ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਵੱਡੀ ਹਿਲਜੁਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਦੋ ਮੰਤਰੀਆਂ ਤੇ ਕਈ ਵਿਧਾਇਕਾਂ ਦੀ ਨਵਜੋਤ ਸਿੱਧੂ ਨਾਲ ਗੁਪਤ ਮੀਟਿੰਗ ਦੀ ਖ਼ਬਰਾਂ ਦੀ ਸਿਆਸੀ ਹਲਕਿਆਂ ਵਿਚ ਚਰਚਾ ਛਿੜੀ

Navjot Sidhu and Pargat Singh

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਇਕ ਪਾਸੇ ਪੰਜਾਬ ਵਿਚ ਜਿਥੇ ਕੋਰੋਨਾ ਦੀ ਮਹਾਂਮਾਰੀ ਦੀ ਚੁਨੌਤੀ ਦਾ ਸੂਬਾ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਦੂਜੇ ਪਾਸੇ ਸੱਤਾਧਿਰ ਕਾਂਗਰਸ ਅੰਦਰ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਨੂੰ ਲੈ ਕੇ ਵੱਡੀ ਹਿਲਜੁਲ ਪੈਦਾ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਖੁਲ੍ਹੇਆਮ ਆਹਮੋ ਸਾਹਮਣੇ ਹਨ। ਹੁਣ ਤਾਂ ਸਥਿਤੀ ਕੁੱਝ ਹੋਰ ਅੱਗੇ ਵਧਦੀ ਦਿਖਾਈ ਦੇ ਰਹੀ ਹੈ ਅਤੇ ਪਾਰਟੀ ਹਾਈਕਮਾਨ ਨੇ ਵੀ ਕੈਪਟਨ-ਸਿੱਧੂ ਵਿਵਾਦ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ। 

ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨੀਂ ਪੰਚਕੂਲਾ ਵਿਚ ਨਵਜੋਤ ਸਿੰਘ ਸਿੱਧੂ ਦੋ ਸੀਨੀਅਰ ਮੰਤਰੀਆਂ ਅਤੇ ਕੁੱਝ ਵਿਧਾਇਕਾਂ ਨਾਲ ਗੁਪਤ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕਰ ਚੁੱਕੇ ਹਨ। ਪਤਾ ਲੱਗਾ ਹੈ ਕਿ ਅਗਲੇ ਹਫ਼ਤੇ ਮੁੜ ਇਕ ਹੋਰ ਮੀਟਿੰਗ ਹੋਵੇਗੀ। ਚਰਚਾ ਹੈ ਕਿ ਨਵਜੋਤ ਸਿੱਧੂ ਵਲ ਕਾਂਗਰਸ ਵਿਧਾਇਕਾਂ ਦਾ ਝੁਕਾਅ ਲਗਾਤਾਰ ਵਧ ਰਿਹਾ ਹੈ ਤੇ ਇਕ ਅਨੁਮਾਨ ਮੁਤਾਬਕ 25 ਤੋਂ 30 ਵਿਧਾਇਕ ਅੰਦਰਖਾਤੇ ਉਨ੍ਹਾਂ ਨਾਲ ਆ ਚੁੱਕੇ ਹਨ।

ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਵਿਚ ਹੋਈ ਮੀਟਿੰਗ ਕਰਵਾਉਣ ਵਿਚ ਵਿਧਾਇਕ ਪ੍ਰਗਟ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਉਹ ਹੀ ਹੋਰ ਵਿਧਾਇਕਾਂ ਨੂੰ ਲਾਮਬੰਦ ਕਰ ਰਹੇ ਹਨ। ਸੂਤਰਾਂ ਅਨੁਸਾਰ ਸਿੱਧੂ ਦੀ ਪੰਚਕੂਲਾ ਦੀ ਮੀਟਿੰਗ ਵਿਚ ਸਿਰਫ਼ 2 ਮੰਤਰੀ ਤੇ ਕਈ ਪ੍ਰਮੁੱਖ ਵਿਧਾਇਕ ਹੀ ਸ਼ਾਮਲ ਨਹੀਂ ਹੋਏ ਬਲਕਿ ਪੰਜਾਬ ਦੇ ਕੁੱਝ ਸਾਬਕਾ ਵਿਧਾਇਕ ਤੇ ਪ੍ਰਮੁੱਖ ਆਗੂ ਵੀ ਸ਼ਾਮਲ ਸਨ। ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਕਾਂਗਰਸ ਤੇ ਸਰਕਾਰ ਅੰਦਰਲੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। 

ਜ਼ਿਕਰਯੋਗ ਹੈ ਕਿ ਜ਼ਿਆਦਾ ਤਲਖ਼ੀ ਦਾ ਮਾਹੌਲ ਉਸ ਦਿਨ ਤੋਂ ਪੈਦਾ ਹੋਇਆ ਜਿਸ ਦਿਨ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫ਼ੇ ਰੱਖ ਦਿਤੇ ਸਨ। ਭਾਵੇਂ ਜਾਖੜ ਨੂੰ ਤਾਂ ਕੈਪਟਨ ਨੇ ਬਾਅਦ ਵਿਚ ਮਨਾ ਲਿਆ ਪਰ ਰੰਧਾਵਾ ਵਿਚ ਹਾਲੇ ਵੀ ਨਰਾਜ਼ਗੀ ਖ਼ਤਮ ਨਹੀਂ ਹੋਈ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਨਰਾਜ਼ ਦੱਸੇ ਜਾ ਰਹੇ ਹਨ। ਜਿਸ ਕਰ ਕੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਵਿਚ ਨਵੇਂ ਸਮੀਕਰਨ ਬਣ ਸਕਦੇ ਹਨ।