈ ਕੋਰਟ ਵਿਚ ਵਕਾਲਤ ਸ਼ੁਰੂ ਕਰ ਦਿਤੀ ਸੀ।

ਲੇਖਕ ਡੀ.ਸੀ.ਗੋਸਵਾਮੀ ਦੀ ਪੁਸਤਕ ‘ਪੰਡਿਤ ਮੋਤੀ ਲਾਲ ਨਹਿਰੂ, ਇਕ ਮਹਾਨ ਦੇਸ਼ਭਗਤ’ ਅਨੁਸਾਰ ਜਦੋਂ 1888 ਵਿਚ ਇਲਾਹਾਬਾਦ ਵਿਚ ਕਾਂਗਰਸ ਦੀ ਮੀਟਿੰਗ ਹੋਈ ਤਾਂ ਮੋਤੀ ਲਾਲ ਨਹਿਰੂ ਨੇ ਵੀ ਪਹਿਲੀ ਵਾਰ ਇਸ ਵਿਚ ਸ਼ਮੂਲੀਅਤ ਕੀਤੀ। ਜਵਾਹਰ ਲਾਲ ਨਹਿਰੂ ਦਾ ਜਨਮ 1889 ਵਿਚ ਹੋਇਆ ਸੀ। ਮੋਤੀ ਲਾਲ ਨਹਿਰੂ ਰਾਜਨੀਤੀ ਵੱਲ ਜ਼ਿਆਦਾ ਆਕਰਸ਼ਿਤ ਨਹੀਂ ਸਨ। ਉਨ੍ਹਾਂ ਦਾ ਸਾਰਾ ਧਿਆਨ ਅਪਣੇ ਵਕਾਲਤ ਦੇ ਕਿੱਤੇ 'ਤੇ ਸੀ। ਇਹੀ ਕਾਰਨ ਹੈ ਕਿ 1900 ਤਕ ਮੋਤੀ ਲਾਲ ਨਹਿਰੂ ਦੇਸ਼ ਦੇ ਸੱਭ ਤੋਂ ਮਹਿੰਗੇ ਵਕੀਲਾਂ ਵਿਚ ਗਿਣੇ ਜਾਣ ਲੱਗੇ। ਦਸਿਆ ਜਾਂਦਾ ਹੈ ਕਿ ਉਸ ਸਮੇਂ ਦੌਰਾਨ ਉਹ ਹਰ ਮਹੀਨੇ 1 ਲੱਖ ਰੁਪਏ ਤੋਂ ਵੱਧ ਕਮਾ ਲੈਂਦੇ ਸੀ।

ਮੋਤੀ ਲਾਲ ਨੇ ਇਲਾਹਾਬਾਦ ਵਿਚ ਇਕ ਆਲੀਸ਼ਾਨ ਘਰ ਖਰੀਦਿਆ ਅਤੇ ਇਸ ਦਾ ਨਾਮ ਆਨੰਦ ਭਵਨ ਰੱਖਿਆ। ਉਹ ਇਸ ਦੇ ਅੰਦਰੂਨੀ ਹਿੱਸੇ ਲਈ ਕਈ ਵਾਰ ਯੂਰਪ ਗਏ। ਉਹ ਸ਼ਾਹੀ ਜੀਵਨ ਬਤੀਤ ਕਰਦੇ ਸੀ। ਇਥੋਂ ਤਕ ਕਿ ਉਸ ਦੇ ਸੂਟ ਵੀ ਲੰਡਨ ਤੋਂ ਸਿਲਾਈ ਹੋਏ ਸਨ। ਮੋਤੀ ਲਾਲ ਦੇ ਤਿੰਨ ਬੱਚੇ ਸਨ - ਪੁੱਤਰ ਜਵਾਹਰ ਅਤੇ ਧੀਆਂ ਕ੍ਰਿਸ਼ਨਾ ਅਤੇ ਸਰੂਪ। ਬੱਚਿਆਂ ਲਈ ਵਧੀਆ ਘਰੇਲੂ ਪੜ੍ਹਾਈ ਤੋਂ ਲੈ ਕੇ ਘੋੜ ਸਵਾਰੀ ਤਕ ਦੇ ਸਾਰੇ ਪ੍ਰਬੰਧ ਸਨ।

