ਭਾਜਪਾ ਨੇ ਗਠਜੋੜ ਦਾ ਧਰਮ ਤੋੜਿਆ ਅਤੇ ਵਿਸ਼ਵਾਸ਼ਘਾਤ ਵੀ ਕੀਤਾ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੀ ਮੀਟਿੰਗ 'ਚ ਕੁੱਝ ਮੈਂਬਰ ਭਾਜਪਾ ਨਾਲ ਤੋੜ ਵਿਛੋੜੇ ਦੇ ਹੱਕ 'ਚ ਨਹੀਂ ਸਨ।

Amit Shah, sukhbir Badal

ਚੰਡੀਗੜ੍ਹ (ਐਸ.ਐਸ.ਬਰਾੜ) : ਪਿਛਲੇ ਦਿਨ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੀ ਮੀਟਿੰਗ 'ਚ ਕੁੱਝ ਮੈਂਬਰ ਭਾਜਪਾ ਨਾਲ ਤੋੜ ਵਿਛੋੜੇ ਦੇ ਹੱਕ 'ਚ ਨਹੀਂ ਸਨ। ਪ੍ਰੰਤੂ ਬਹੁਤੇ ਮੈਂਬਰ ਮੌਜੂਦਾ ਸਥਿਤੀ ਅਨੁਸਾਰ ਹਰਿਆਣਾ ਦੀਆਂ ਚੋਣਾਂ ਵਖਰੇ ਹੋ ਕੇ ਲੜਨ ਦੇ ਹਮਾਇਤੀ ਸਨ। ਪਾਰਟੀ ਪ੍ਰਧਾਨ ਖ਼ੁਦ ਵੀ ਤੋੜ ਵਿਛੋੜੇ ਲਈ ਦ੍ਰਿੜ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਨੇ ਗਠਜੋੜ ਦਾ ਧਰਮ ਤੋੜਿਆ ਅਤੇ ਵਿਸ਼ਵਾਸ਼ਘਾਤ ਕੀਤਾ ਹੈ।

ਲੋਕ ਸਭਾ ਚੋਣਾਂ ਸਮੇਂ ਵਾਅਦਾ ਕਰ ਕੇ ਭਾਜਪਾ ਨੇ ਅਕਾਲੀ ਦਲ ਲਈ ਦੋ ਸੀਟਾਂ ਛੱਡਣ ਦੀ ਬਜਾਏ ਉਨ੍ਹਾਂ ਦਾ ਵਿਧਾਇਕ ਤੋੜ ਕੇ ਬੜਾ ਵੱਡਾ ਗੁਨਾਹ ਕੀਤਾ ਹੈ। ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹਰਿਆਣਾ ਅਸੈਂਬਲੀ ਦੀਆਂ ਦੋ-ਚਾਰ ਸੀਟਾਂ ਮਿਲ ਵੀ ਜਾਦੀਆਂ ਹਨ ਤਾਂ ਇਸ ਨਾਲ ਨਾ ਤਾਂ ਅਕਾਲੀ ਦਲ ਦੀ ਸਰਕਾਰ ਬਣਨੀ ਸੀ ਅਤੇ ਨਾ ਹੀ ਭਾਜਪਾ ਸਰਕਾਰ 'ਚ ਕੋਈ ਹਿੱਸੇਦਾਰੀ ਮਿਲਣੀ ਸੀ। ਸਰਕਾਰ 'ਚ ਉਨ੍ਹਾਂ ਦੀ ਕੋਈ ਪੁੱਛਗਿੱਛ ਵੀ ਨਹੀਂ ਸੀ ਹੋਣੀ। ਜੋ ਰੱਬ ਨੇ ਕੀਤਾ ਚੰਗਾ ਹੀ ਕੀਤਾ।

 

