ਕਾਂਗਰਸ 'ਤੇ ਲਗਾਏ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਤੋਂ ਸਬੂਤ ਕਿਉਂ ਨਹੀਂ ਮੰਗੇ ਗਏ : ਕਪਿਲ ਸਿੱਬਲ ਨੇ ਚੋਣ ਕਮਿਸ਼ਨ ਨੂੰ ਕੀਤਾ ਸਵਾਲ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਕੀ ਚੋਣ ਕਮਿਸ਼ਨ ਕੋਲ ਪ੍ਰਧਾਨ ਮੰਤਰੀ ਤੋਂ ਸਬੂਤ ਮੰਗਣ ਦੀ ਹਿੰਮਤ ਨਹੀਂ ਹੈ?

Representational Image

ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਐਤਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਾਂਗਰਸ 'ਤੇ ਉਨ੍ਹਾਂ ਦੇ ਦੋਸ਼ਾਂ 'ਤੇ ਸਬੂਤ ਮੰਗਣੇ ਚਾਹੀਦੇ ਹਨ ਕਿ ਪਾਰਟੀ ਅਤਿਵਾਦ 'ਚ ਸ਼ਾਮਲ ਲੋਕਾਂ ਨਾਲ ਸਿਆਸੀ ਗੱਲਬਾਤ ਕਰ ਰਹੀ ਹੈ।

ਸਿੱਬਲ ਨੇ ਇਹ ਟਿੱਪਣੀ ਚੋਣ ਕਮਿਸ਼ਨ ਵਲੋਂ ਇਕ ਇਸ਼ਤਿਹਾਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁਧ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਕਾਂਗਰਸ ਤੋਂ ਸਬੂਤ ਮੰਗੇ ਜਾਣ ਤੋਂ ਬਾਅਦ ਕੀਤੀ।

ਚੋਣ ਕਮਿਸ਼ਨ ਨੇ ਭਾਜਪਾ ਵਿਰੁਧ ਅਖ਼ਬਾਰਾਂ 'ਚ ਪ੍ਰਕਾਸ਼ਤ 'ਭ੍ਰਿਸ਼ਟਾਚਾਰ ਰੇਟ ਕਾਰਡ' ਦੇ ਇਸ਼ਤਿਹਾਰ 'ਤੇ ਕਾਂਗਰਸ ਦੀ ਕਰਨਾਟਕ ਇਕਾਈ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਪਾਰਟੀ ਨੂੰ ਅਪਣੇ ਦੋਸ਼ਾਂ ਨੂੰ ਸਾਬਤ ਕਰਨ ਲਈ ਐਤਵਾਰ ਸ਼ਾਮ ਤੱਕ ਪੁਖ਼ਤਾ ਸਬੂਤ ਮੁਹੱਈਆ ਕਰਵਾਉਣ ਲਈ ਕਿਹਾ ਹੈ। ਭਾਜਪਾ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸ਼ਨੀਵਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ।

ਸਿੱਬਲ ਨੇ ਇਸ ਘਟਨਾਕ੍ਰਮ ਬਾਰੇ ਟਵੀਟ ਕੀਤਾ, ''ਚੋਣ ਕਮਿਸ਼ਨ ਨੇ ਭਾਜਪਾ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਕਾਂਗਰਸ ਤੋਂ ਸਬੂਤ ਮੰਗੇ ਹਨ। ਪ੍ਰਧਾਨ ਮੰਤਰੀ ਦੁਆਰਾ ਕਾਂਗਰਸ 'ਤੇ ਅਤਿਵਾਦ ਵਿਚ ਸ਼ਾਮਲ ਲੋਕਾਂ ਨਾਲ ਪਿਛਲੇ ਦਰਵਾਜ਼ੇ ਰਾਹੀਂ ਗੱਲਬਾਤ ਕਰਨ ਦਾ ਦੋਸ਼ ਲਗਾਏ ਜਾਣ ਸਬੰਧੀ ਸਬੂਤ ਮੰਗਣ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈ।''

ਸਮਾਜਵਾਦੀ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਦੇ ਆਜ਼ਾਦ ਮੈਂਬਰ ਵਜੋਂ ਚੁਣੇ ਗਏ ਸਿੱਬਲ ਨੇ ਅੱਗੇ ਲਿਖਿਆ, "ਕੀ ਚੋਣ ਕਮਿਸ਼ਨ ਕੋਲ ਪ੍ਰਧਾਨ ਮੰਤਰੀ ਤੋਂ ਸਬੂਤ ਮੰਗਣ ਦੀ ਹਿੰਮਤ ਨਹੀਂ ਹੈ?" ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਮੋਦੀ ਦੇ ਦੋਸ਼ਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ ਕਿ "ਕਾਂਗਰਸ ਨੇ ਵੋਟ ਬੈਂਕ ਲਈ ਅਤਿਵਾਦ ਨੂੰ ਪਨਾਹ ਦਿਤੀ।"