ਪਹਿਲੀ ਪੀੜ੍ਹੀ- ਜਲਿਆਂਵਾਲਾ ਬਾਗ ਕਤਲੇਆਮ ਮਗਰੋਂ ਸਿਆਸਤ ਵਿਚ ਆਏ ਮੋਤੀ ਲਾਲ

13 ਅਪ੍ਰੈਲ 1919 ਨੂੰ ਅੰਗਰੇਜ਼ ਅਫਸਰ ਜਨਰਲ ਓਡਵਾਇਰ ਦੇ ਹੁਕਮਾਂ 'ਤੇ ਜਲਿਆਂਵਾਲਾ ਬਾਗ ਵਿਚ ਸੈਂਕੜੇ ਭਾਰਤੀਆਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਸਮੇਂ ਅੰਗਰੇਜ਼ਾਂ ਵਿਰੁਧ ਆਮ ਲੋਕਾਂ ਵਿਚ ਗੁੱਸਾ ਜਵਾਲਾਮੁਖੀ ਵਾਂਗ ਉਬਲ ਰਿਹਾ ਸੀ। ਮੋਤੀ ਲਾਲ ਵੀ ਉਨ੍ਹਾਂ ਵਿਚੋਂ ਇਕ ਸਨ।

ਦਸੰਬਰ 1919 ਵਿਚ ਜਦੋਂ ਕਾਂਗਰਸ ਪਾਰਟੀ ਦੀ ਅੰਮ੍ਰਿਤਸਰ ਵਿਚ ਮੀਟਿੰਗ ਹੋਈ ਤਾਂ ਮੋਤੀ ਲਾਲ ਨੂੰ ਕੌਮੀ ਪ੍ਰਧਾਨ ਚੁਣ ਲਿਆ ਗਿਆ। ਮੋਤੀ ਲਾਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਇਸੇ ਗੁੱਸੇ ਦੇ ਆਧਾਰ 'ਤੇ ਅੰਗਰੇਜ਼ਾਂ ਵਿਰੁਧ ਇਕ ਵੱਡੇ ਅਹਿੰਸਕ ਅੰਦੋਲਨ ਦੀ ਤਿਆਰੀ ਕਰ ਰਹੀ ਸੀ। ਜਦੋਂ ਗਾਂਧੀ ਨੇ 4 ਸਤੰਬਰ 1920 ਨੂੰ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਤਾਂ ਮੋਤੀ ਲਾਲ ਨੇ ਉਸ ਦਾ ਸਮਰਥਨ ਕੀਤਾ। ਨਤੀਜਾ ਇਹ ਹੋਇਆ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੂਜੀ ਪੀੜ੍ਹੀ- ਦੇਸ਼ ਦੇ ਪਹਿਲੇ ਅੰਤਰਿਮ ਪ੍ਰਧਾਨ ਮੰਤਰੀ ਬਣੇ ਨਹਿਰੂ

1922 ਦੀਆਂ ਗਰਮੀਆਂ ਵਿਚ ਜਦੋਂ ਮੋਤੀ ਲਾਲ ਨਹਿਰੂ ਜੇਲ ਤੋਂ ਬਾਹਰ ਆਏ ਤਾਂ ਕਾਂਗਰਸ ਪਾਰਟੀ ਕਈ ਧੜਿਆਂ ਵਿਚ ਵੰਡੀ ਗਈ। 1923 ਵਿਚ, ਮੋਤੀ ਲਾਲ ਨਹਿਰੂ ਨੇ ਸੀਆਰ ਦਾਸ ਦੇ ਨਾਲ ਸਵਰਾਜ ਦੇ ਨਾਮ ਨਾਲ ਇਕ ਨਵੀਂ ਸਿਆਸੀ ਪਾਰਟੀ ਬਣਾਈ। ਹਾਲਾਂਕਿ, ਉਨ੍ਹਾਂ ਦਾ ਇਹ ਪ੍ਰਯੋਗ ਜ਼ਿਆਦਾ ਦੇਰ ਤਕ ਸਫਲ ਨਹੀਂ ਰਿਹਾ ਅਤੇ 1925 ਵਿਚ ਪਾਰਟੀ ਫਿਰ ਕਾਂਗਰਸ ਵਿਚ ਮਿਲ ਗਈ।