ਹੁਣ ਖੁਲ੍ਹ ਕੇ ਅਪਣੀ ਅਵਾਜ਼ ਉਠਾ ਸਕਾਂਗੇ ਅਤੇ ਪੰਜਾਬ ਦੇ ਹੱਕਾਂ ਲਈ ਦ੍ਰਿੜਤਾ ਨਾਲ ਲੜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੀਆਂ 30 ਸੀਟਾਂ ਉੱਪਰ ਅਕਾਲੀ ਦਲ ਦਾ ਵੋਟ ਬੈਂਕ ਪੰਜ ਹਜ਼ਾਰ ਤੋਂ ਲੈ ਕੇ 30 ਹਜ਼ਾਰ ਤਕ ਹੈ। ਜੇਕਰ ਅਕਾਲੀ ਦਲ ਅਪਣੇ ਉਮੀਦਵਾਰ ਖੜੇ ਕਰਦਾ ਹੈ ਤਾਂ ਇਸ ਨਾਲ ਭਾਜਪਾ ਦੇ ਕੁੱਝ ਉਮੀਦਵਾਰਾਂ ਨੂੰ ਨੁਕਸਾਨ ਜ਼ਰੂਰ ਹੋਵੇਗਾ। ਅਸਲ ਵਿਚ ਅਕਾਲੀ ਦਲ ਇਹ ਵੀ ਮਹਿਸੂਸ ਕਰ ਰਿਹਾ ਹੈ ਕਿ ਭਾਜਪਾ ਉਸ ਦੇ ਸਿੱਖ ਵੋਟ ਬੈਂਕ ਵਿਚ ਘੁਸਪੈਠ ਲਈ ਯਤਨਸ਼ੀਲ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਚ ਘੁਸਪੈਠ ਲਈ ਵੀ ਸਾਜ਼ਸ਼ਾਂ ਹੋ ਰਹੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਜਪਾ ਦੇ ਇਕ ਸਿੱਖ ਵਜ਼ੀਰ ਨੇ ਅਮਰੀਕਾ ਦੇ ਦੌਰੇ ਸਮੇਂ ਸਥਾਨਕ ਆਗੂਆਂ ਨਾਲ ਗੱਲਬਾਤ ਕਰਦਿਆਂ ਇਹ ਵੀ ਇਸ਼ਾਰਾ ਕੀਤਾ ਕਿ ਹੁਣ ਇਨ੍ਹਾਂ (ਅਕਾਲੀ ਦਲ) ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰੰਬਧਕ ਕਮੇਟੀ ਵੀ ਖੋਹ ਵਿਖਾਵਾਂਗੇ। ਕੋਰ ਕਮੇਟੀ 'ਚ ਇਹ ਗੱਲ ਵੀ ਚੱਲੀ ਕਿ ਤੋੜ ਵਿਛੋੜਾ ਕਰਨਾ ਹੈ ਤਾਂ ਪੰਜਾਬ ਦੀਆਂ ਚਾਰੇ ਜ਼ਿਮਨੀ ਚੋਣਾਂ 'ਚ ਅਪਣੇ ਵਖਰੇ ਉਮੀਦਵਾਰ ਉਤਾਰੇ ਜਾਣ।

ਭਾਜਪਾ ਨੂੰ ਚਾਨਣ ਹੋ ਜਾਊ ਕਿ ਉਨ੍ਹਾਂ ਨੂੰ ਕਿੰਨੀ ਕੁ ਹਮਾਇਤ ਪ੍ਰਾਪਤ ਹੈ। ਪ੍ਰੰਤੂ ਪਾਰਟੀ ਦੇ ਆਗੂ ਇਸ ਨਾਲ ਸਹਿਮਤ ਨਾ ਹੋਏ ਅਤੇ ਕਿਹਾ ਕਿ ਪੰਜਾਬ 'ਚ ਗੱਠਜੋੜ ਕਾਇਮ ਰਖਿਆ ਜਾਵੇਗਾ। 2022 ਦੀਆਂ ਚੋਣਾਂ ਸਮੇਂ ਦੇਖਿਆ ਜਾਵੇਗਾ ਕਿ ਹਾਲਾਤ ਕਿਸ ਤਰ੍ਹਾਂ ਹਨ। ਅਕਾਲੀ ਦਲ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ 'ਚ ਭਾਜਪਾ ਦੀ ਵੋਟ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਦੀ ਨਹੀਂ ਪੈਂਦੀ ਪ੍ਰ੍ਰੰਤੂ ਅਕਾਲੀ ਦਲ ਦੀ ਵੋਟ ਭਾਜਪਾ ਉਮੀਦਵਾਰਾਂ ਨੂੰ ਪੂਰੀ ਪੈਂਦੀ ਹੈ। ਪ੍ਰੰਤੂ ਪੰਜਾਬ 'ਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਹ ਗੱਠਜੋੜ ਜ਼ਰੂਰ ਸਹਾਈ ਹੁੰਦਾ ਹੈ।

ਅਕਾਲੀ ਦਲ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਜੇਕਰ ਭਾਜਪਾ ਪੰਜਾਬ 'ਚ ਵੱਖਰੇ ਹੋ ਕੇ ਚੋਣਾਂ ਲੜਦੀ ਹੈ ਤਾਂ ਅਕਾਲੀ ਦਲ ਨੂੰ ਇਸ ਦਾ ਲਾਭ ਵੀ ਹੋਵੇਗਾ ਕਿਊਂਕਿ ਸ਼ਹਿਰੀ ਵੋਟ ਭਾਜਪਾ ਅਤੇ ਕਾਂਗਰਸ 'ਚ ਵੰਡੀ ਜਾਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ 'ਚ ਭਾਜਪਾ ਉਮੀਦਵਾਰ ਅਕਾਲੀ ਦਲ ਦੇ ਸਿਰ 'ਤੇ ਹੀ ਜਿੱਤ ਪ੍ਰਾਪਤ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।