Lok Sabha Elections: ਕਾਂਗਰਸ 'ਚ ਨਹੀਂ ਸ਼ਾਮਲ ਹੋਣਗੇ ਸਿਮਰਜੀਤ ਬੈਂਸ! ਕਾਂਗਰਸ ਆਗੂਆਂ ਦੇ ਵਿਰੋਧ ਤੋਂ ਬਾਅਦ ਹਾਈਕਮਾਂਡ ਨੇ ਬਦਲਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਚਰਚਾ ਹੈ ਕਿ ਹੁਣ ਕਾਂਗਰਸ ਲੁਧਿਆਣਾ ਤੋਂ ਸੰਸਦ ਮੈਂਬਰ ਰਹੇ ਮਨੀਸ਼ ਤਿਵਾੜੀ ਜਾਂ ਸੰਜੇ ਤਲਵਾੜ 'ਤੇ ਅਪਣਾ ਦਾਅ ਖੇਡ ਸਕਦੀ ਹੈ।

Simarjit Bains will not join Congress; says sources

Lok Sabha Elections:  ਲੋਕ ਸਭਾ ਸੀਟ ਲੁਧਿਆਣਾ 'ਤੇ ਭਾਜਪਾ ਨੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇ ਕੇ ਮੈਦਾਨ 'ਚ ਉਤਾਰਿਆ ਹੈ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਦੇਣ ਸਬੰਧੀ ਉਨ੍ਹਾਂ ਦੀਆਂ ਕਾਂਗਰਸ ਹਾਈਕਮਾਂਡ ਨਾਲ ਕਈ ਮੀਟਿੰਗਾਂ ਹੋਈਆਂ। ਖ਼ਬਰਾਂ ਹਨ ਕਿ ਜ਼ਿਲ੍ਹਾ ਪੱਧਰੀ ਕਾਂਗਰਸੀ ਆਗੂ ਬੈਂਸ ਨੂੰ ਟਿਕਟ ਦੇਣ ਦੇ ਖ਼ਿਲਾਫ਼ ਹਨ। ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਵਲੋਂ ਬੈਂਸ ਨੂੰ ਟਿਕਟ ਦੇਣ ਦੇ ਫੈਸਲੇ 'ਤੇ ਫਿਲਹਾਲ ਬ੍ਰੇਕ ਲਗਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਸੂਤਰਾਂ ਅਨੁਸਾਰ ਬੀਤੇ ਦਿਨ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਹਲਕੇ ਦੇ ਕਾਂਗਰਸੀ ਆਗੂਆਂ ਦੇ ਬਾਗੀ ਸੁਰ ਨੂੰ ਦੇਖਦਿਆਂ ਹਾਈਕਮਾਂਡ ਨੇ ਸਿਮਰਜੀਤ ਸਿੰਘ ਬੈਂਸ ਨੂੰ ਟਿਕਟ ਦੇਣ ਤੋਂ ਗੁਰੇਜ਼ ਕੀਤਾ ਹੈ। ਇਸ ਤੋਂ ਪਹਿਲਾਂ ਬੈਂਸ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਵੀ ਖ਼ਬਰਾਂ ਆਈਆਂ ਸਨ। ਚਰਚਾ ਹੈ ਕਿ ਹੁਣ ਕਾਂਗਰਸ ਲੁਧਿਆਣਾ ਤੋਂ ਸੰਸਦ ਮੈਂਬਰ ਰਹੇ ਮਨੀਸ਼ ਤਿਵਾੜੀ ਜਾਂ ਸੰਜੇ ਤਲਵਾੜ 'ਤੇ ਅਪਣਾ ਦਾਅ ਖੇਡ ਸਕਦੀ ਹੈ।

ਕਰੀਬ ਦੋ ਦਿਨ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਈਸ਼ਵਰਜੋਤ ਚੀਮਾ ਨੇ ਵਿਧਾਇਕ ਕੁਲਦੀਪ ਵੈਦ ਦੇ ਘਰ ਬੰਦ ਕਮਰਾ ਮੀਟਿੰਗ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਅਪਣਾ ਫੈਸਲਾ ਹਾਈਕਮਾਂਡ ਨੂੰ ਸੌਂਪ ਦਿਤਾ ਸੀ।

ਪਤਾ ਲੱਗਿਆ ਹੈ ਕਿ ਮੀਟਿੰਗ ਦੌਰਾਨ ਇਨ੍ਹਾਂ ਆਗੂਆਂ ਨੇ ਹਾਈਕਮਾਂਡ ਨੂੰ ਸਪੱਸ਼ਟ ਕਿਹਾ ਕਿ ਜੇਕਰ ਉਹ ਪਾਰਟੀ ਨਾਲ ਜੁੜੇ ਕਿਸੇ ਆਗੂ ਨੂੰ ਟਿਕਟ ਦਿੰਦੇ ਹਨ ਤਾਂ ਉਹ ਉਸ ਦਾ ਸਮਰਥਨ ਕਰਨਗੇ ਪਰ ਜੇਕਰ ਪਾਰਟੀ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਤਾਂ ਉਹ ਉਸ ਦਾ ਸਮਰਥਨ ਨਹੀਂ ਕਰ ਸਕਦੇ।

(For more Punjabi news apart from Simarjit Bains will not join Congress; says sources, stay tuned to Rozana Spokesman)