ਮੋਤੀ ਲਾਲ ਨਹਿਰੂ 1928 ਵਿਚ ਕੋਲਕਾਤਾ ਸੈਸ਼ਨ ਵਿਚ ਦੁਬਾਰਾ ਕਾਂਗਰਸ ਪ੍ਰਧਾਨ ਬਣੇ। ਅਗਲੇ ਸਾਲ ਜਦੋਂ ਮੋਤੀ ਲਾਲ ਨਹਿਰੂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਗਏ ਤਾਂ ਉਨ੍ਹਾਂ ਦੇ ਪੁੱਤਰ ਜਵਾਹਰ ਲਾਲ ਨਹਿਰੂ ਨੇ ਲਾਹੌਰ ਸੈਸ਼ਨ ਵਿਚ ਉਨ੍ਹਾਂ ਦੀ ਜਗ੍ਹਾ ਲਈ। 1930 ਵਿਚ, ਜਦੋਂ ਜਵਾਹਰ ਲਾਲ ਨਹਿਰੂ ਨਮਕ ਦੇ ਕਾਨੂੰਨ ਨੂੰ ਤੋੜਨ ਲਈ ਜੇਲ ਗਏ ਤਾਂ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਕਮਾਨ ਅਪਣੇ ਪਿਤਾ ਮੋਤੀ ਲਾਲ ਨਹਿਰੂ ਨੂੰ ਸੌਂਪ ਦਿਤੀ। ਨਹਿਰੂ 6 ਮਹੀਨਿਆਂ ਬਾਅਦ ਜੇਲ ਤੋਂ ਬਾਹਰ ਆਏ ਅਤੇ 1931 ਵਿਚ ਮੋਤੀ ਲਾਲ ਦੀ ਮੌਤ ਹੋ ਗਈ।

ਇਤਿਹਾਸਕਾਰ ਰੁਦਰਾਂਸ਼ੂ ਮੁਖਰਜੀ ਅਪਣੀ ਕਿਤਾਬ 'ਨਹਿਰੂ ਐਂਡ ਬੋਸ ਪੈਰਲਲ ਲਾਈਵਜ਼' ਵਿਚ ਲਿਖਦੇ ਹਨ ਕਿ ਗਾਂਧੀ ਦੇ ਕਹਿਣ 'ਤੇ ਜਵਾਹਰ ਲਾਲ ਨਹਿਰੂ 1936 ਦੇ ਲਖਨਊ ਸੈਸ਼ਨ ਵਿਚ ਪ੍ਰਧਾਨ ਚੁਣੇ ਗਏ ਸਨ। ਦਸੰਬਰ 1936 ਵਿਚ ਫੈਜ਼ਪੁਰ ਕਾਨਫਰੰਸ ਵਿਚ ਨਹਿਰੂ ਨੂੰ ਅਗਲੇ ਸਾਲ ਲਈ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਸਰਦਾਰ ਪਟੇਲ ਨੂੰ ਇਹ ਪਸੰਦ ਨਹੀਂ ਸੀ।

ਜੀ.ਐਮ. ਨੰਦੂਰਕਰ ਅਪਣੀ ਕਿਤਾਬ 'ਸਰਦਾਰ ਲੈਟਰ ਮੋਸਟਲੀ ਅਨਨੋਨ' ਵਿਚ ਲਿਖਦੇ ਹਨ ਕਿ 15 ਨਵੰਬਰ 1936 ਨੂੰ ਸਰਦਾਰ ਪਟੇਲ ਨੇ ਗਾਂਧੀ ਦੇ ਨਿੱਜੀ ਸਕੱਤਰ ਮਹਾਦੇਵ ਭਾਈ ਦੇਸਾਈ ਨੂੰ ਇਕ ਪੱਤਰ ਲਿਖਿਆ ਸੀ। ਇਸ ਵਿਚ ਉਸ ਨੇ ਲਿਖਿਆ - 'ਇਕ ਸੁਚੱਜੇ ਲਾੜੇ ਵਾਂਗ (ਨਹਿਰੂ) ਜਿੰਨੀਆਂ ਵੀ ਕੁੜੀਆਂ ਮਿਲੇ, ਉਨ੍ਹਾਂ ਨਾਲ ਵਿਆਹ ਕਰਨ ਲਈ ਤਿਆਰ ਹਨ।'

15 ਅਗਸਤ 1947 ਤੋਂ ਇਕ ਸਾਲ ਪਹਿਲਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਭਾਰਤ ਦੀ ਆਜ਼ਾਦੀ ਬਹੁਤੀ ਦੂਰ ਨਹੀਂ ਹੈ। ਇਹ ਵੀ ਤੈਅ ਸੀ ਕਿ ਕਾਂਗਰਸ ਪ੍ਰਧਾਨ ਭਾਰਤ ਦਾ ਪਹਿਲਾ ਅੰਤਰਿਮ ਪ੍ਰਧਾਨ ਮੰਤਰੀ ਬਣੇਗਾ, ਕਿਉਂਕਿ 1946 ਦੀਆਂ ਕੇਂਦਰੀ ਅਸੈਂਬਲੀ ਚੋਣਾਂ ਵਿਚ ਕਾਂਗਰਸ ਨੂੰ ਬਹੁਮਤ ਮਿਲਿਆ ਸੀ। ਕਾਂਗਰਸ ਪ੍ਰਧਾਨ ਦੀ ਚੋਣ ਦਾ ਐਲਾਨ ਕਰ ਦਿਤਾ ਗਿਆ।

