
20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲਗਭਗ ਸਾਰੀਆਂ ਪਾਰਟੀਆਂ ਨੇ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ।
ਚੰਡੀਗੜ੍ਹ: 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲਗਭਗ ਸਾਰੀਆਂ ਪਾਰਟੀਆਂ ਨੇ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤੇ ਹਨ। ਇਸ ਦੌਰਾਨ ਮੌਜੂਦਾ ਸਮੇਂ ਵਿਚ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਣ ਵਾਲਾ ਜ਼ਿਲ੍ਹਾ ਬਰਨਾਲਾ ਕਾਫੀ ਚਰਚਾ ਵਿਚ ਹੈ। ਦਰਅਸਲ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਐਲਾਨਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿਚ ਜਿੱਤ ਦਰਜ ਕੀਤੀ ਸੀ ਭਾਵ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿਚ ਆਪ ਦੇ ਵਿਧਾਇਕ ਬਣੇ ਸਨ।
1. ਵਿਧਾਨ ਸਭਾ ਹਲਕਾ ਬਰਨਾਲਾ
ਬਰਨਾਲਾ ਹਲਕੇ ਦੇ ਵੋਟਰਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਖੇਤਰ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਇਆ ਹੈ ਪਰ ਵਿਰੋਧੀ ਪਾਰਟੀ ਦਾ ਵਿਧਾਇਕ ਚੁਣਨ ਦੀ ਉਹਨਾਂ ਦੀ ਤਰਜੀਹ ਕਾਰਨ ਕੰਮਾਂ ਦੀ ਰਫ਼ਤਾਰ ਵਿਚ ਦੇਰੀ ਹੋਈ ਹੈ। 5 ਸਾਲਾਂ ਦੌਰਾਨ ਹਲਕੇ ਵਿਚ ਪੰਜਾਬ ਸਰਕਾਰ ਦਾ ਕੋਈ ਵੱਡਾ ਪ੍ਰਾਜੈਕਟ ਨਜ਼ਰ ਨਹੀਂ ਆਇਆ। ਪਿਛਲੀਆਂ 7 ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੇ ਵੋਟਰਾਂ ਨੇ 3 ਵਾਰ ਕਾਂਗਰਸ, 2 ਵਾਰ ਅਕਾਲੀ ਦਲ, ਇਕ ਵਾਰ ਆਜ਼ਾਦ ਉਮੀਦਵਾਰ ਅਤੇ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ।
ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਟਿਕਟ ਦਿੱਤੀ ਹੈ ਜਦਕਿ ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਦੇ ਚਲਦਿਆਂ ਹਲਕੇ ਦਾ ਸਿਆਸੀ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੇ ਕੁਲਵੰਤ ਸਿੰਘ ਕੀਤੂ, ਸੰਯੁਕਤ ਸਮਾਜ ਮੋਰਚਾ ਨੇ ਅਭਿਕਰਨ ਸਿੰਘ ਜਦਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨੇ ਧੀਰਜ ਕੁਮਾਰ ਨੂੰ ਟਿਕਟ ਦਿੱਤੀ ਹੈ। ਲੋਕ ਇਨਸਾਫ ਪਾਰਟੀ ਵਲੋਂ ਕਰਮਜੀਤ ਸਿੰਘ ਚੋਣ ਮੈਦਾਨ ਵਿਚ ਹੋਣਗੇ।
ਮੁੱਖ ਸਮੱਸਿਆਵਾਂ
- ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਕਮੀ
- ਬਰਸਾਤ ਦੌਰਾਨ ਪਾਣੀ ਦੀ ਨਿਕਾਸੀ ਦੀ ਸਮੱਸਿਆ
- ਟ੍ਰੈਫਿਕ ਜਾਮ ਦੀ ਸਮੱਸਿਆ
-ਬਾਜ਼ਾਰ ਵਿਚ ਪਾਰਕਿੰਗ ਲਈ ਥਾਂ ਦੀ ਕਮੀਂ
ਕੁੱਲ ਵੋਟਰ- 1,71,962
ਮਰਦ ਵੋਟਰ- 91,331
ਔਰਤ ਵੋਟਰ- 80,629
ਤੀਜਾ ਲਿੰਗ-2
2. ਵਿਧਾਨ ਸਭਾ ਹਲਕਾ ਭਦੌੜ
