Lok Sabha Elections: ਹਿਸਾਰ ਤੋਂ ਭਾਜਪਾ MP ਬ੍ਰਿਜੇਂਦਰ ਸਿੰਘ ਨੇ ਦਿਤਾ ਅਸਤੀਫ਼ਾ; ਕਾਂਗਰਸ 'ਚ ਹੋਏ ਸ਼ਾਮਲ
ਬ੍ਰਿਜੇਂਦਰ ਸਿੰਘ ਭਾਜਪਾ ਨੇਤਾ ਬੀਰੇਂਦਰ ਸਿੰਘ ਦੇ ਬੇਟੇ ਹਨ।
Lok Sabha Elections: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਿਸਾਰ ਤੋਂ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ।
ਬ੍ਰਿਜੇਂਦਰ ਸਿੰਘ ਭਾਜਪਾ ਨੇਤਾ ਬੀਰੇਂਦਰ ਸਿੰਘ ਦੇ ਬੇਟੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਅਪਣੇ ਅਸਤੀਫੇ ਦੀ ਜਾਣਕਾਰੀ ਦਿਤੀ ਅਤੇ ਇਸ ਤੋਂ ਬਾਅਦ ਉਹ ਨਵੀਂ ਦਿੱਲੀ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਵਿਰੋਧੀ ਪਾਰਟੀ 'ਚ ਸ਼ਾਮਲ ਹੋ ਗਏ।
ਬ੍ਰਿਜੇਂਦਰ ਸਿੰਘ ਨੇ ਇਕ ਪੋਸਟ ਵਿਚ ਕਿਹਾ, “ਮੈਂ ਲਾਜ਼ਮੀ ਸਿਆਸੀ ਕਾਰਨਾਂ ਕਰਕੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਹੈ। ਮੈਨੂੰ ਹਿਸਾਰ ਤੋਂ ਸੰਸਦ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ।''
ਬ੍ਰਿਜੇਂਦਰ ਸਿੰਘ ਦੇ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਜੈ ਮਾਕਨ , ਮੁਕੁਲ ਵਾਸਨਿਕ ਅਤੇ ਦੀਪਕ ਬਾਬਰੀਆ ਵੀ ਖੜਗੇ ਦੀ ਰਿਹਾਇਸ਼ 'ਤੇ ਮੌਜੂਦ ਸਨ। ਕਾਂਗਰਸ ਸੂਤਰਾਂ ਨੇ ਦਸਿਆ ਕਿ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਸਿੰਘ ਦਾ ਹਿਸਾਰ ਤੋਂ ਪਾਰਟੀ ਉਮੀਦਵਾਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ।
ਪ੍ਰਸ਼ਾਸਨਿਕ ਅਧਿਕਾਰੀ ਤੋਂ ਸਿਆਸਤਦਾਨ ਬਣੇ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਹਿਸਾਰ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਜਨਨਾਇਕ ਜਨਤਾ ਪਾਰਟੀ ਦੇ ਦੁਸ਼ਯੰਤ ਚੌਟਾਲਾ ਅਤੇ ਭਵਿਆ ਬਿਸ਼ਨੋਈ ਜੋ ਉਸ ਸਮੇਂ ਕਾਂਗਰਸ ਵਿੱਚ ਸਨ, ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
(For more Punjabi news apart from Hisar BJP MP Brijendra Singh joins Congress before Lok Sabha Elections, stay tuned to Rozana Spokesman)