ਸਾਬਕਾ ਮੁੱਖ ਮੰਤਰੀ ਕੈਪਟਨ ਵੱਲ ਹੈਲੀਕਾਪਟਰ ਹਾਇਰਿੰਗ ਕੰਪਨੀ ਦਾ ਸਾਢੇ 3 ਕਰੋੜ ਰੁਪਏ ਬਕਾਇਆ : ਪ੍ਰਤਾਪ ਸਿੰਘ ਬਾਜਵਾ

ਏਜੰਸੀ

ਖ਼ਬਰਾਂ, ਰਾਜਨੀਤੀ

ਹੈਲੀਕਾਪਟਰ 'ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਵੀ ਲਏ ਝੂਟੇ, ਕਾਂਗਰਸ ਕਰੇ ਭੁਗਤਾਨ : ਪ੍ਰਿਤਪਾਲ ਸਿੰਘ ਬਲੀਏਵਾਲ

representational

ਕਿਹਾ, ਸਾਬਕਾ ਮੁੱਖ ਮੰਤਰੀ ਦੀਆਂ ਇਨ੍ਹਾਂ ਗਤੀਵਿਧੀਆਂ ਕਾਰਨ ਦਰ-ਦਰ ਭਟਕ ਰਹੇ ਲੈਫਟੀਨੈਂਟ ਕਰਨਲ ਅਨਿਲ ਰਾਜ

ਕਿਹਾ, ਜੇਕਰ ਬੀ.ਜੇ.ਪੀ. ਨੇ ਹੀ ਭੁਗਤਾਨ ਕਰਨਾ ਹੈ ਤਾਂ ਰਾਹੁਲ ਤੇ ਪ੍ਰਿਯੰਕਾ ਵੀ ਬੀ.ਜੇ.ਪੀ. ਵਿਚ ਸ਼ਾਮਲ ਹੋਣ

ਚੰਡੀਗੜ੍ਹ (ਕੋਮਲਜੀਤ ਕੌਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਹਾਇਰਿੰਗ ਕੰਪਨੀ ਨੂੰ ਕਰੀਬ 3.5 ਕਰੋੜ ਰੁਪਏ ਨਹੀਂ ਦਿਤੇ ਹਨ। ਇਹ ਇਲਜ਼ਾਮ ਪੰਜਾਬ ਕਾਂਗਰਸ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਗਾਏ ਹਨ। ਇਸ ਬਾਰੇ ਉਨ੍ਹਾਂ ਇਕ ਟਵੀਟ ਕਰਦਿਆਂ ਲਿਖਿਆ, ''ਭਾਜਪਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹੈਲੀਕਾਪਟਰ ਹਾਇਰਿੰਗ ਕੰਪਨੀ ਤੋਂ ਲਈਆਂ ਸੇਵਾਵਾਂ ਬਦਲੇ ਭੁਗਤਾਨ ਲਈ ਹੋਰ ਇੰਤਜ਼ਾਰ ਨਹੀਂ ਕਰਵਾਉਣਾ ਚਾਹੀਦਾ ਲਈਆਂ। ਬਕਾਇਆ ਭੁਗਤਾਨ 2.1 ਕਰੋੜ ਰੁਪਏ ਸੀ ਜੋ ਵਿਆਜ ਨਾਲ 3.5 ਕਰੋੜ ਰੁਪਏ ਹੋ ਗਿਆ ਹੈ। ਸਾਬਕਾ CM ਦੀਆਂ ਇਨ੍ਹਾਂ ਗਤੀਵਿਧੀਆਂ ਕਾਰਨ ਲੈਫਟੀਨੈਂਟ ਕਰਨਲ ਅਨਿਲ ਰਾਜ ਦਰ-ਦਰ ਭਟਕ ਰਹੇ ਹਨ।''

ਪ੍ਰਤਾਪ ਸਿੰਘ ਬਾਜਵਾ ਇਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਤੇਲੰਗਾਨਾ ਨੂੰ ਹੈਲੀਕਾਪਟਰ ਦਿਤਾ ਫਿਰ ਅਪਣੇ ਕਰੀਬੀ ਦੋਸਤ ਅਤੇ ਕੈਪਟਨ ਸਰਕਾਰ ਵੇਲੇ ਸਿਵਲ ਏਵੀਏਸ਼ਨ ਦੇ ਇੰਚਾਰਜ ਦੇ ਕਹਿਣ 'ਤੇ ਵਾਪਸ ਲੈਂਦੇ ਹੋਏ ਭੁਗਤਾਨ ਕਰਨ ਦੀ ਗੱਲ ਵੀ ਕੀਤੀ। ਤੇਲੰਗਾਨਾ ਨਾਲ ਇਕਰਾਰਨਾਮਾ ਖ਼ਤਮ ਕਰਨ ਲਈ ਕਿਹਾ ਅਤੇ ਇਕ ਮਹੀਨੇ ਲਈ ਹੈਲੀਕਾਪਟਰ ਸੇਵਾਵਾਂ ਲਈਆਂ।

