ਵੈਲੇਨਟਾਈਨ ਡੇਅ ਨੂੰ 'ਕਾਓ ਹੱਗ ਡੇ' ਵਜੋਂ ਮਨਾਉਣ ਦਾ ਬਣਿਆ ਮਜ਼ਾਕ
ਸ਼ਿਵ ਸੈਨਾ ਊਧਵ ਠਾਕਰੇ ਧੜੇ ਨੇ ਅਡਾਨੀ ਨੂੰ ਦੱਸਿਆ 'ਪ੍ਰਧਾਨ ਮੰਤਰੀ ਦੀ ਪਵਿੱਤਰ ਗਾਂ'
ਮੁੰਬਈ - ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ 14 ਫਰਵਰੀ ਨੂੰ ਮਨਾਏ ਜਾਂਦੇ ਵੈਲੇਨਟਾਈਨ ਡੇ ਨੂੰ 'ਕਾਓ ਹੱਗ ਡੇ' ਵਜੋਂ ਮਨਾਉਣ ਦੀ ਪਹਿਲਕਦਮੀ ਦਾ ਮਜ਼ਾਕ ਉਡਾਉਂਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਤੰਜ ਕੱਸਦਿਆਂ ਦਾਅਵਾ ਕੀਤਾ ਕਿ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਪ੍ਰਧਾਨ ਮੰਤਰੀ ਲਈ 'ਪਵਿੱਤਰ ਗਾਂ' ਹਨ।
ਐਨੀਮਲ ਵੈਲਫ਼ੇਅਰ ਬੋਰਡ ਆਫ਼ ਇੰਡੀਆ (ਏ.ਡਬਲਿਊ.ਬੀ.ਆਈ.) ਨੇ ਲੋਕਾਂ ਨੂੰ 'ਸਕਾਰਾਤਮਕ ਊਰਜਾ' ਫੈਲਾਉਣ ਅਤੇ 'ਸਮੂਹਿਕ ਖੁਸ਼ੀ' ਨੂੰ ਉਤਸ਼ਾਹਿਤ ਕਰਨ ਲਈ ਵੈਲੇਨਟਾਈਨ ਦਿਵਸ ਨੂੰ 'ਕਾਓ ਹੱਗ ਡੇ' ਵਜੋਂ ਮਨਾਉਣ ਦੀ ਸਲਾਹ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਨੇ ਇਸ ਕਦਮ ਦਾ ਸਮਰਥਨ ਕੀਤਾ ਹੈ, ਜਦਕਿ ਇਸ ਦਾ ਮਜ਼ਾਕ ਉਡਾਉਣ ਵਾਲੇ ਕਈ 'ਮੀਮਜ਼' ਵੀ ਸਾਹਮਣੇ ਆਏ ਹਨ
ਅਮਰੀਕਾ ਸਥਿਤ ਵਿੱਤੀ ਖੋਜ ਕੰਪਨੀ ਹਿੰਡਨਬਰਗ ਰਿਸਰਚ ਵੱਲੋਂ ਗੌਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ 'ਤੇ ਜਾਅਲੀ ਲੈਣ-ਦੇਣ ਅਤੇ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾਫ਼ੇਰੀ ਸਮੇਤ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਪਿਛਲੇ ਕੁਝ ਹਫਤਿਆਂ 'ਚ ਸਮੂਹ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਦੂਜੇ ਪਾਸੇ ਅਡਾਨੀ ਗਰੁੱਪ ਨੇ ਕਿਹਾ ਹੈ ਕਿ ਉਹ ਸਾਰੇ ਕਨੂੰਨਾਂ ਅਤੇ ਸੂਚਨਾ ਖੁਲਾਸੇ ਦੀਆਂ ਜ਼ਰੂਰਤਾਂ ਦਾ ਪਾਲਣ ਕਰਦਾ ਹੈ।
ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੇ ਸੰਪਾਦਕੀ 'ਚ ਸ਼ਿਵ ਸੈਨਾ ਦੇ ਊਧਵ ਧੜੇ ਨੇ ਕਿਹਾ ਕਿ ਅਡਾਨੀ ਖ਼ਿਲਾਫ਼ ਸੰਸਦ 'ਚ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ 'ਘਪਲੇ' 'ਤੇ ਇੱਕ ਵੀ ਸ਼ਬਦ ਨਹੀਂ ਬੋਲਿਆ।
'ਸਾਮਨਾ' ਦੇ ਸੰਪਾਦਕੀ ਵਿੱਚ ਕਿਹਾ ਗਿਆ ਹੈ, "ਲੋਕ ਅਡਾਨੀ ਘੁਟਾਲੇ 'ਤੇ ਪ੍ਰਧਾਨ ਮੰਤਰੀ ਤੋਂ ਸਪੱਸ਼ਟੀਕਰਨ ਚਾਹੁੰਦੇ ਹਨ, ਪਰ ਮੋਦੀ ਸਰਕਾਰ ਨੇ ਲੋਕਾਂ ਨੂੰ ਚੁੱਪ ਕਰਵਾਉਣ ਲਈ ਇੱਕ ਵਾਰ ਫ਼ੇਰ ਧਰਮ ਦੀ ਖੁਰਾਕ ਦਿੱਤੀ ਹੈ। ਮੋਦੀ ਨੇ ਸੰਸਦ ਵਿੱਚ ਅਡਾਨੀ ਦੀ ਗੱਲ ਨਹੀਂ ਕੀਤੀ, ਪਰ ਉਨ੍ਹਾਂ ਦੀ ਸਰਕਾਰ ਨੇ ਗਾਵਾਂ ਦੀ ਗੱਲ ਕੀਤੀ।"
ਸੰਪਾਦਕੀ 'ਚ ਕਿਹਾ ਗਿਆ ਹੈ, ''ਅਡਾਨੀ ਸ਼ੇਅਰ ਬਾਜ਼ਾਰ ਦਾ 'ਵੱਡਾ ਬਲਦ' ਹੈ, ਪਰ ਮੋਦੀ ਲਈ ਉਹ 'ਪਵਿੱਤਰ ਗਾਂ' ਹੈ।
ਸ਼ਿਵ ਸੈਨਾ ਦੇ ਸੰਪਾਦਕੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਸ ਸਾਲ ਕਈ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਲੋਕ ਸਭਾ ਚੋਣਾਂ ਵਿੱਚ ਸਿਰਫ਼ ਇੱਕ ਸਾਲ ਬਾਕੀ ਹੈ। ਅਜਿਹੇ 'ਚ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਸਰਕਾਰ ਕੋਲ ਵਿਕਾਸ ਨੂੰ ਲੈ ਕੇ ਦਿਖਾਉਣ ਲਈ ਬਹੁਤਾ ਕੁਝ ਨਹੀਂ ਹੈ, ਇਸ ਲਈ ਇਹ ਰਾਮ ਮੰਦਰ ਅਤੇ ਗਊਆਂ ਵਰਗੇ ਮੁੱਦਿਆਂ ਦੇ ਨਾਂਅ 'ਤੇ ਵੋਟਾਂ ਮੰਗ ਰਹੀ ਹੈ।
ਇੱਤਫ਼ਾਕ ਨਾਲ, ਅਡਾਨੀ ਨੇ ਪਿਛਲੇ ਸਾਲ ਸਤੰਬਰ ਵਿੱਚ ਸ਼ਿਵ ਸੈਨਾ ਦੇ ਯੂ.ਬੀ.ਟੀ. ਧੜੇ ਦੇ ਮੁਖੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ ਸੀ।