ਕਾਂਗਰਸ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਲਕਾ ਭਦੌੜ ਤੋਂ ਉਮੀਦਵਾਨ ਐਲਾਨੇ ਜਾਣ ਤੋਂ ਬਾਅਦ ਭਦੌੜ ਹੌਟ ਸੀਟ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਹਲਕਾ ਭਦੌੜ ਰਾਖਵੀਂ ਸੀਟ ਹੈ। ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉਗੋਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਹੋਣ ਜਾ ਰਿਹਾ ਹੈ। ਸੰਯੁਕਤ ਸਮਾਜ ਮੋਰਚਾ ਨੇ ਗੋਰਾ ਸਿੰਘ ਜਦਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨੇ ਧਰਮ ਸਿੰਘ ਫੌਜੀ ਨੂੰ ਟਿਕਟ ਦਿੱਤੀ ਹੈ। ਲੋਕ ਇਨਸਾਫ ਪਾਰਟੀ ਵਲੋਂ ਜਗਰੂਪ ਸਿੰਘ ਚੋਣ ਮੈਦਾਨ ਵਿਚ ਹੋਣਗੇ।
ਹਲਕੇ ਵਿਚ ਕੁੱਲ 77 ਪਿੰਡ ਹਨ ਅਤੇ ਦੋ ਸ਼ਹਿਰੀ ਖੇਤਰ ਤਪਾ ਅਤੇ ਭਦੌੜ ਹਨ। ਪਿਛਲੀਆਂ ਸੱਤ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੇ ਕਾਂਗਰਸ, ਬਸਪਾ ਅਤੇ ਆਪ ਦੇ ਉਮੀਦਵਾਰਾਂ ਨੂੰ ਇਕ ਵਾਰ ਅਤੇ ਅਕਾਲੀ ਦਲ ਨੂੰ ਚਾਰ ਵਾਰ ਚੁਣਿਆ ਹੈ। ਇਹ ਹਲਕਾ ਮੁੱਖ ਤੌਰ 'ਤੇ ਅਕਾਲੀ ਦਲ ਦਾ ਗੜ੍ਹ ਰਿਹਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿਰਮਲ ਸਿੰਘ ਨੂੰ ਮੌਕਾ ਦਿੱਤਾ ਸੀ ਪਰ ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ।
ਮੁੱਖ ਸਮੱਸਿਆਵਾਂ
-ਸਿਹਤ ਸਹੂਲਤਾਂ ਦੀ ਕਮੀ
- ਸਿੱਖਿਆ ਲਈ ਸਰਕਾਰੀ ਸਹੂਲਤਾਂ ਦੀ ਕਮੀ
- ਸੜਕਾਂ ਦਾ ਨਿਰਮਾਣ
- ਹਲਕੇ ਦੇ ਕਈ ਇਲਾਕੇ ਬੱਸ ਸੇਵਾ ਤੋਂ ਸੱਖਣੇ
ਕੁੱਲ ਵੋਟਰ- 1,53,195
ਮਰਦ ਵੋਟਰ- 82,025
ਔਰਤ ਵੋਟਰ- 71,163
ਤੀਜਾ ਲਿੰਗ- 7
3. ਵਿਧਾਨ ਸਭਾ ਹਲਕਾ ਮਹਿਲ ਕਲਾਂ
ਮਹਿਲ ਕਲਾਂ ਇਕ ਪੇਂਡੂ ਹਲਕਾ ਹੈ ਜਿਸ ਵਿਚ 74 ਪਿੰਡ ਅਤੇ ਦੋ ਛੋਟੇ ਅਰਧ-ਸ਼ਹਿਰੀ ਖੇਤਰ ਸ਼ੇਰਪੁਰ ਅਤੇ ਮਹਿਲ ਕਲਾਂ ਹਨ। ਮਹਿਲ ਕਲਾਂ ਰਾਖਵੀਂ ਸੀਟ ਹੈ। ਇਸ ਸੀਟ ’ਤੇ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਮੌਜੂਦਾ ਵਿਧਾਇਕ ਹਨ। ਇਸ ਵਾਰ ਵੀ ਆਮ ਆਦਮੀ ਪਾਰਟੀ ਨੇ ਕੁਲਵੰਤ ਸਿੰਘ ਪੰਡੋਰੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਹਰਚੰਦ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਨਾਲ ਹੋਵੇਗਾ। ਇਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਵਲੋਂ ਐਡਵੋਕੇਟ ਜਸਵੀਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜਦਕਿ ਜਦਕਿ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨੇ ਬਾਬਾ ਸੁਖਦੇਵ ਸਿੰਘ ਨੂੰ ਟਿਕਟ ਦਿੱਤੀ ਹੈ। ਪਹਿਲਾਂ ਮਹਿਲ ਕਲਾਂ ਭਦੌੜ ਹਲਕੇ ਦਾ ਹਿੱਸਾ ਸੀ। ਮਹਿਲ ਕਲਾਂ ਹਲਕਾ 2012 ਵਿਚ ਬਣਾਇਆ ਗਿਆ ਸੀ। ਪਿਛਲੀਆਂ ਦੋ ਚੋਣਾਂ ਵਿਚ ਵੋਟਰਾਂ ਨੇ 2012 ਵਿਚ ਕਾਂਗਰਸ ਅਤੇ 2017 ਵਿਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ।
ਮੁੱਖ ਸਮੱਸਿਆਵਾਂ
-ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਕਮੀ
-ਸੀਵਰੇਜ ਦੀ ਸਮੱਸਿਆ
- ਹੋਰ ਵਿਦਿਅਕ ਅਦਾਰਿਆਂ ਦੀ ਮੰਗ
-ਇੰਡਸਟਰੀ ਬਣਾਉਣ ਦੀ ਮੰਗ
ਕੁੱਲ ਵੋਟਰ- 1,55,500
ਮਰਦ ਵੋਟਰ- 83,052
ਔਰਤ ਵੋਟਰ- 72,445
ਤੀਜਾ ਲਿੰਗ-3