ਬਾਜਵਾ ਦਾ ਕਹਿਣਾ ਹੈ ਕਿ ਇਸ ਲਈ ਕੁਝ ਅਗਾਊਂ ਅਦਾਇਗੀ ਵੀ ਕੀਤੀ ਗਈ ਸੀ ਪਰ ਅਜੇ ਵੀ ਭੁਗਤਾਨ ਬਾਕੀ ਹੈ।  ਜਦੋਂ ਹੈਲੀਕਾਪਟਰ ਦੀ ਸੇਵਾ ਲਈ ਜਾਂਦੀ ਹੈ ਤਾਂ ਪੈਸੇ ਦੇਣੇ ਪੈਂਦੇ ਹਨ। ਪ੍ਰਤਾਪ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਦੇ ਸੀਨੀਅਰ ਆਗੂ ਹਨ। ਜੇਕਰ ਕੈਪਟਨ ਨੇ ਉਨ੍ਹਾਂ ਦੀ ਬਕਾਇਆ ਅਦਾਇਗੀ ਨੂੰ ਕਲੀਅਰ ਨਹੀਂ ਕੀਤਾ ਤਾਂ ਉਹ ਇਸ ਸਬੰਧੀ ਭਾਜਪਾ ਲੀਡਰਸ਼ਿਪ ਨੂੰ ਅਪੀਲ ਕਰਨ ਅਤੇ ਬਾਕੀ ਰਹਿੰਦੀ ਰਕਮ ਭਾਜਪਾ ਵਲੋਂ ਦਿਤੀ ਜਾਵੇ।

ਉਧਰ ਕੈਪਟਨ ਅਮਰਿੰਦਰ ਸਿੰਘ ਵਲੋਂ ਫਿਲਹਾਲ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਉਨ੍ਹਾਂ ਦੇ ਕਰੀਬੀ ਪ੍ਰਿਤਪਾਲ ਸਿੰਘ ਬਲੀਏਵਾਲ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਚੋਣਾਂ ਦੌਰਾਨ ਕੋਈ ਵੀ ਨਿਜੀ ਤੌਰ 'ਤੇ ਅਜਿਹੀਆਂ ਸੇਵਾਵਾਂ ਨਹੀਂ ਲੈ ਸਕਦਾ। ਜੇਕਰ ਕਿਸੇ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਉਹ ਪਾਰਟੀ ਵਲੋਂ ਹੀ ਮੁਹਈਆ ਕਰਵਾਈਆਂ ਜਾਂਦੀਆਂ ਹਨ। ਪਾਰਟੀ ਵਲੋਂ ਹੀ ਅਪਣੇ ਸਟਾਰ ਪ੍ਰਚਾਰਕਾਂ ਨੂੰ ਸਹੂਲਤਾਂ ਮੁਹਈਆ ਕਰਵਾਉਂਦੀ ਹੈ ਜਿਸ ਦਾ ਪੂਰਾ ਵੇਰਵਾ ਚੋਣ ਕਮਿਸ਼ਨ ਨੂੰ ਦਿਤਾ ਜਾਂਦਾ ਹੈ। ਇਸ ਲਈ ਜੇ ਉਹ ਹੈਲੀਕਾਪਟਰ ਆਇਆ ਹੋਵੇਗਾ ਤਾਂ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਆਇਆ ਹੋਵੇਗਾ।

ਇਹ ਵੀ ਪੜ੍ਹੋ: MP ਗੁਰਜੀਤ ਔਜਲਾ ਨੇ ਕੀਤਾ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਣ ਰਹੇ ਕੈਂਸਰ ਹਸਪਤਾਲ ਅਤੇ ਰੇਡੀਉਲੋਜੀ ਵਿਭਾਗ ਦਾ ਦੌਰਾ 

ਬਲੀਏਵਾਲ ਨੇ ਕਿਹਾ,''ਮੈਨੂੰ ਲਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਗੱਲਾਂ ਵਿਚ ਆ ਕੇ ਟਵੀਟ ਕਰ ਦਿਤਾ ਹੈ ਅਤੇ ਬਾਅਦ ਵਿਚ ਸਾਰੇ ਵੇਰਵਿਆਂ ਦੀ ਪੜਚੋਲ ਕਰਨ ਮਗਰੋਂ ਕੁੱਝ ਨਹੀਂ ਮਿਲਿਆ ਹੋਣਾ, ਇਸ ਲਈ ਅਜੇ ਤਕ ਉਨ੍ਹਾਂ ਵਲੋਂ ਕੋਈ ਹੋਰ ਪ੍ਰਤੀਕਿਰਿਆ ਨਹੀਂ ਆਈ। ਜੇਕਰ ਕੋਈ ਅਜਿਹੀ ਗੱਲ ਹੁੰਦੀ ਤਾਂ ਸਾਡੇ ਵਿਰੋਧੀਆਂ ਨੇ ਚੁੱਪ ਨਹੀਂ ਰਹਿਣਾ ਸੀ। ਉਸ ਜਹਾਜ਼ 'ਤੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਹੋਰ ਪੰਜ-ਛੇ ਲੀਡਰਾਂ ਨੇ ਝੂਟੇ ਲਏ ਹੋਏ ਨੇ, ਜੇਕਰ ਇਹ ਗੱਲ ਨੂੰ ਵਧਾਉਣਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਜਨਤਕ ਹੋਣਗੀਆਂ। ''

ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੋਈ ਭੁਗਤਾਨ ਬਾਕੀ ਹੈ ਤਾਂ ਉਸ ਦਾ ਹਿਸਾਬ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਕੀਤਾ ਜਾਵੇ, ਸਾਡਾ ਇਸ ਨਾਲ ਕੋਈ ਵਾਸਤਾ ਨਹੀਂ ਹੈ। ਬਾਜਵਾ ਸਾਹਬ ਦੇ ਕਹਿਣ ਮੁਤਾਬਕ ਜੇਕਰ ਬੀ.ਜੇ.ਪੀ. ਨੇ ਹੀ ਇਸ ਦਾ ਭੁਗਤਾਨ ਕਰਨਾ ਹੈ ਤਾਂ ਫਿਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਵੀ ਬੀ.ਜੇ.ਪੀ. ਵਿਚ ਸ਼ਾਮਲ ਹੋਣਾ ਪਵੇਗਾ।