ਗਾਂਧੀ ਨੇ ਸਪੱਸ਼ਟ ਕੀਤਾ ਸੀ, 'ਜੇ ਇਸ ਵਾਰ ਮੇਰੇ ਤੋਂ ਰਾਏ ਮੰਗੀ ਗਈ ਤਾਂ ਮੈਂ ਜਵਾਹਰ ਲਾਲ ਨੂੰ ਤਰਜੀਹ ਦੇਵਾਂਗਾ। ਇਸ ਦੇ ਕਈ ਕਾਰਨ ਹਨ। ਮੈਂ ਉਨ੍ਹਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ’। 1946 ਵਿਚ, 80% ਕਾਂਗਰਸ ਕਮੇਟੀਆਂ ਨੇ ਸਰਦਾਰ ਪਟੇਲ ਦੇ ਨਾਮ ਦਾ ਸੁਝਾਅ ਦਿਤਾ, ਪਰ ਗਾਂਧੀ ਨਹਿਰੂ 'ਤੇ ਅੜੇ ਰਹੇ। ਆਖਰਕਾਰ ਪਟੇਲ ਨੇ Dਪਣਾ ਨਾਂ ਵਾਪਸ ਲੈ ਲਿਆ ਅਤੇ ਇਸ ਤਰ੍ਹਾਂ ਨਹਿਰੂ ਦੇਸ਼ ਦੇ ਪਹਿਲੇ ਅੰਤਰਿਮ ਪ੍ਰਧਾਨ ਮੰਤਰੀ ਬਣੇ।

ਤੀਜੀ ਪੀੜ੍ਹੀ:

ਪੱਤਰਕਾਰ ਦੁਰਗਾਦਾਸ ਅਪਣੀ ਕਿਤਾਬ ‘ਇੰਡੀਆ ਫਰਾਮ ਕਰਜ਼ਨ ਟੂ ਨਹਿਰੂ ਐਂਡ ਆਫਟਰ’ ਵਿਚ ਲਿਖਦੇ ਹਨ ਕਿ 1955 ਵਿਚ ਨਹਿਰੂ ਨੇ ਅਪਣੇ ਕਰੀਬੀ ਗੁਜਰਾਤੀ ਆਗੂ ਯੂ.ਐਨ.ਢੇਬਰ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ। 1959 ਵਿਚ, ਢੇਬਰ ਨੇ ਅਹੁਦਾ ਛੱਡਣ ਤੋਂ ਪਹਿਲਾਂ ਇੰਦਰਾ ਨੂੰ ਕਾਂਗਰਸ ਵਰਕਿੰਗ ਕਮੇਟੀ ਵਿਚ ਸ਼ਾਮਲ ਕੀਤਾ।

1959 ਵਿਚ ਅਹੁਦਾ ਛੱਡਣ ਤੋਂ ਪਹਿਲਾਂ, ਢੇਬਰ ਨੇ ਇਕ ਅਚਨਚੇਤ ਮੀਟਿੰਗ ਬੁਲਾਈ। ਸਾਰਿਆਂ ਨੇ ਮਹਿਸੂਸ ਕੀਤਾ ਕਿ ਸੀਨੀਅਰ ਆਗੂ ਸ. ਨਿਜਲਿੰਗੱਪਾ ਪ੍ਰਧਾਨ ਬਣਨਗੇ। ਜਦੋਂ ਢੇਬਰ ਨੇ ਆਗੂਆਂ ਨੂੰ ਦਸਿਆ ਕਿ ਮੀਟਿੰਗ ਅਗਲੇ ਪ੍ਰਧਾਨ ਬਾਰੇ ਹੈ ਤਾਂ ਕਾਮਰਾਜ ਦਾ ਪਹਿਲਾ ਪ੍ਰਤੀਕਰਮ ਸੀ ਕਿ ਇਹ ਤੈਅ ਹੋ ਗਿਆ ਹੈ।

