ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਬਾਰੇ ਖੋਲ੍ਹੇ ਸਾਰੇ ਰਾਜ, ਸਿਆਸੀ ਹਲਕਿਆਂ 'ਚ ਛੇੜੀ ਚਰਚਾ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਹੈ

Captain Amrinder Singh with Navjot Sidhu

ਚੰਡੀਗੜ੍ਹ- ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। ਦਰਅਸਲ, ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਨੇਤਾ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੰਪਰਕ ਵਿਚ ਹਨ ਅਤੇ ਉਹ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਲਿਆਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਾਡੀ ਪਾਰਟੀ ਦਾ ਹਿੱਸਾ ਹਨ। ਜਿੱਥੋਂ ਤੱਕ ਪ੍ਰਸ਼ਾਂਤ ਕਿਸ਼ੋਰ ਦਾ ਸਿੱਧੂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਲ ਹੈ ਤਾਂ ਇਹ ਸੱਚ ਨਹੀਂ ਹੈ। ਇਸ ਗੱਲ ਦੀ ਪੁਸ਼ਟੀ ਖ਼ੁਦ ਪ੍ਰਸ਼ਾਂਤ ਕਿਸ਼ੋਰ ਕਰ ਚੁੱਕੇ ਹਨ। ਕੈਪਟਨ ਨੇ ਕਿਹਾ ਨਵਜੋਤ ਸਿੱਧੂ ਕਾਂਗਰਸ ਦਾ ਹਿੱਸਾ ਹਨ।

ਉਨ੍ਹਾਂ ਸਾਫ਼ ਕੀਤਾ ਕਿ ਪ੍ਰਸ਼ਾਂਤ ਕਿਸ਼ੋਰ ਵੱਲੋਂ 'ਆਪ' ਨਾਲ ਸਿੱਧੂ ਦੀ ਗੰਢਤੁਪ ਕਰਾਉਣ ਦੀਆਂ ਖ਼ਬਰਾਂ ਝੂਠੀਆਂ ਹਨ। ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਆਪਸੀ ਕੁੜੱਤਣ ਤੋਂ ਬਾਅਦ ਸਿੱਧੂ ਨੂੰ ਹੌਲੀ-ਹੌਲੀ ਪਾਰਟੀ 'ਚ ਸਾਇਡਲਾਇਨ ਕਰ ਦਿੱਤਾ ਗਿਆ ਸੀ। ਸਿੱਧੂ ਨੇ ਚੁੱਪ ਧਾਰਦਿਆਂ ਆਪਣੇ ਕੈਬਨਿਟ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਦੋਂ ਤੋਂ ਹੀ ਉਹ ਚੁੱਪੀ ਧਾਰੀ ਬੈਠੇ ਹੋਏ ਹਨ।

ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਇਹ ਚਰਚਾ ਛਿੜ ਗਈ ਸੀ ਕਿ ਸਿੱਧੂ 'ਆਪ' 'ਚ ਸ਼ਾਮਲ ਹੋਣ ਜਾ ਰਹੇ ਹਨ। ਇਹ ਖ਼ਬਰਾਂ ਇਸ ਲਈ ਵੀ ਸੱਚ ਲੱਗੀਆਂ ਕਿਉਂਕਿ ਸਿੱਧੂ ਨੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ 'ਚ ਕੋਈ ਹਿਲਜੁਲ ਨਹੀਂ ਦਿਖਾਈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਇਹ ਦਾਅਵਾ ਕਰ ਦਿੱਤਾ ਹੈ ਕਿ ਸਿੱਧੂ ਕਾਂਗਰਸ ਦਾ ਹੀ ਹਿੱਸਾ ਰਹਿਣਗੇ ਉੱਥੇ ਹੀ ਉਨ੍ਹਾਂ 2022 ਵਿਧਾਨ ਸਭਾ ਚੋਣਾਂ ਲੜ੍ਹਨ ਲਈ ਵੀ ਬਿਗਲ ਵਜਾ ਦਿੱਤਾ ਹੈ।

ਅਜਿਹੇ 'ਚ ਹੁਣ ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ 'ਚ ਕੀ ਆਧਾਰ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਜਿਸ ਤਰ੍ਹਾਂ ਸਿੱਧੂ ਤੇ ਕੈਪਟਨ ਵਿਚਾਲੇ ਆਪਸੀ ਖਿੱਚੋਤਾਣ ਜੱਗ ਜ਼ਾਹਰ ਹੋਈ ਸੀ ਉਸ ਨੂੰ ਦੇਖਦਿਆਂ ਤਾਂ ਇਹੀ ਕਿਹਾ ਜਾ ਸਕਦਾ ਕਿ 'ਇਕ ਮਿਆਨ 'ਚ ਦੋ ਤਲਵਾਰਾਂ' ਨਹੀਂ ਰਹਿ ਸਕਦੀਆਂ। ਓਧਰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਸਿੱਧੂ ਦਾ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਣ 'ਤੇ ਸੁਆਗਤ ਕੀਤੇ ਜਾਣ ਦੀਆਂ ਖ਼ਬਰਾਂ ਹਨ।

ਕੇਜਰੀਵਾਲ ਨੇ ਕਿਹਾ ਸਿੱਧੂ ਪਾਰਟੀ 'ਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ। ਪਰ ਆਮ ਆਦਮੀ ਪਾਰਟੀ ਵੱਲੋਂ ਸਿੱਧੂ ਨਾਲ ਕਿਸੇ ਵਿਅਕਤੀ ਰਾਹੀਂ ਗੱਲਬਾਤ ਕੀਤੇ ਜਾਣ ਬਾਰੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।