ਬਾਦਲਾਂ ਦੀਆਂ ਗ਼ਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਹਰਿਆਣੇ ਦੀਆਂ ਚੋਣਾਂ ਬਾਅਦ ਮੋਦੀ-ਅਮਿਤ ਸ਼ਾਹ ਜੋੜੀ ਪੰਜਾਬ 'ਤੇ ਨਜ਼ਰ ਕੇਂਦਰਤ ਕਰੇਗੀ

After the Haryana elections, the Modi-Amit Shah will focus on Punjab

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀਆਂ ਗ਼ਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ  ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਚਰਚਾ ਮੁਤਾਬਕ  ਇਹ ਕੰਮ ਭਾਜਪਾ ਨੇ ਹਰਿਆਣਾ ਤੋਂ ਸ਼ੁਰੂ ਕੀਤਾ ਹੈ ਜਿਸ ਨੇ ਹਰਿਆਣਾ ਵਿਚ ਬਾਦਲਾਂ ਦਾ ਇਕੋ ਇਕ ਵਿਧਾਇਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰ ਕੇ ਭਵਿੱਖ ਦੀ ਰਾਜਨੀਤੀ ਸਪਸ਼ਟ ਕਰ ਦਿਤੀ ਹੈ ਕਿ ਹੁਣ ਉਸ ਦੀ ਅੱਖ ਹਰਿਆਣਾ ਦੀਆਂ ਚੋਣਾਂ ਬਾਅਦ ਪੰਜਾਬ 'ਤੇ ਹੈ।

ਦੂਸਰੇ ਪਾਸੇ ਸਿਆਸੀ ਹਲਕੇ ਹੈਰਾਨ ਹਨ ਕਿ ਬਾਦਲਾਂ ਇਸ ਵੱਡੀ ਘਟਨਾ ਨੂੰ ਬਿਆਨਬਾਜ਼ੀ ਤਕ ਹੀ ਸੀਮਤ ਕਰ ਕੇ ਸਿਆਸੀ ਗ਼ਲਤੀ ਕਰ ਲਈ ਹੈ। ਚਰਚਾ ਹੈ ਕਿ ਹਰਿਆਣਾ ਦੀਆਂ ਚੋਣਾਂ ਖ਼ਤਮ ਹੁੰਦਿਆਂ ਹੀ ਪੰਜਾਬ ਵਿਚ ਹੈਰਾਨੀਜਨਕ ਸਿਆਸੀ ਨਿਸ਼ਾਨੇ ਲਾਵੇਗਾ ਤੇ ਨਵੇਂ ਸਾਲ ਵਿਚ ਸਿੱਖ ਪ੍ਰਭਾਵ ਵਾਲੇ ਸੂਬੇ ਨੂੰ ਭੰਗਵਾਂ ਰੰਗ ਚਾੜਨ ਲਈ ਸਰਗਰਮੀਆਂ ਤੇਜ਼ ਕਰੇਗਾ। ਇਸ ਦੇ ਚਰਚੇ ਅੱਜਕਲ ਹਰ ਸਿਆਸਤਦਾਨ ਦੀ ਜ਼ੁਬਾਨ 'ਤੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਏਕਾਧਿਕਾਰ ਬਾਦਲਾਂ ਨੇ ਕਾਇਮ ਕਰ ਕੇ ਧਰਮ ਦਾ ਸਿਆਸੀਕਰਨ ਕੀਤਾ। ਇਸ ਤੋਂ ਸਿੱਖ ਕੌਮ ਖ਼ਫ਼ਾ ਹੋ ਗਈ।

ਸਿੱਖ ਸਿਆਸਤਦਾਨਾਂ ਮੁਤਾਬਕ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਗਦੇਵ ਸਿੰਘ ਤਲਵੰਡੀ, ਮਾਸਟਰ ਤਾਰਾ ਸਿੰਘ, ਜਥੇਦਾਰ ਮੋਹਨ ਸਿੰਘ ਤੁੜ ਆਦਿ ਵਰਗੇ ਅਕਾਲੀਆਂ ਸਮੇਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲੀ ਵਿਧਾਇਕ ਦਲ, ਅਕਾਲ ਤਖ਼ਤ ਸਾਹਿਬ, ਦੀ ਵਖਰੀ ਪਛਾਣ ਸੀ ਪਰ ਬਾਦਲ ਪ੍ਰਵਾਰ ਨੇ ਉਕਤ ਸਿੱਖ ਸੰਗਠਨਾਂ ਤੇ ਸੰਸਥਾਵਾਂ ਨੂੰ ਅਪਣੇ ਕਲਾਵੇ ਵਿਚ ਲਿਆ ਜਿਸ ਕਾਰਨ ਬਾਦਲਾਂ ਦੀ ਤਾਨਾਸ਼ਾਹੀ ਕਾਇਮ ਹੋਣ ਨਾਲ ਸਿੱਖ ਕੌਮ ਲੀਡਰਲੈਸ ਹੋ ਗਈ।

ਜ਼ਿਕਰਯੋਗ ਹੈ ਕਿ ਸਿੱਖ ਕੌਮ ਵਿਚ ਧਰਮ ਸੱਭ ਤੋਂ ਉਪਰ ਹੈ ਪਰ ਬਾਦਲਾਂ ਦੇ ਰਾਜ ਸਮੇਂ ਸਿਆਸਤ ਨੇ ਸਿੱਖ ਧਰਮ ਵਿਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ, ਜੋ ਸਿੱਖ ਕੌਮ ਨੂੰ ਪ੍ਰਵਾਨ ਨਹੀਂ। ਚਰਚਾ ਮੁਤਾਬਕ ਉਂਜ ਸਿੱਖ ਕੌਮ ਦਾ ਕੋਈ ਵਾਲੀ ਵਾਰਸ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।