ਫਿਰ ਸ਼ਾਸਤਰੀ ਜੀ ਨੇ ਖੜ੍ਹੇ ਹੋ ਕੇ ਕਿਹਾ - 'ਇੰਦਰਾ ਜੀ ਨੂੰ ਪ੍ਰਧਾਨ ਦੇ ਅਹੁਦੇ ਲਈ ਪੁੱਛਿਆ ਜਾ ਸਕਦਾ ਹੈ।' ਕੁੱਝ ਨੇਤਾਵਾਂ ਨੇ ਇੰਦਰਾ ਦੀ ਸਿਹਤ 'ਤੇ ਸਵਾਲ ਖੜ੍ਹੇ ਕੀਤੇ, ਪਰ ਫਿਰ ਨਹਿਰੂ ਨੇ ਕਿਹਾ - 'ਇੰਦੂ ਦੀ ਸਿਹਤ ਵਿਚ ਕੋਈ ਖਰਾਬੀ ਨਹੀਂ ਹੈ।'

ਇਸ ਤੋਂ ਬਾਅਦ ਬਹਿਸ ਖਤਮ ਹੋ ਗਈ ਅਤੇ ਇੰਦਰਾ ਗਾਂਧੀ ਨੂੰ ਪ੍ਰਧਾਨ ਚੁਣ ਲਿਆ ਗਿਆ। ਯਾਨੀ ਕਿ ਨਹਿਰੂ ਨੇ ਕਾਂਗਰਸ ਦੀ ਕਮਾਨ ਅਪਣੇ ਸਾਹਮਣੇ ਇੰਦਰਾ ਨੂੰ ਸੌਂਪ ਦਿਤੀ ਸੀ। 1978 ਵਿਚ, ਇੰਦਰਾ ਫਿਰ ਪਾਰਟੀ ਪ੍ਰਧਾਨ ਬਣੀ ਅਤੇ ਅਪਣੀ ਮੌਤ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ 'ਤੇ ਰਹੀ।

ਸਿਆਸੀ ਮਾਹਿਰ ਕੁਮਾਰ ਕੇਤਕਰ ਦਾ ਕਹਿਣਾ ਹੈ ਕਿ ਨਿਜਲਿੰਗੱਪਾ 1968 ਵਿਚ ਕਾਂਗਰਸ ਪ੍ਰਧਾਨ ਬਣੇ ਸਨ। ਇੰਦਰਾ ਗਾਂਧੀ ਅਤੇ ਨਿਜਲਿੰਗੱਪਾ ਵਿਚਕਾਰ ਸਿਆਸੀ ਟਕਰਾਅ ਕਿਸੇ ਤੋਂ ਲੁਕਿਆ ਨਹੀਂ ਸੀ। 1969 ਵਿਚ ਇੱਕ ਸਮਾਂ ਅਜਿਹਾ ਆਇਆ ਜਦੋਂ ਨਿਜਲਿੰਗੱਪਾ ਨੇ ਪ੍ਰਧਾਨ ਮੰਤਰੀ ਹੁੰਦਿਆਂ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨੂੰ ਖਾਰਜ ਕਰ ਦਿਤਾ। ਅਜਿਹਾ ਇੰਦਰਾ ਗਾਂਧੀ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਵਿਚਾਲੇ ਵਧਦੇ ਟਕਰਾਅ ਕਾਰਨ ਹੋਇਆ ਹੈ।

ਚੌਥੀ ਪੀੜ੍ਹੀ- ਰਾਜੀਵ ਗਾਂਧੀ ਦੇ ਹੱਥ ਆਈ ਕਮਾਨ

ਰਾਜਨੀਤਿਕ ਮਾਹਿਰ ਰਾਸ਼ਿਦ ਕਿਦਵਈ ਦੇ ਅਨੁਸਾਰ, ਇੰਦਰਾ ਦਾ ਪੁੱਤਰ ਸੰਜੇ ਬ੍ਰਿਟੇਨ ਦੀ ਇਕ ਆਟੋਮੋਬਾਈਲ ਕੰਪਨੀ ਵਿਚ ਇੰਟਰਨਸ਼ਿਪ ਕਰਨ ਤੋਂ ਬਾਅਦ ਭਾਰਤ ਪਰਤਿਆ ਸੀ। ਪੀਐਮ ਮਾਂ ਅਪਣੇ ਪੁੱਤਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਸੀ। ਸੰਜੇ ਨੇ ਦੇਸ਼ 'ਚ ਕਾਰ ਬਣਾਉਣ ਵਾਲੀ ਕੰਪਨੀ ਸ਼ੁਰੂ ਕੀਤੀ। ਇਸ ਸਮੇਂ ਜੋ ਵੀ ਉਸ ਦੀ ਮਾਰੂਤੀ ਨਿਰਮਾਣ ਕੰਪਨੀ ਦੇ ਖਿਲਾਫ ਬੋਲਦਾ ਸੀ ਉਸ ਨੂੰ ਅਪਣਾ ਅਹੁਦਾ ਗੁਆਉਣਾ ਪਿਆ ਸੀ।

