ਕਰਤਾਰਪੁਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਆਮ ਆਦਮੀ ਪਾਰਟੀ 'ਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਰਵਾਇਆ ਪਾਰਟੀ 'ਚ ਸ਼ਾਮਲ
Former Congress MLA from Kartarpur Surinder Chaudhary joins Aam Aadmi Party
ਕਰਤਾਰਪੁਰ : ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਸਿਆਸੀ ਫੇਰਬਦਲ ਜ਼ੋਰਾਂ 'ਤੇ ਹੈ। ਅੱਜ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ।
ਦੱਸ ਦਈਏ ਕਿ ਆਪ ‘ਚ ਸ਼ਾਮਲ ਹੋਣ ਵਾਲੇ ਸੁਰਿੰਦਰ ਚੌਧਰੀ ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਭਤੀਜੇ ਹਨ। ਉਹ 2017 ਵਿਚ ਇੱਥੋਂ ਵਿਧਾਇਕ ਰਹਿ ਚੁੱਕੇ ਹਨ। ਸੁਰਿੰਦਰ ਚੌਧਰੀ ਦੇ 'ਆਪ' ਵਿਚ ਸ਼ਾਮਲ ਹੋਣ ਨਾਲ ਚੌਧਰੀ ਪਰਿਵਾਰ ਦੇ ਦੋ ਧੜੇ ਬਣ ਗਏ ਹਨ। ਇਕ ਕਾਂਗਰਸ ਨਾਲ ਹੈ ਅਤੇ ਦੂਜਾ 'ਆਪ' ਨਾਲ ਹੈ।
ਇਸ ਮੌਕੇ ਸੁਰਿੰਦਰ ਚੌਧਰੀ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਕਦਮ ਚੁੱਕਿਆ ਹੈ। ਸੁਰਿੰਦਰ ਚੌਧਰੀ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸਿਰਫ਼ ਭਗਵੰਤ ਮਾਨ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਜਲੰਧਰ 'ਚ 10 ਮਈ ਨੂੰ ਲੋਕ ਸਭਾ ਉਪ ਚੋਣ ਹੋਣ ਜਾ ਰਹੀ ਹੈ।