'ਨਹਿਰੂ ਨਾਂਅ' 'ਤੇ ਪਲਟਵਾਰ, ਭਾਰਤ 'ਚ ਆਪਣੇ ਨਾਨੇ ਦਾ ਗੋਤ ਕੌਣ ਲਗਾਉਂਦਾ ਹੈ?- ਕਾਂਗਰਸ
ਜੇਕਰ ਮੋਦੀ ਨੂੰ ਆਪਣੇ ਦੇਸ਼ ਦੀ ਸੰਸਕ੍ਰਿਤੀ ਬਾਰੇ ਜਾਣਕਾਰੀ ਨਹੀਂ ਹੈ, ਫ਼ੇਰ ਤਾਂ ਦੇਸ਼ ਨੂੰ ਭਗਵਾਨ ਹੀ ਬਚਾਵੇ - ਸੁਰਜੇਵਾਲਾ
ਨਵੀਂ ਦਿੱਲੀ - ਕਾਂਗਰਸ ਨੇ ਗਾਂਧੀ ਪਰਿਵਾਰ ਵੱਲੋਂ ਆਪਣੇ ਨਾਵਾਂ ਨਾਲ ਨਹਿਰੂ ਉਪ-ਨਾਂਅ ਭਾਵ ਗੋਤ ਨਾ ਲਗਾਉਣ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਲਟਵਾਰ ਕਰਦਿਆਂ ਕਿਹਾ ਕਿ ਅਜਿਹੀਆਂ ਗੱਲਾਂ ਉਹੀ ਵਿਅਕਤੀ ਕਰੇਗਾ ਜਿਸ ਨੂੰ ਭਾਰਤ ਦੇ ਸੱਭਿਆਚਾਰ ਦੀ ਸਮਝ ਨਹੀਂ ਹੈ।
ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਭਾਰਤ ਵਿੱਚ ਕਿਹੜਾ ਇਨਸਾਨ ਆਪਣੇ ਨਾਂਅ ਨਾਲ ਆਪਣੇ ਨਾਨੇ ਦਾ ਉਪ-ਨਾਂਅ ਲਾਉਂਦਾ ਹੈ?
ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਭਾਰਤ ਦੀ ਸੰਸਕ੍ਰਿਤੀ ਨੂੰ ਨਾ ਸਮਝਣ ਵਾਲਾ ਵਿਅਕਤੀ ਹੀ ਅਜਿਹੀ ਗੱਲ ਕਰ ਸਕਦਾ ਹੈ, ਜਿਹੜੀ ਪ੍ਰਧਾਨ ਮੰਤਰੀ ਨੇ ਕੀਤੀ ਹੈ। ਇਸ ਦੇਸ਼ ਵਿੱਚ ਆਪਣੇ ਨਾਨੇ ਦਾ ਸਰਨੇਮ ਕੌਣ ਲਗਾਉਂਦਾ ਹੈ?"
ਸੁਰਜੇਵਾਲਾ ਨੇ ਕਿਹਾ, ''ਜੇਕਰ ਉਨ੍ਹਾਂ (ਮੋਦੀ) ਨੂੰ ਆਪਣੇ ਦੇਸ਼ ਦੀ ਸੰਸਕ੍ਰਿਤੀ ਬਾਰੇ ਜਾਣਕਾਰੀ ਨਹੀਂ ਹੈ, ਫ਼ੇਰ ਤਾਂ ਦੇਸ਼ ਨੂੰ ਭਗਵਾਨ ਹੀ ਬਚਾਵੇ।''
ਵੀਰਵਾਰ ਨੂੰ ਰਾਜ ਸਭਾ 'ਚ ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸੇਧਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਦੀ ਪੀੜ੍ਹੀ ਦਾ ਵਿਅਕਤੀ ਨਹਿਰੂ ਉਪ-ਨਾਂਅ ਰੱਖਣ ਤੋਂ ਡਰਦਾ ਕਿਉਂ ਹੈ?
ਉਨ੍ਹਾਂ ਕਿਹਾ ਸੀ, “ਕੀ ਸ਼ਰਮਿੰਦਗੀ ਹੈ ਉਪ-ਨਾਂਅ ਰੱਖਣ ਵਿੱਚ? ਜੇ ਤੁਸੀਂ ਐਨੀ ਮਹਾਨ ਸ਼ਖਸੀਅਤ ਤੁਹਾਨੂੰ ਮਨਜ਼ੂਰ ਨਹੀਂ ਹੈ... ਪਰਿਵਾਰ ਨੂੰ ਮਨਜ਼ੂਰ ਨਹੀਂ ਹੈ... ਤੇ ਸਾਡਾ ਹਿਸਾਬ ਮੰਗਦੇ ਰਹਿੰਦੇ ਹੋ।"