ਅਕਾਲੀ ਦਲ ਬਾਦਲ ਵਲੋਂ 41 ਸਾਲਾਂ ਬਾਅਦ ਕਪੂਰੀ ਪਿੰਡ ’ਚ ਫਿਰ ਮਾਰੀ ਗਈ ਬੜ੍ਹਕ
ਹੈਰਾਨੀ! ਕੇਂਦਰ ’ਚ ਵਾਰ-ਵਾਰ ਭਾਈਵਾਲੀ ਦੇ ਬਾਵਜੂਦ ਬਾਦਲ ਦਲ ਕਿਉਂ ਰਿਹਾ ਚੁੱਪ?
ਕੋਟਕਪੂਰਾ : 1982 ਵਿਚ ਅਕਾਲੀ ਦਲ ਵਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਵਿਰੋਧ ਵਿਚ ਕਪੂਰੀ ਮੋਰਚਾ ਲਾਇਆ ਗਿਆ, ਜੋ ਕਪੂਰੀ ਪਿੰਡ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਪਹੁੰਚ ਕੇ ਧਰਮ ਯੁੱਧ ਮੋਰਚੇ ਵਿਚ ਤਬਦੀਲ ਹੋ ਗਿਆ। ਇਕ ਦਹਾਕੇ ਤੋਂ ਜ਼ਿਆਦਾ ਪੰਜਾਬ ਵਿਚ ਕਾਲੀ ਹਨੇਰੀ ਝੁਲੀ, ਕਈ ਘਰਾਂ ਦੇ ਚਿਰਾਗ ਬੁਝ ਗਏ, ਕਈ ਬਰਬਾਦ ਹੋ ਗਏ, ਰੌਲਾ ਪਾਉਣ ਵਾਲਿਆਂ ਨੇ ਸੱਤਾ ਸੰਭਾਲੀ, ਕੇਂਦਰ ਸਰਕਾਰ ਨਾਲ ਭਾਈਵਾਲੀ ਹੋਣ ਦੇ ਬਾਵਜੂਦ ਵੀ ਐਸਵਾਈਐਲ ਨਹਿਰ ਦਾ ਮਸਲਾ ਹੱਲ ਕਰਨ ਦੀ ਬਜਾਇ ਅੱਜ 41 ਸਾਲਾਂ ਬਾਅਦ ਫਿਰ ਅਕਾਲੀ ਦਲ ਨੇ ਉਸੇ ਥਾਂ ਅਰਥਾਤ ਕਪੂਰੀ ਪਿੰਡ ਵਿਖੇ ਜਾ ਕੇ ਬੜ੍ਹਕ ਮਾਰੀ ਹੈ ਕਿ ਕੇਂਦਰ ਸਰਕਾਰ ਵਲੋਂ ਐਸਵਾਈਐਲ ਨਹਿਰ ਲਈ ਭੇਜੀ ਸਰਵੇ ਟੀਮ ਨੂੰ ਕਿਸੇ ਵੀ ਕੀਮਤ ’ਤੇ ਸਰਵੇ ਨਹੀਂ ਕਰਨ ਦਿਤਾ ਜਾਵੇਗਾ, ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ’ਤੇ ਰਾਜਸਥਾਨ ਨੂੰ ਜਾਂਦਾ ਪਾਣੀ ਵੀ ਬੰਦ ਕੀਤਾ ਜਾਵੇਗਾ।
ਪੰਜਾਬ ਦਾ ਜਾਗਰੂਕ ਤਬਕਾ ਹੈਰਾਨ ਹੈ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀ ਦੀ ਸਮੇਂ ਸਮੇਂ ਪੰਜਾਬ ਵਿਚ ਸਰਕਾਰ ਬਣਨ ਅਤੇ ਕੇਂਦਰ ਵਿਚ ਵੀ ਭਾਈਵਾਲੀ ਹੋਣ ਦੇ ਬਾਵਜੂਦ ਉਨ੍ਹਾਂ ਉਕਤ ਸਮੱਸਿਆ ਦੇ ਹੱਲ ਲਈ ਯਤਨ ਕਿਉਂ ਨਾ ਕੀਤੇ?
