ਯੂਨੀਫਾਰਮ ਸਿਵਲ ਕੋਡ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ-'ਇਹ ਭਾਜਪਾ ਦਾ ਏਜੰਡਾ, ਚੋਣਾਂ ਨੇੜੇ ਆਉਂਦਿਆਂ ਹੀ ਲੈਂਦੇ ਨੇ ਧਰਮ ਦਾ ਸਹਾਰਾ'
ਕਿਹਾ, ਦੇਸ਼ ਇਕ ਗੁਲਦਸਤੇ ਵਾਂਗ ਹੈ ਪਰ ਬੀ.ਜੇ.ਪੀ. ਚਾਹੁੰਦੀ ਕਿ ਗੁਲਦਸਤਾ ਇਕੋ ਰੰਗ ਦਾ ਹੋ ਜਾਵੇ
ਸੰਵਿਧਾਨ ਕਹਿੰਦੈ ਕਿ ਜੇਕਰ ਸਾਰੇ ਸਮਾਜਕ ਤੌਰ 'ਤੇ ਬਰਾਬਰ ਹੋ ਜਾਣ ਤਾਂ ਤੁਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਸਕਦੇ ਹੋ। ਕੀ ਅਸੀਂ ਸਾਰੇ ਸਮਾਜਕ ਤੌਰ 'ਤੇ ਬਰਾਬਰ ਹੋ ਗਏ ਹਾਂ? : ਮੁੱਖ ਮੰਤਰੀ
ਚੰਡੀਗੜ੍ਹ (ਕੋਮਲਜੀਤ ਕੌਰ) : ਭਾਰਤ ਵਿਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦਾ ਮਾਮਲਾ ਚਰਚਾ ਵਿਚ ਹੈ ਜਿਸ ਦਾ ਭਾਰਤੀ ਜਨਤਾ ਪਾਰਟੀ ਵਲੋਂ ਸਮਰਥਨ ਕੀਤਾ ਗਿਆ,'ਆਪ' ਵਲੋਂ ਕਿਹਾ ਗਿਆ ਸੀ ਕਿ ਸਾਰਿਆਂ ਦੀ ਸਹਿਮਤੀ ਮਗਰੋਂ ਹੀ ਇਹ ਲਾਗੂ ਹੋਣਾ ਚਾਹੀਦਾ ਹੈ ਜਦਕਿ ਬਾਕੀ ਵਿਰੋਧੀ ਧਿਰਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮਾਸਕੋ ’ਤੇ ਯੂਕਰੇਨ ਦਾ ਡਰੋਨ ਹਮਲਾ ਨਾਕਾਮ ਕੀਤਾ ਗਿਆ : ਰੂਸ
ਅੱਜ ਚੰਡੀਗੜ੍ਹ ਵਿਖੇ ਹੋਈ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਮਾਮਲੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪਣੀ ਪ੍ਰਤੀਕਿਰਿਆ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ''ਸਾਡਾ ਦੇਸ਼ ਇਕ ਗੁਲਦਸਤੇ ਵਰਗਾ ਹੈ। ਗੁਲਦਸਤੇ ਵਿਚ ਹਰ ਰੰਗ ਦਾ ਫੁਲ ਹੁੰਦਾ ਹੈ ਇਸੇ ਤਰ੍ਹਾਂ ਹਰ ਧਰਮ ਦਾ ਅਪਣਾ ਅਪਣਾ ਸੱਭਿਆਚਾਰ ਹੈ। ਸਿੱਖਾਂ ਵਿਚ ਚਾਰ ਲਾਵਾਂ ਹੁੰਦੀਆਂ ਹਨ ਤੇ ਮਰਨ ਮਗਰੋਂ ਭੋਗ ਦੀ ਰਸਮ ਹੁੰਦੀ ਹੈ ਤੇ ਪੁੱਤਰ ਨੂੰ ਪੱਗ ਬੰਨ੍ਹੀ ਜਾਂਦੀ ਹੈ। ਇਸੇ ਤਰ੍ਹਾਂ ਹਿੰਦੂ ਧਰਮ ਵਿਚ ਸੱਤ ਫੇਰੇ ਤੇ ਗਰੁੜ ਪੁਰਾਣ ਨਾਲ ਅੰਤਿਮ ਰਸਮਾਂ ਨਿਭਾਈਆਂ ਜਾਂਦੀਆਂ ਹਨ ਅਤੇ ਮੁੰਡਨ ਕਰਵਾਇਆ ਜਾਂਦਾ ਹੈ। ਸਾਡੇ ਧਰਮ ਵਿਚ ਕਿਹਾ ਗਿਆ ਹੈ ਕਿ ਦਿਨ ਦੇ 12 ਵਜੇ ਤੋਂ ਪਹਿਲਾਂ ਲਾਵਾਂ ਹੋ ਜਾਣੀਆਂ ਚਾਹੀਦੀਆਂ ਹਨ ਪਰ ਹਿੰਦੂ ਧਰਮ ਵਿਚ ਰਾਤ ਵੇਲੇ ਮਹੂਰਤ ਅਨੁਸਾਰ ਰਸਮਾਂ ਨਿਭਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਆਦਿਵਾਸੀਆਂ ਅਤੇ ਜੈਨੀਆਂ ਆਦਿ ਦੇ ਵਿਆਹ, ਮੌਤ ਅਤੇ ਹੋਰ ਰਸਮਾਂ ਨਿਭਾਉਣ ਦੇ ਤਰੀਕੇ ਵੱਖਰੇ ਹਨ। ਤੁਸੀਂ ਚਾਹੁੰਦੇ ਹੋ ਕਿ ਇਹ ਗੁਲਦਸਤਾ ਸਿਰਫ਼ ਇੱਕੋ ਰੰਗ ਦਾ ਹੋ ਜਾਵੇ? ਹਰ ਧਰਮ ਦੀਆਂ ਅਪਣੀਆਂ ਰਸਮਾਂ ਅਤੇ ਅਪਣੇ ਸੱਭਿਆਚਾਰ ਹਨ ਇਸ ਲਈ ਸਾਰਿਆਂ ਨਾਲ ਗੱਲ ਕਰ ਕੇ ਸਹਿਮਤੀ ਬਣਾਉਣੀ ਚਾਹੀਦੀ ਹੈ ਪਰ ਇਹ ਰੀਤੀ-ਰਿਵਾਜ ਇਨ੍ਹਾਂ ਨੂੰ ਕਹਿੰਦੇ ਕੀ ਹਨ? ਪਤਾ ਨੀ ਕਿਉਂ ਇਨ੍ਹਾਂ ਨਾਲ ਛੇੜਛਾੜ ਕਰਦੇ ਹਨ। ਮੈਂ ਤਾਂ ਇਹੀ ਕਹਾਂਗਾ ਕਿ ''ਕੌਮ ਕੋ ਕਬੀਲੋਂ ਮੈ ਮਤ ਬਾਂਟੀਏ, ਲੰਬੇ ਸਫ਼ਰ ਕੋ ਮੀਲੋਂ ਮੈਂ ਮਤ ਬਾਂਟੀਏ.. ਇਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸਕੋ ਨਦੀਓਂ ਔਰ ਜ੍ਹੀਲੋਂ ਮੈਂ ਮਤ ਬਾਂਟੀਏ''
ਇਹ ਵੀ ਪੜ੍ਹੋ: ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਬਿਊਟੀ ਪਾਲਰ ’ਤੇ ਲਾਈ ਪਾਬੰਦੀ
ਮੁੱਖ ਮੰਤਰੀ ਨੇ ਅੱਗੇ ਕਿਹਾ, ''ਇਹ ਕਹਿੰਦੇ ਹਨ ਕਿ ਅਸੀਂ ਸੱਭ ਕੁੱਝ ਸੰਵਿਧਾਨ ਮੁਤਾਬਕ ਕਰ ਰਹੇ ਹਾਂ। ਸੰਵਿਧਾਨ ਕਹਿੰਦਾ ਹੈ ਕਿ ਜੇਕਰ ਸਾਰੇ ਸਮਾਜਕ ਤੌਰ 'ਤੇ ਬਰਾਬਰ ਹੋ ਜਾਣ ਤਾਂ ਤੁਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਸਕਦੇ ਹੋ। ਕੀ ਅਸੀਂ ਸਾਰੇ ਸਮਾਜਕ ਤੌਰ 'ਤੇ ਬਰਾਬਰ ਹੋ ਗਏ ਹਾਂ? ਨਹੀਂ, ਅਜੇ ਵੀ ਬਹੁਤ ਸਾਰੇ ਦੱਬੇ-ਕੁਚਲੇ ਲੋਕ ਹਨ ਜੋ ਕਈ ਮਜਬੂਰੀਆਂ ਕਾਰਨ ਅਜੇ ਵੀ ਨਾ ਪੜ੍ਹਾਈ ਕਰ ਸਕਦੇ ਹਨ ਅਤੇ ਨਾ ਹੀ ਨੌਕਰੀਆਂ ਕਰ ਸਕਦੇ ਹਨ। ਇਸ ਲਈ ਇਹ ਬੀ.ਜੇ.ਪੀ. ਦਾ ਏਜੰਡਾ ਹੈ, ਜਦੋਂ ਵੀ ਕੋਈ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਉਹ ਧਰਮ ਦਾ ਸਹਾਰਾ ਲੈਂਦੇ ਹਨ ਪਰ ਆਮ ਆਦਮੀ ਪਾਰਟੀ ਧਰਮ ਆਦਿ ਵਿਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦੀ। ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਸਾਰੇ ਵਸਦੇ ਰਹਿਣ ਅਤੇ ਦੇਸ਼ ਨੰਬਰ ਇਕ 'ਤੇ ਰਹੇ।''