ਰਾਹੁਲ ਦੇ ਸਮਰਥਨ 'ਚ ਅਸਤੀਫ਼ਿਆਂ ਦਾ ਸਿਲਸਿਲਾ ਜਾਰੀ

ਏਜੰਸੀ

ਖ਼ਬਰਾਂ, ਰਾਜਨੀਤੀ

ਐਸ.ਸੀ. ਵਿਭਾਗ ਦੇ ਮੁਖੀ ਨੇ ਦਿੱਤਾ ਅਸਤੀਫ਼ਾ

Nitin Raut

ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਬਾਅਦ ਅਸਤੀਫ਼ਾ ਦੇਣ 'ਤੇ ਅੜੇ ਰਾਹੁਲ ਗਾਂਧੀ ਦੇ ਸਮਰਥਨ 'ਚ ਕਾਂਗਰਸੀ ਆਗੂਆਂ ਦੇ ਅਸਤੀਫ਼ਿਆਂ ਦਾ ਦੌਰ ਸੋਮਵਾਰ ਨੂੰ ਵੀ ਜਾਰੀ ਰਿਹਾ। ਹੁਣ ਪਾਰਟੀ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਮੁਖੀ ਨਿਤਿਨ ਰਾਊਤ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਰਾਊਤ ਨੇ ਆਪਣੇ ਅਸਤੀਫ਼ੇ 'ਚ ਕਿਹਾ, "ਰਾਹੁਲ ਜੀ, ਤੁਸੀ ਸਾਨੂੰ ਜਵਾਬਦੇਹੀ ਦਾ ਰਸਤਾ ਵਿਖਾਇਆ ਹੈ। ਮੈਂ 2019 ਦੇ ਚੋਣ ਨਤੀਜਿਆਂ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਅਤੇ ਆਪਣੇ ਅਸਤੀਫ਼ਾ ਪੇਸ਼ ਕਰਦਾ ਹਾਂ।" ਉਨ੍ਹਾਂ ਕਿਹਾ ਕਿ ਐਸਸੀ ਵਿਭਾਗ ਦੀ ਟੀਮ ਨੇ ਪੂਰੀ ਮਿਹਨਤ ਕੀਤੀ। ਹਾਲਾਂਕਿ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ।

ਰਾਊਤ ਤੋਂ ਪਹਿਲਾਂ ਕਾਂਗਰਸ ਦੇ ਕਈ ਸਕੱਤਰਾਂ, ਪ੍ਰਦੇਸ਼ ਇਕਾਈ ਦੇ ਆਗੂਆਂ, ਯੁਵਾ ਕਾਂਗਰਸ, ਮਹਿਲਾ ਕਾਂਗਰਸ ਅਤੇ ਪਾਰਟੀ ਦੇ ਦੂਜੇ ਸੰਗਠਨਾਂ ਦੇ ਕਈ ਅਹੁਦਾ ਅਧਿਕਾਰੀਆਂ ਨੇ ਗਾਂਧੀ ਦੇ ਸਮਰਥਨ 'ਚ ਅਸਤੀਫ਼ੇ ਦਿੱਤੇ। 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ 25 ਮਈ ਨੂੰ ਹੋਈ ਪਾਰਟੀ ਕਾਰਜਕਾਰਨੀ ਦੀ ਮੀਟਿੰਗ 'ਚ ਰਾਹੁਲ ਗਾਂਧੀ ਨੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਕਾਰਜ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦੀ ਪੇਸ਼ਕਸ਼ ਨੂੰ ਰੱਦ ਕਰਦਿਆਂ ਫ਼ੈਸਲੇ 'ਚ ਬਦਲਾਅ ਕਰਨ ਬਾਰੇ ਕਿਹਾ ਸੀ।