ਕਾਂਗਰਸ MLA ਕੁਲਦੀਪ ਬਿਸ਼ਨੋਈ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ, ਭੁਪਿੰਦਰ ਹੁੱਡਾ ਨੂੰ ਦਿੱਤੀ ਚੁਣੌਤੀ

ਏਜੰਸੀ

ਖ਼ਬਰਾਂ, ਰਾਜਨੀਤੀ

ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਅਸਤੀਫੇ ਦਾ ਕਾਰਨ ਭਲਕੇ ਹੀ ਦੱਸ ਸਕਾਂਗਾ। ਕਾਂਗਰਸ ਹੁਣ ਇੰਦਰਾ ਅਤੇ ਰਾਜੀਵ ਗਾਂਧੀ ਦੀ ਪਾਰਟੀ ਨਹੀਂ ਰਹੀ।

Congress MLA Kuldeep bishnoi Resign



ਹਿਸਾਰ:  ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿਚ ਆਦਮਪੁਰ ਹਲਕੇ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਆਪਣਾ ਅਸਤੀਫਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੂੰ ਸੌਂਪ ਦਿੱਤਾ ਹੈ। ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਇਸ ਦੀ ਸੂਚਨਾ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਜਾਵੇਗੀ। ਉਸ ਤੋਂ ਬਾਅਦ ਸੀਟ ਖਾਲੀ ਹੋ ਜਾਵੇਗੀ।

Kuldeep Bishnoi

ਦੂਜੇ ਪਾਸੇ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਅਸਤੀਫੇ ਦਾ ਕਾਰਨ ਭਲਕੇ ਹੀ ਦੱਸ ਸਕਾਂਗਾ। ਕਾਂਗਰਸ ਹੁਣ ਇੰਦਰਾ ਅਤੇ ਰਾਜੀਵ ਗਾਂਧੀ ਦੀ ਪਾਰਟੀ ਨਹੀਂ ਰਹੀ। ਭਾਜਪਾ ਦੇਸ਼ ਦੇ ਹਿੱਤ ਵਿਚ ਸੋਚਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਮੈਂ ਕਾਂਗਰਸ ਤੋਂ ਅਸਤੀਫਾ ਦੇ ਰਿਹਾ ਹਾਂ। ਅਸਤੀਫੇ ਦੀ ਭਾਸ਼ਾ ਵਿਧਾਨ ਸਭਾ ਦੀ ਕਾਨੂੰਨੀ ਭਾਸ਼ਾ ਵਿਚ ਲਿਖੀ ਜਾਂਦੀ ਹੈ। ਮੈਂ ਦੂਜੀ ਵਾਰ ਵਿਧਾਨ ਸਭਾ ਤੋਂ ਅਸਤੀਫਾ ਦੇ ਰਿਹਾ ਹਾਂ। ਕੱਲ੍ਹ ਸੀਐਮ ਮਨੋਹਰ ਲਾਲ ਆਸ਼ੀਰਵਾਦ ਦੇਣ ਲਈ ਦਿੱਲੀ ਆ ਰਹੇ ਹਨ। ਮੈਂ ਸਾਬਕਾ ਵਿਧਾਇਕਾਂ ਦੀ ਸੂਚੀ ਸੀਐਮ ਮਨੋਹਰ ਲਾਲ ਨੂੰ ਦੇਵਾਂਗਾ, ਉਹ ਜਦੋਂ ਚਾਹੁਣ ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਸਕਦੇ ਹਨ। ਮੈਂ ਇਕ ਆਮ ਵਰਕਰ ਵਜੋਂ ਪਾਰਟੀ ਵਿਚ ਸ਼ਾਮਲ ਹੋ ਰਿਹਾ ਹਾਂ। ਆਦਮਪੁਰ ਤੋਂ ਕੌਣ ਚੋਣ ਲੜੇਗਾ, ਉਹ ਪਾਰਟੀ ਤੈਅ ਕਰੇਗੀ। ਹਾਲਾਂਕਿ ਮੇਰੀ ਇੱਛਾ ਭਵਿਆ ਬਿਸ਼ਨੋਈ ਨੂੰ ਚੋਣ ਲੜਾਉਣ ਦੀ ਹੈ, ਬਾਕੀ ਦਾ ਫੈਸਲਾ ਪਾਰਟੀ ਕਰੇਗੀ।

Bhupinder Hooda

ਕਾਂਗਰਸ ’ਤੇ ਵਾਰ ਕਰਦਿਆਂ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਕਾਂਗਰਸ ਹੁਣ ਗੱਦਾਰਾਂ ਦੀ ਪਾਰਟੀ ਹੈ। ਕਾਂਗਰਸ ਦੇ ਸਾਰੇ ਫੈਸਲੇ ਗਲਤ ਹੋ ਰਹੇ ਹਨ। ਉਹਨਾਂ ਕਿਹਾ ਕਿ ਮੈਂ ਸਾਬਕਾ ਸੀਐਮ ਹੁੱਡਾ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਅਸਤੀਫਾ ਦੇ ਦਿੱਤਾ। ਹੁਣ ਮੈਂ ਭੁਪਿੰਦਰ ਹੁੱਡਾ ਨੂੰ ਆਦਮਪੁਰ ਤੋਂ ਚੋਣ ਲੜਨ ਲਈ ਚੁਣੌਤੀ ਦਿੰਦਾ ਹਾਂ। ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਜੇਕਰ ਪਾਰਟੀ ਕਿਰਨ ਚੌਧਰੀ ਨਾਲ ਗੱਲ ਕਰਨ ਲਈ ਕਹੇਗੀ ਤਾਂ ਮੈਂ ਜ਼ਰੂਰ ਕਰਾਂਗਾ।