ਸੰਜੇ ਦੇ ਕਹਿਣ 'ਤੇ ਇੰਦਰਾ ਨੇ ਅਪਣੇ ਮੁੱਖ ਸਕੱਤਰ ਪੀਐਨ ਹਕਸਰ ਨੂੰ ਅਹੁਦੇ ਤੋਂ ਹਟਾ ਦਿਤਾ ਸੀ। ਸੰਜੇ ਹੌਲੀ-ਹੌਲੀ ਇੰਦਰਾ ਦੇ ਸਾਰੇ ਵੱਡੇ ਸਿਆਸੀ ਫੈਸਲਿਆਂ ਵਿਚ ਸ਼ਾਮਲ ਹੋਣ ਲੱਗੇ। ਉਨ੍ਹਾਂ ਨੂੰ ਭਵਿੱਖ ਵਿਚ ਕਾਂਗਰਸ ਪ੍ਰਧਾਨ ਮੰਨਿਆ ਜਾ ਰਿਹਾ ਸੀ।

ਸੰਜੇ ਗਾਂਧੀ ਦੀ 23 ਜੂਨ 1980 ਨੂੰ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਸੀ। ਸੰਜੇ ਦੀ ਮੌਤ ਤੋਂ ਬਾਅਦ ਰਾਜੀਵ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੇ ਸਨ। ਕਈ ਵੱਡੇ ਨੇਤਾਵਾਂ ਦੇ ਕਹਿਣ 'ਤੇ ਵੀ ਰਾਜੀਵ ਨਾ ਮੰਨੇ। ਅਖੀਰ ਬਦਰੀਨਾਥ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਨੇ ਉਨ੍ਹਾਂ ਨੂੰ ਸਮਝਾਇਆ ਅਤੇ ਰਾਜੀਵ ਗਾਂਧੀ ਪਾਇਲਟ ਦੀ ਨੌਕਰੀ ਛੱਡ ਕੇ ਰਾਜਨੀਤੀ ਵਿਚ ਆਉਣ ਲਈ ਤਿਆਰ ਹੋ ਗਏ।

31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਕਰ ਦਿਤੀ ਗਈ ਸੀ, ਜਿਸ ਤੋਂ ਬਾਅਦ ਪ੍ਰਣਬ ਮੁਖਰਜੀ ਸਮੇਤ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਕਈ ਦਾਅਵੇਦਾਰ ਸਨ। ਉਸੇ ਸ਼ਾਮ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਕਾਂਗਰਸ ਪ੍ਰਧਾਨ ਦਾ ਅਹੁਦਾ 1991 ਵਿਚ ਰਾਜੀਵ ਦੀ ਹੱਤਿਆ ਤਕ ਉਨ੍ਹਾਂ ਕੋਲ ਰਿਹਾ।