ਅਕਾਲੀ ਦਲ ਬਾਦਲ : ਭਾਵੇਂ ਪੰਜਾਬ ਵਿਚ 1986 ਵਿਚ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਬਣੀ, ਉਸ ਵਿਚ ਬਾਦਲ ਦਲ ਦੀ ਸਮੁੱਚੀ ਟੀਮ ਵੀ ਸ਼ਾਮਲ ਸੀ। ਸਾਲ 1997 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਹੋਂਦ ਵਿਚ ਆਈ, ਪਹਿਲਾਂ 13 ਮਹੀਨੇ ਅਤੇ ਫਿਰ ਪੰਜ ਸਾਲ ਕੇਂਦਰ ਵਿਚ ਭਾਜਪਾ ਦੀ ਸਰਕਾਰ ’ਚ ਅਕਾਲੀ ਦਲ ਦੀ ਭਾਈਵਾਲੀ, ਗੁਆਂਢੀ ਸੂਬੇ ਰਾਜਸਥਾਨ ਵਿਚ ਵੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਪਰ ਅਕਾਲੀਆਂ ਨੇ ਮੌਨ ਧਾਰ ਲਿਆ, ਸਿਰਫ਼ ਸਿਆਸੀ ਰੋਟੀਆਂ ਸੇਕਣ ਲਈ ਇਸ ਮੁੱਦੇ ਨੂੰ ਉਦੋਂ ਉਛਾਲਿਆ ਜਦੋਂ ਅਕਾਲੀ ਦਲ ਸੱਤਾ ਵਿਚ ਨਹੀਂ ਸੀ।
ਸਾਲ 2014 ਵਿਚ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਂਦ ਵਿਚ ਆਈ, 4 ਫ਼ਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਰਥਾਤ ਤਿੰਨ ਸਾਲ ਤਕ ਅਕਾਲੀ ਦਲ ਫਿਰ ਕੇਂਦਰ ਵਿਚ ਭਾਈਵਾਲ, ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਵਿਚ ਭਾਜਪਾ ਦੀਆਂ ਸਰਕਾਰਾਂ ਦੇ ਬਾਵਜੂਦ ਅਕਾਲੀ ਦਲ ਬਾਦਲ ਨੇ ਐਸ ਵਾਈ ਐਲ ਨਹਿਰ ਦਾ ਮੁੱਦਾ ਛੂਹਣ ਦੀ ਜ਼ਰੂਰਤ ਨਾ ਸਮਝੀ। ਉਸ ਸਮੇਂ ਵੀ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਲਗਾਤਾਰ ਜਾਂਦਾ ਰਿਹਾ ਪਰ ਅੱਜ ਅਕਾਲੀ ਦਲ ਵਲੋਂ ਰਾਜਸਥਾਨ ਨੂੰ ਜਾਂਦਾ ਪਾਣੀ ਬੰਦ ਕਰਨ ਦੇ ਦਿਤੇ ਬਿਆਨ ਨੂੰ ਪੜ੍ਹ ਸੁਣ ਕੇ ਜਾਗਰੂਕ ਤਬਕੇ ਦਾ ਹੈਰਾਨ ਹੋਣਾ ਸੁਭਾਵਕ ਹੈ।
ਕਾਂਗਰਸ ਪਾਰਟੀ : ਇੰਦਰਾ ਗਾਂਧੀ ਵਲੋਂ ਟਕ ਲਾਉਣ, ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਬੰਧ ਕਰਨ ਵਰਗੇ ਅਕਾਲੀ ਦਲ ਦੇ ਦੋਸ਼ ਅਤੇ ਬਿਆਨ ਪੜ੍ਹ ਪੜ੍ਹ ਕੇ ਲੋਕ ਅੱਕ ਅਤੇ ਥੱਕ ਚੁੱਕੇ ਹਨ। ਭਾਵੇਂ ਅੱਜ ਕੈਪਟਨ ਅਮਰਿੰਦਰ ਸਿੰਘ ਖ਼ੁਦ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਅਤੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਦੇ ਤੇਵਰ ਵੀ ਪਾਣੀਆਂ ਦੇ ਮੁੱਦੇ ’ਤੇ ਬਹੁਤ ਸਖ਼ਤ ਹਨ ਪਰ ਪੰਜਾਬ ਅਤੇ ਕੇਂਦਰ ਵਿਚ ਕਾਂਗਰਸ ਦੀਆਂ ਸਰਕਾਰਾਂ ਹੋਂਦ ਵਿਚ ਆਉਣ ਦੇ ਬਾਵਜੂਦ ਕਾਂਗਰਸ ਪਾਰਟੀ ਵਲੋਂ ਉਕਤ ਸਮੱਸਿਆ ਹੱਲ ਨਾ ਕਰਨ ਕਰ ਕੇ ਕਾਂਗਰਸ ਪਾਰਟੀ ਵੀ ਕਟਹਿਰੇ ਵਿਚ ਹੈ। ਹੁਣ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਜਾਂ ਸੁਨੀਲ ਜਾਖੜ ਦੇ ਭਾਜਪਾ ਵਿਚ ਸ਼ਾਮਲ ਹੋ ਕੇ ਵਿਅਕਤੀ ਵਿਸ਼ੇਸ਼ ’ਤੇ ਦੋਸ਼ ਲਾ ਕੇ ਇਸ ਵਿਵਾਦ ਤੋਂ ਬਰੀ ਨਹੀਂ ਹੋ ਸਕਦੇ। ਹੁਣ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਦਿਖਾਏ ਜਾ ਰਹੇ ਤਿੱਖੇ ਤੇਵਰਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਕਤ ਪਾਰਟੀਆਂ ਇਸ ਮੁੱਦੇ ’ਤੇ ਸਿਰਫ਼ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੀਆਂ ਹਨ ਅਤੇ ਪੰਜਾਬ ਦੇ ਹਿਤਾਂ ਪ੍ਰਤੀ ਉਨ੍ਹਾਂ ਵਿਚ ਕੋਈ ਸੁਹਿਰਦਤਾ ਨਜ਼ਰ ਨਹੀਂ ਆ ਰਹੀ। ਪੰਜਾਬ ਵਾਸੀ ਪਾਣੀਆਂ ਦੀ ਰਾਖੀ ਦੇ ਮਾਮਲੇ ’ਤੇ ਇਕਜੁਟ ਹਨ, ਭਾਵੇਂ ਉਹ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਮੇਂ ਸਮੇਂ ਬਣੀਆਂ ਸਰਕਾਰਾਂ ਦੇ ਪਾਣੀਆਂ ਦੇ ਮੁੱਦੇ ’ਤੇ ਲਏ ਸ਼ੱਕੀ ਸਟੈਂਡ ਤੋਂ ਨਿਰਾਸ਼ ਅਤੇ ਪ੍ਰੇਸ਼ਾਨ ਹਨ ਪਰ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਮੁੱਦੇ ’ਤੇ ਕੋਈ ਅਣਗਹਿਲੀ, ਲਾਪ੍ਰਵਾਹੀ ਜਾਂ ਗ਼ਲਤੀ ਕੀਤੀ ਤਾਂ ਪੰਜਾਬ ਵਾਸੀ ਉਸ ਦੇ ਵੀ ਵਿਰੁਧ ਹੋਣ ਤੋਂ ਜਰਾ ਵੀ ਗੁਰੇਜ਼ ਨਹੀਂ ਕਰਨਗੇ।
ਕੀ ਹੈ ਐਸ.ਵਾਈ.ਐਲ. ਨਹਿਰ ਦਾ ਵਿਵਾਦ
ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 8 ਅਪੈ੍ਰਲ 1982 ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਆਪਸ ਵਿਚ ਜੋੜਨ ਲਈ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡ ਕਪੂਰੀ ਵਿਖੇ ਟਕ ਲਾ ਕੇ ਨਹਿਰ ਦੀ ਉਸਾਰੀ ਦਾ ਉਦਘਾਟਨ ਕੀਤਾ ਤਾਂ ਤੁਰਤ ਬਾਅਦ ਅਕਾਲੀ ਦਲ ਨੇ ਨਹਿਰ ਦੀ ਉਸਾਰੀ ਦੇ ਵਿਰੋਧ ਵਿਚ ਮੋਰਚਾ ਲਾ ਦਿਤਾ। ਪੂਰੇ ਇਕ ਦਹਾਕੇ ਤਕ ਗਰਮਾਏ ਸੰਕਟ ਦੇ ਮਾਹੌਲ ਵਿਚ ਸੱਤਾ ਪ੍ਰਾਪਤੀ ਲਈ ਰਾਜਸੀ ਪਾਰਟੀਆਂ ਦੀਆਂ ਗ਼ਲਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਅਪਣੇ ਪਿੰਡੇ ’ਤੇ ਜੋ ਸੰਤਾਪ ਭੋਗਿਆ ਅੱਜ ਵੀ ਯਾਦ ਕਰਦਿਆਂ ਰੂਹ ਕੰਬ ਜਾਂਦੀ ਹੈ।
ਜੂਨ 1984 ਨੂੰ ਦਰਬਾਰ ਸਾਹਿਬ ਵਿਖੇ ਨੀਲਾ ਤਾਰਾ ਆਪ੍ਰੇਸ਼ਨ ਤੋਂ ਬਾਅਦ 31 ਅਕਤੂਬਰ ਨੂੰ ਸੁਰੱਖਿਆ ਗਾਰਡਾਂ ਵਲੋਂ ਦਿੱਲੀ ਸਥਿਤ ਰਿਹਾਇਸ਼ ਵਿਖੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਇਕ ਸਿੱਖਾਂ ਦੀ ਜੋ ਦੁਰਦਸ਼ਾ ਹੋਈ, ਉਹ ਕਿਸੇ ਤੋਂ ਲੁਕੀ-ਛੁਪੀ ਨਹੀਂ ਹੈ। ਕੇਂਦਰ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਐਸਵਾਈਐਲ ਦਾ ਮੁੱਦਾ ਚਾਰ ਦਹਾਕੇ ਦਾ ਲੰਬਾ ਸਮਾਂ ਬੀਤਣ ਮਗਰੋਂ ਵੀ ਉਥੇ ਦਾ ਉਥੇ ਖੜਾ ਹੈ। ਐਨਾ ਵੱਡਾ ਨੁਕਸਾਨ ਉਠਾਉਣ ਤੋਂ ਬਾਅਦ ਪੰਜਾਬ ਨੇ ਕੁੱਝ ਖੱਟਿਆ ਨਹੀਂ, ਗੁਆਇਆ ਹੀ ਗੁਆਇਆ ਹੈ।