ਕਾਂਗਰਸ ਛੱਡਣ ਦੀਆਂ ਖ਼ਬਰਾਂ ਦਾ ਓਪੀ ਸੋਨੀ ਅਤੇ ਡਾ. ਵੇਰਕਾ ਨੇ ਕੀਤਾ ਖੰਡਨ
ਕਿਹਾ- ਮੈਂ ਕਾਂਗਰਸ ਦਾ ਸੱਚਾ ਸਿਪਾਹੀ, ਆਪਣੀ ਸਮਰੱਥਾ ਅਨੁਸਾਰ ਪਾਰਟੀ ਦੀ ਸੇਵਾ ਕਰਦਾ ਰਹਾਂਗਾ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਇਹ ਖ਼ਬਰਾਂ ਆ ਰਹੀਆਂ ਹਨ ਕਿ ਮੈਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹਾਂ ਪਰ ਇਹ ਪੂਰੀ ਤਰ੍ਹਾਂ ਝੂਠੀਆਂ ਅਤੇ ਬੇਬੁਨਿਆਦ ਹਨ।
ਸੋਨੀ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਹਾਂ ਅਤੇ ਆਪਣੀ ਸਮਰੱਥਾ ਅਨੁਸਾਰ ਇਸ ਪਾਰਟੀ ਦੀ ਸੇਵਾ ਕਰਦਾ ਰਹਾਂਗਾ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਖ਼ਬਰਾਂ ਆਈਆਂ ਸਨ ਕਿ ਓਪੀ ਸੋਨੀ ਅਤੇ ਰਾਜਕੁਮਾਰ ਵੇਰਕਾ ਕਾਂਗਰਸ ਹਾਈਕਮਾਨ ਤੋਂ ਨਾਰਾਜ਼ ਹੋਣ ਕਾਰਨ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ, ਪਰ ਓਪੀ ਸੋਨੀ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਸੀ।
ਇਸ ਬਾਰੇ ਕਾਂਗਰਸੀ ਆਗੂ ਡਾ. ਰਾਜਕੁਮਾਰ ਵੇਰਕਾ ਨੇ ਸਪੋਕਸਮੈਨ ਨਾਲ ਕੀਤੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਖ਼ਬਰ ਨਹੀਂ ਹੈ। ਵੇਰਕਾ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਪਾਰਟੀ ਨੇ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ ਹੈ ਅਤੇ ਜੇਕਰ ਭਵਿੱਖ ਵਿਚ ਕੋਈ ਅਜਿਹਾ ਕੁਝ ਹੋਵੇਗਾ ਤਾਂ ਉਹ ਜਨਤਾ ਨਾਲ ਜ਼ਰੂਰ ਸਾਂਝਾ ਕਰਨਗੇ।