ਰਾਜੀਵ ਗਾਂਧੀ ਦੀ ਮੌਤ ਦੇ 7 ਸਾਲ ਬਾਅਦ ਸੋਨੀਆਂ ਗਾਂਧੀ ਨੇ ਸੰਭਾਲੀ ਕਮਾਨ

1991 ਵਿਚ ਇਕ ਆਤਮਘਾਤੀ ਹਮਲੇ ਵਿਚ ਪਤੀ ਰਾਜੀਵ ਗਾਂਧੀ ਦੀ ਹਤਿਆ ਤੋਂ ਬਾਅਦ, ਸੋਨੀਆ ਨੇ ਰਾਜਨੀਤੀ ਵਿਚ ਆਉਣ ਦੀ ਪੇਸ਼ਕਸ਼ ਨੂੰ ਠੁਕਰਾ ਦਿਤਾ। ਕਈ ਵੱਡੇ ਕਾਂਗਰਸੀ ਆਗੂਆਂ ਦੇ ਜ਼ੋਰ ਪਾਉਣ ਦੇ ਬਾਵਜੂਦ ਉਹ 7 ਸਾਲ ਸਿਆਸਤ ਤੋਂ ਦੂਰ ਰਹੇ। ਸੀਤਾਰਾਮ ਕੇਸਰੀ 1996 ਵਿਚ ਪੀਵੀ ਨਰਸਿਮਹਾ ਰਾਓ ਦੇ ਬਾਅਦ ਕਾਂਗਰਸ ਪ੍ਰਧਾਨ ਬਣੇ। ਪ੍ਰਧਾਨ ਬਣਦਿਆਂ ਹੀ ਕਾਂਗਰਸ ਵਿਚ ਬਗਾਵਤ ਸ਼ੁਰੂ ਹੋ ਗਈ। ਕੇਸਰੀ ਰਾਜੇਸ਼ ਪਾਇਲਟ ਅਤੇ ਸ਼ਰਦ ਪਵਾਰ ਵਰਗੇ ਨੇਤਾਵਾਂ ਨਾਲ ਟਕਰਾ ਗਏ।

ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਮੁਤਾਬਕ ਰਾਜੀਵ ਦੀ ਹਤਿਆ ਦੇ 7 ਸਾਲ ਬਾਅਦ ਸੋਨੀਆ ਕਾਂਗਰਸ ਦੀ ਕਮਾਨ ਸੰਭਾਲਣ ਲਈ ਰਾਜ਼ੀ ਹੋ ਗਈ। 1997 ਵਿਚ, ਸੋਨੀਆ ਨੇ ਕੋਲਕਾਤਾ ਸੈਸ਼ਨ ਵਿਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਲਈ। ਹਾਲਾਂਕਿ ਪ੍ਰਧਾਨਗੀ ਦਾ ਰਸਤਾ ਇੰਨਾ ਆਸਾਨ ਨਹੀਂ ਸੀ। ਕੇਸਰੀ ਪ੍ਰਧਾਨ ਦਾ ਅਹੁਦਾ ਨਾ ਛੱਡਣ 'ਤੇ ਅੜੇ ਰਹੇ।

ਇਸ ਦੇ ਲਈ ਸੋਨੀਆ ਨੇ ਕਾਂਗਰਸ ਵਰਕਿੰਗ ਕਮੇਟੀ ਯਾਨੀ ਸੀਡਬਲਯੂਸੀ ਵਿਚ ਗਾਂਧੀ-ਨਹਿਰੂ ਪਰਿਵਾਰ ਦੇ ਵਫ਼ਾਦਾਰ ਨੇਤਾਵਾਂ ਦੀ ਮਦਦ ਲਈ। ਸੀਡਬਲਿਊਸੀ ਨੇ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕਰਦਿਆਂ ਸੀਤਾਰਾਮ ਕੇਸਰੀ ਦੀ ਥਾਂ ਸੋਨੀਆ ਨੂੰ ਪਾਰਟੀ ਮੁਖੀ ਨਿਯੁਕਤ ਕੀਤਾ। ਆਲ ਇੰਡੀਆ ਕਾਂਗਰਸ ਕਮੇਟੀ ਯਾਨੀ AICC ਨੇ 6 ਅਪ੍ਰੈਲ 1998 ਨੂੰ ਇਹ ਜਾਣਕਾਰੀ ਦਿਤੀ ਸੀ। ਇਸ ਤਰ੍ਹਾਂ ਗਾਂਧੀ-ਨਹਿਰੂ ਪਰਿਵਾਰ ਦਾ ਇਕ ਹੋਰ ਮੈਂਬਰ ਕਾਂਗਰਸ ਪ੍ਰਧਾਨ ਬਣ ਗਿਆ।

15 ਮਈ 1999 ਨੂੰ, ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ, ਸੀਨੀਅਰ ਨੇਤਾਵਾਂ ਸ਼ਰਦ ਪਵਾਰ, ਪੀਏ ਸੰਗਮਾ ਅਤੇ ਤਾਰਿਕ ਅਨਵਰ ਨੇ ਸੋਨੀਆ ਗਾਂਧੀ ਨੂੰ ਵਿਦੇਸ਼ੀ ਮੂਲ ਦੀ ਦੱਸਦਿਆਂ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਬਣਨ ਦਾ ਵਿਰੋਧ ਕੀਤਾ। ਇਸ ਵਿਰੋਧ ਤੋਂ ਬਾਅਦ ਸੋਨੀਆ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਭਾਵੁਕ ਪੱਤਰ ਲਿਖ ਕੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ।

20 ਮਈ 1999 ਨੂੰ, ਸੀਡਬਲਯੂਸੀ ਨੇ ਪਵਾਰ, ਸੰਗਮਾ ਅਤੇ ਅਨਵਰ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ। ਪਾਰਟੀ ਦੇ ਇਸ ਫੈਸਲੇ ਤੋਂ ਬਾਅਦ ਸੋਨੀਆ ਗਾਂਧੀ ਵੀ ਅਪਣਾ ਅਸਤੀਫਾ ਵਾਪਸ ਲੈਣ ਲਈ ਤਿਆਰ ਹੋ ਗਈ।

ਪੰਜਵੀਂ ਪੀੜ੍ਹੀ- ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਨੂੰ ਸੌਂਪੀ ਕਮਾਨ

ਸੋਨੀਆ ਗਾਂਧੀ 19 ਸਾਲਾਂ ਤੋਂ ਵੱਧ ਸਮੇਂ ਤਕ ਕਾਂਗਰਸ ਦੇ ਪ੍ਰਧਾਨ ਰਹੇ। 2014 ਵਿਚ ਕਾਂਗਰਸ ਲੋਕ ਸਭਾ ਚੋਣਾਂ ਬੁਰੀ ਤਰ੍ਹਾਂ ਹਾਰ ਗਈ ਸੀ। ਸੂਬਿਆਂ 'ਚ ਵੀ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਸੋਨੀਆ ਗਾਂਧੀ ਵੀ ਬੀਮਾਰ ਸੀ।

ਅਜਿਹੇ 'ਚ ਉਨ੍ਹਾਂ ਨੇ ਪ੍ਰਧਾਨ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। 2017 ਵਿਚ ਜੈਪੁਰ ਵਿਚ ਹੋਏ ਕਾਂਗਰਸ ਦੇ ਚਿੰਤਨ ਸ਼ਿਵਿਰ ਵਿਚ ਜਿਸ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਸੀ, ਉਹ ਰਾਹੁਲ ਗਾਂਧੀ ਸਨ। ਇਕ ਵਾਰ ਫਿਰ ਕਾਂਗਰਸ ਦੀ ਕਮਾਨ ਗਾਂਧੀ ਪਰਿਵਾਰ ਕੋਲ ਰਹੀ।

ਰਾਹੁਲ ਦੇ ਪ੍ਰਧਾਨ ਬਣਨ ਦੇ ਬਾਵਜੂਦ ਹਾਰਾਂ ਦਾ ਸਿਲਸਿਲਾ ਨਹੀਂ ਰੁਕਿਆ। 2019 ਦੀਆਂ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਰਾਹੁਲ ਨੇ ਕਿਹਾ ਸੀ ਕਿ ਗਾਂਧੀ ਪਰਿਵਾਰ ਤੋਂ ਇਲਾਵਾ ਕਾਂਗਰਸ 'ਚ ਨਵੇਂ ਲੋਕਾਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ, ਇਸ ਲਈ ਮੈਂ ਅਹੁਦਾ ਛੱਡ ਰਿਹਾ ਹਾਂ, ਹੁਣ ਕਿਸੇ ਹੋਰ ਨੂੰ ਪਾਰਟੀ ਪ੍ਰਧਾਨ ਬਣਾਇਆ ਜਾਵੇ।

ਪੂਰੇ ਸਮੇਂ ਦੇ ਪ੍ਰਧਾਨ ਦੀ ਅਣਹੋਂਦ ਵਿਚ ਕਾਂਗਰਸ ਦੀ ਕਮਾਨ ਸੋਨੀਆ ਗਾਂਧੀ ਦੇ ਹੱਥਾਂ ਵਿਚ ਰਹੀ। ਅੰਤ ਵਿਚ ਪ੍ਰਧਾਨ ਦੇ ਅਹੁਦੇ ਲਈ ਚੋਣ 2022 ਵਿਚ ਹੋਈ। ਇਸ ਵਿਚ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਨੇ ਚੋਣ ਲੜੀ ਸੀ। ਗਾਂਧੀ ਪਰਿਵਾਰ ਮੱਲਿਕਾਰਜੁਨ ਖੜਗੇ ਨੂੰ ਚਾਹੁੰਦਾ ਸੀ ਅਤੇ ਉਹ ਆਖਰਕਾਰ ਕਾਂਗਰਸ ਪ੍ਰਧਾਨ ਬਣ ਗਏ।

(For more Punjabi news apart from Gandhi-Nehru family member held post of Congress President for 51 years, stay tuned to Rozana Spokesman)