Punjab Congress News: ਅੱਜ ਦਾ ਦਿਨ ਪੰਜਾਬ ਕਾਂਗਰਸ ਪਾਰਟੀ ਲਈ ਅਹਿਮ, ਮਹੱਤਵਪੂਰਨ ਅਤੇ ਸੰਕਟਮਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੀ ਦੇਵੇਂਦਰ ਯਾਦਵ ਮੂਹਰੇ ਨਵਜੋਤ ਸਿੰਘ ਸਿੱਧੂ ਦੀਆਂ ਲਗਣਗੀਆਂ ਸ਼ਿਕਾਇਤਾਂ?

Punjab Congress (File Image)

Punjab Congress News: ਕਾਂਗਰਸ ਪਾਰਟੀ ਲਈ 9 ਜਨਵਰੀ ਵਾਲਾ ਦਿਨ ਬੜਾ ਅਹਿਮ, ਮਹੱਤਵਪੂਰਨ ਅਤੇ ਸੰਕਟਮਈ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਦਿਨ ਪਾਰਟੀ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਗਏ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਪੰਜਾਬ ਵਿਚ ਆ ਕੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਨਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੁਸ਼ਿਆਰਪੁਰ ਵਿਖੇ ‘ਜਿੱਤੇਗਾ ਪੰਜਾਬ-ਜਿੱਤੇਗੀ ਕਾਂਗਰਸ’ ਦੇ ਬੈਨਰ ਹੇਠ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਸੁਖਪਾਲ ਸਿੰਘ ਖਹਿਰਾ ਦੇ ਵਕੀਲ ਵਲੋਂ ਅਦਾਲਤ ਵਿਚ ਜ਼ਮਾਨਤ ਸਬੰਧੀ ਲਾਈ ਅਰਜ਼ੀ ’ਤੇ ਸੁਣਵਾਈ ਵੀ ਅੱਜ 9 ਜਨਵਰੀ ਨੂੰ ਹੀ ਹੋਵੇਗੀ।

ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਮਿਲਣ ਤੋਂ ਬਾਅਦ ਐਨ ਮੌਕੇ ’ਤੇ ਇਕ ਹੋਰ ਕੇਸ ਵਿਚ ਗਿ੍ਰਫ਼ਤਾਰੀ ਹੋਣੀ, ਪੰਜਾਬ ਸਮੇਤ ਪਾਰਟੀ ਦੀ ਹਾਈਕਮਾਂਡ ਵਲੋਂ ਇਸ ਮਾਮਲੇ ’ਤੇ ਕੋਈ ਪ੍ਰਤੀਕਰਮ ਕਰਨ ਦੀ ਬਜਾਇ ਚੁੱਪੀ ਸਾਧ ਲੈਣੀ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਸੁਨੀਲ ਕੁਮਾਰ ਜਾਖੜ ਵਲੋਂ ਸੁਖਪਾਲ ਖਹਿਰਾ ਨੂੰ ਕਾਂਗਰਸ ਹਾਈਕਮਾਂਡ ਤੇ ਪੰਜਾਬ ਦੇ ਸੀਨੀਅਰ ਆਗੂਆਂ ਵਲੋਂ ਵਿਸਾਰਨ ਦੇ ਦਿਤੇ ਬਿਆਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਦਾ ਸੁਖਪਾਲ ਖਹਿਰਾ ਦੇ ਹੱਕ ਵਿਚ ਬੋਲਣ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਪਾਰਟੀ ਦੇ ਮੂਹਰਲੀ ਕਤਾਰ ਵਾਲੇ ਆਗੂਆਂ ਵਲੋਂ ਫਿਰ ਵੀ ਚੁੱਪ ਰਹਿਣ ਵਾਲੇ ਅਨੇਕਾਂ ਮਾਮਲਿਆਂ ਸਮੇਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣਾਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਹੋਣ ਵਾਲੇ ਸੰਭਾਵਤ ਗਠਜੋੜ ਸਬੰਧੀ ਦੇਵੇਂਦਰ ਯਾਦਵ ਨਾਲ ਪਾਰਟੀ ਆਗੂ ਵਿਚਾਰਾਂ ਕਰਨਗੇ ਜਦਕਿ ਨਵਜੋਤ ਸਿੰਘ ਸਿੱਧੂ ਵਲੋਂ ਪਾਰਟੀ ਤੋਂ ਵਖਰੀ ‘ਡਫਲੀ’ ਵਜਾਉਣ ਵਾਲਾ ਮੁੱਦਾ ਵੀ ਇਸ ਮੀਟਿੰਗ ਵਿਚ ਜ਼ਰੂਰ ਵਿਚਾਰਿਆ ਜਾਵੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਵਜੋਤ ਸਿੰਘ ਸਿੱਧੂ ਵਲੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰ ਕੇ ਅਤੇ ਪਾਰਟੀ ਦੇ ਝੰਡੇ/ਬੈਨਰ ਤੋਂ ਬਿਨਾਂ ਹੀ ਭਾਰੀ ਇਕੱਠ ਕਰਨਾ, ਪਾਰਟੀ ਆਗੂਆਂ ਦੇ ਰੋਸ ਅਤੇ ਸ਼ਿਕਾਇਤਾਂ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਕਸਬੇ ਕੋਟਸ਼ਮੀਰ ਵਿਖੇ ‘ਜਿੱਤੇਗਾ ਪੰਜਾਬ-ਜਿੱਤੇਗੀ ਕਾਂਗਰਸ’ ਦੇ ਬੈਨਰ ਹੇਠ ਕਾਂਗਰਸੀ ਝੰਡਿਆਂ ਨਾਲ ਫਿਰ ਭਾਰੀ ਇਕੱਠ ਕਰ ਕੇ ਆਮ ਆਦਮੀ ਪਾਰਟੀ ਵਿਰੁਧ ਬਿਆਨਬਾਜ਼ੀ ਕਰਨ, ਕੋਟਸ਼ਮੀਰ ਦੀ ਰੈਲੀ ਨੂੰ ਫ਼ਲਾਪ ਕਰਨ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਇਸ ਰੈਲੀ ਤੋਂ ਦੂਰ ਰਹਿਣ ਲਈ ਬਿਆਨ ਜਾਰੀ ਕਰਨ, ਨਵਜੋਤ ਸਿੰਘ ਸਿੱਧੂ ਵਲੋਂ ਫਿਰ ਵੀ ਕਾਂਗਰਸੀ ਆਗੂਆਂ ਵਿਰੁਧ ਕੱੁਝ ਵੀ ਬੋਲਣ ਤੋਂ ਗੁਰੇਜ਼ ਕਰਨ, ਰਾਜਨੀਤਕ ਮਾਹਰਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਭਾਰੀ ਇਕੱਠਾਂ ਤੋਂ ਵਖਰੀ ਪਾਰਟੀ ਬਣਾਉਣ ਦੇ ਸੰਕੇਤ ਮਿਲਣ, ਪਹਿਲਾਂ ਦੀ ਤਰ੍ਹਾਂ ਵਾਰ-ਵਾਰ ਨਵਜੋਤ ਸਿੰਘ ਸਿੱਧੂ ਵਲੋਂ ਪਾਰਟੀ ਦਾ ਅਨੁਸ਼ਾਸਨ ਤੋੜਨ, ਪਿੰਡ ਮਹਿਰਾਜ ਅਤੇ ਕੋਟਸ਼ਮੀਰ ਨਾਲੋਂ ਹੁਸ਼ਿਆਰਪੁਰ ਵਿਖੇ ਅਪਣੀ ਸੁਰ ਬਦਲਣ ਵਰਗੀਆਂ ਕਨਸੋਆਂ ਤੋਂ ਰਾਜਨੀਤਕ ਹਲਕੇ, ਪਾਰਟੀ ਦੇ ਲੀਡਰਾਂ ਸਮੇਤ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਆਮ ਲੋਕ ਵੱਖੋ-ਵਖਰੇ ਅੰਦਾਜ਼ੇ ਲਾ ਰਹੇ ਹਨ।

9 ਜਨਵਰੀ ਦੇ ਦਿਨ ਨੂੰ ਕਾਂਗਰਸ ਪਾਰਟੀ ਲਈ ਅਹਿਮ, ਮਹੱਤਵਪੂਰਨ ਅਤੇ ਸੰਕਟਮਈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਬਾਕੀ ਮੂਹਰਲੀ ਕਤਾਰ ਦੇ ਆਗੂ ਕੀ ਦੇਵੇਂਦਰ ਯਾਦਵ ਕੋਲ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਕਰਨਗੇ? ਕੀ ਦੇਵੇਂਦਰ ਯਾਦਵ ਨਾਲ ਪੰਜਾਬ ਵਿਚ ‘ਆਪ’ ਤੇ ਕਾਂਗਰਸ ਨਾਲ ਗਠਜੋੜ ਸਬੰਧੀ ਗੱਲਬਾਤ ਕੀਤੀ ਜਾਵੇਗੀ? ਕੀ ‘ਆਪ’ ਨਾਲ ਗਠਜੋੜ ਸਬੰਧੀ ਸਹਿਮਤੀ ਜਾਂ ਵਿਰੋਧ ਦੇਖਣ ਨੂੰ ਮਿਲੇਗਾ? ਕੀ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲ ਜਾਵੇਗੀ?

 (For more Punjabi news apart from Today is an important and critical day for Punjab Congress Party, stay tuned to Rozana Spokesman)